
ਚੰਡੀਗੜ੍ਹ, 22 ਫਰਵਰੀ 2026: ਫਾਜ਼ਿਲਕਾ ਦੇ ਬਸਤੀ ਹਜ਼ੂਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਖਰਾਬ ਹਾਲਤ ਬਾਰੇ ਜਾਣਕਾਰੀ ਮਿਲਦੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਤੁਰੰਤ ਸਕੂਲ ਦੀ ਇਮਾਰਤ ਨੂੰ ਨਵੇਂ ਸਿਰੇ ਤੋਂ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਫੌਰੀ ਕਾਰਵਾਈ ਕਰਦਿਆਂ ਸਕੂਲ ਸਿੱਖਿਆ ਵਿਭਾਗ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਨਵੀਂ ਇਮਾਰਤ ਛੇ ਮਹੀਨਿਆਂ ਦੇ ਅੰਦਰ ਤਿਆਰ ਕਰ ਲਈ ਜਾਵੇਗੀ, ਜਿਸ ਦੀ ਉਹ ਖੁਦ ਨਿਗਰਾਨੀ ਕਰਨਗੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਬਸਤੀ ਹਜ਼ੂਰ ਦੇ ਇਸ ਸਕੂਲ ਦੀ ਮਾੜੀ ਹਾਲਤ ਬਾਰੇ ਮਾਮਲਾ ਕੱਲ੍ਹ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਉਹ ਖੁਦ ਵੀ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਅਗਲੇ ਛੇ ਮਹੀਨਿਆਂ ਵਿੱਚ ਇਸ ਸਕੂਲ ਨੂੰ ਨਵੀਂ ਇਮਾਰਤ ਮਿਲੇਗੀ ਅਤੇ ਇਹ ਕੋਈ ਸਿਆਸੀ ਬਿਆਨ ਨਹੀਂ, ਸਗੋਂ ਉਨ੍ਹਾਂ ਦੀ ਨਿੱਜੀ ਗਰੰਟੀ ਹੈ।
ਸੂਬੇ ਵਿੱਚ ਸਕੂਲੀ ਬੁਨਿਆਦੀ ਢਾਂਚੇ ਦੇ ਸੁਧਾਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ 20,000 ਸਰਕਾਰੀ ਸਕੂਲ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਕੂਲ ਪਿਛਲੀਆਂ ਸਰਕਾਰਾਂ ਦੀ ਲੰਬੇ ਸਮੇਂ ਦੀ ਅਣਗਹਿਲੀ ਕਾਰਨ ਬਹੁਤ ਹੀ ਜਰਜਰ ਹਾਲਤ ਵਿੱਚ ਮਿਲੇ ਸਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ਦੌਰਾਨ ਸੈਂਕੜਿਆਂ ਸਕੂਲਾਂ ਦੀ ਤਸਵੀਰ ਬਦਲੀ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਸਰਕਾਰ ਦਾ ਟੀਚਾ ਸੂਬੇ ਦੇ ਸਾਰੇ 20,000 ਸਕੂਲਾਂ ਦੀ ਕਾਇਆਕਲਪ ਕਰਨਾ ਹੈ ਅਤੇ ਇਸ ਦਿਸ਼ਾ ਵਿੱਚ ਪੂਰੀ ਵਚਨਬੱਧਤਾ ਅਤੇ ਪਾਰਦਰਸ਼ਤਾ ਨਾਲ ਕੰਮ ਕੀਤਾ ਜਾ ਰਿਹਾ ਹੈ।
ਸਿੱਖਿਆ ਸੁਧਾਰਾਂ ਪ੍ਰਤੀ ਆਪਣੀ ਸਮਰਪਣ ਭਾਵਨਾ ਦੁਹਰਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਵੱਡੇ ਦਾਵਿਆਂ ਦੀ ਗੱਲ ਨਹੀਂ, ਸਗੋਂ ਜਵਾਬਦੇਹੀ ਅਤੇ ਲਗਾਤਾਰ ਕਾਰਵਾਈ ਦਾ ਯਤਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਉਨ੍ਹਾਂ ਲਈ ਰਾਜਨੀਤੀ ਨਹੀਂ, ਬਲਕਿ ਇੱਕ ਜਨੂੰਨ ਅਤੇ ਵੱਡੀ ਜ਼ਿੰਮੇਵਾਰੀ ਹੈ।
