
ਚੰਡੀਗੜ੍ਹ, 21 ਮਈ 2026: ਪੰਜਾਬ ਵਿੱਚ ਲਗਾਤਾਰ ਵੱਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ Mahendra Chaudhary Zoological Park ਵੱਲੋਂ ਜਾਨਵਰਾਂ ਦੀ ਸਿਹਤ, ਸੁਵਿਧਾ ਅਤੇ ਹਾਈਡਰੇਸ਼ਨ ਨੂੰ ਯਕੀਨੀ ਬਣਾਉਣ ਲਈ ਗਰਮੀਆਂ ਦੀ ਵਿਸ਼ੇਸ਼ ਖੁਰਾਕ ਅਤੇ ਦੇਖਭਾਲ ਯੋਜਨਾ ਲਾਗੂ ਕੀਤੀ ਗਈ ਹੈ। ਚਿੜੀਆਘਰ ਪ੍ਰਬੰਧਨ ਦਾ ਕਹਿਣਾ ਹੈ ਕਿ ਤਪਦੀਆਂ ਗਰਮੀਆਂ ਦੌਰਾਨ ਜਾਨਵਰਾਂ ਨੂੰ ਠੰਢਕ ਅਤੇ ਪੂਰਾ ਪੋਸ਼ਣ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ।
ਗਰਮੀ ਦੇ ਵਧਦੇ ਪ੍ਰਭਾਵ ਨਾਲ ਨਜਿੱਠਣ ਲਈ ਚਿੜੀਆਘਰ ਵਿੱਚ ਰਹਿੰਦੇ ਹਰ ਰਿੱਛ ਨੂੰ ਰੋਜ਼ਾਨਾ ਕਰੀਬ 100 ਕਿਲੋਗ੍ਰਾਮ ਆਈਸ ਕਿਊਬ ਦਿੱਤੇ ਜਾ ਰਹੇ ਹਨ, ਤਾਂ ਜੋ ਉਹ ਆਪਣੇ ਆਪ ਨੂੰ ਠੰਢਾ ਰੱਖ ਸਕਣ। ਇਸ ਦੇ ਨਾਲ ਹੀ ਰਿੱਛਾਂ, ਹਾਥੀਆਂ ਅਤੇ ਬਾਂਦਰਾਂ ਨੂੰ ਤਾਜ਼ੇ ਅਤੇ ਰਸਦਾਰ ਤਰਬੂਜ਼ ਖੁਆਏ ਜਾ ਰਹੇ ਹਨ, ਜੋ ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਕਰਨ ਦੇ ਨਾਲ ਗਰਮੀ ਤੋਂ ਵੀ ਰਾਹਤ ਦਿੰਦੇ ਹਨ।
ਚਿੜੀਆਘਰ ਪ੍ਰਬੰਧਕਾਂ ਮੁਤਾਬਕ, ਗਰਮ ਮੌਸਮ ਵਿੱਚ ਜਾਨਵਰਾਂ ਦੇ ਸਰੀਰ ਵਿੱਚ ਤਰਲ ਅਤੇ ਇਲੈਕਟ੍ਰੋਲਾਈਟ ਦੀ ਕਮੀ ਆਮ ਗੱਲ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਮਾਸਾਹਾਰੀ ਅਤੇ ਸਰਬ ਆਹਾਰੀ ਜਾਨਵਰਾਂ ਦੇ ਪੀਣ ਵਾਲੇ ਪਾਣੀ ਵਿੱਚ ਗਲੂਕੋਨ-ਡੀ ਮਿਲਾਇਆ ਜਾ ਰਿਹਾ ਹੈ, ਤਾਂ ਜੋ ਉਹਨਾਂ ਦੀ ਊਰਜਾ ਬਣੀ ਰਹੇ ਅਤੇ ਡੀਹਾਈਡਰੇਸ਼ਨ ਤੋਂ ਬਚਾਵ ਹੋ ਸਕੇ।
ਗਰਮੀਆਂ ਦੇ ਮੌਸਮ ਅਨੁਸਾਰ ਜਾਨਵਰਾਂ ਦੀ ਖੁਰਾਕ ਵਿੱਚ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਕੇਲਿਆਂ ਦੀ ਥਾਂ ਹੁਣ ਪਪੀਤਾ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਹਲਕਾ ਅਤੇ ਪਚਣ ਵਿੱਚ ਆਸਾਨ ਹੁੰਦਾ ਹੈ ਅਤੇ ਇਸ ਵਿੱਚ ਪਾਣੀ ਦੀ ਮਾਤਰਾ ਵੀ ਵੱਧ ਹੁੰਦੀ ਹੈ। ਇਸੇ ਤਰ੍ਹਾਂ ਸ਼ਾਕਾਹਾਰੀ ਜਾਨਵਰਾਂ ਅਤੇ ਪੰਛੀਆਂ ਲਈ ਪੱਤਾ ਗੋਭੀ ਦੀ ਥਾਂ ਪਾਲਕ ਅਤੇ ਮੂਲੀ ਦੀ ਥਾਂ ਖੀਰੇ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਸਰੀਰ ਨੂੰ ਠੰਢਕ ਅਤੇ ਵਧੀਆ ਹਾਈਡਰੇਸ਼ਨ ਪ੍ਰਦਾਨ ਕਰਦੇ ਹਨ।
ਚਿੜੀਆਘਰ ਦੇ ਪਸ਼ੂ ਡਾਕਟਰਾਂ ਅਤੇ ਦੇਖਭਾਲ ਸਟਾਫ ਵੱਲੋਂ ਜਾਨਵਰਾਂ ਦੀ ਸਿਹਤ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਪ੍ਰਬੰਧਨ ਨੇ ਦੱਸਿਆ ਕਿ ਗਰਮੀਆਂ ਦੇ ਦੌਰਾਨ ਹਰ ਜਾਨਵਰ ਲਈ ਖਾਸ ਸਾਵਧਾਨੀਆਂ ਅਤੇ ਪੋਸ਼ਣ ਯੋਜਨਾਵਾਂ ਤਹਿਤ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਉਹਨਾਂ ਨੂੰ ਤਪਸ਼ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ।
