
ਚੰਡੀਗੜ੍ਹ, 24 ਮਾਰਚ 2026: ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਅੱਜ ਡੀ.ਏ.ਵੀ. ਕਾਲਜ, ਸੈਕਟਰ-10 ਵਿੱਚ ਤਿੰਨ ਦਿਨਾਂ ਸੱਭਿਆਚਾਰਕ ਸਮਾਗਮ “ਕਾਰਵਾਂ 2026” ਦਾ ਸ਼ੁਭ ਆਗਾਜ਼ ਕੀਤਾ। ਉਦਘਾਟਨੀ ਦਿਨ ਸੰਸਥਾ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ, ਜਿਸ ਨਾਲ ਮਾਹੌਲ ਦੇਸ਼ਭਗਤੀ ਨਾਲ ਭਰਪੂਰ ਹੋ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਸੰਸਥਾ ਦੀ ਸੱਭਿਆਚਾਰਕ ਮਹੱਤਤਾ ਅਤੇ ਰਾਸ਼ਟਰੀ ਮੁੱਲਾਂ ਪ੍ਰਤੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰੇਰਣਾ ਲੈਣ ਅਤੇ ਪਾਠ ਪੁਸਤਕਾਂ ਤੋਂ ਇਲਾਵਾ ਵਿਆਪਕ ਗਿਆਨ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ ਕਿ ਅਸੀਂ ਇਸ ਦਿਨ ਸਿਰਫ਼ ਸ਼ਹੀਦਾਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਦੇ ਆਦਰਸ਼ਾਂ ਨੂੰ ਵੀ ਯਾਦ ਕਰਦੇ ਹਾਂ। ਸ਼ਹੀਦ ਭਗਤ ਸਿੰਘ ਨੇ ਆਜ਼ਾਦੀ ਲਈ ਲੜਦੇ ਹੋਏ ਇਕ ਐਸੇ ਸਮਾਜ ਦਾ ਸੁਪਨਾ ਦੇਖਿਆ ਸੀ ਜੋ ਸ਼ੋਸ਼ਣ, ਭੁੱਖਮਰੀ ਅਤੇ ਅਸਮਾਨਤਾ ਤੋਂ ਮੁਕਤ ਹੋਵੇ। “ਕਾਰਵਾਂ 2026” ਇਸ ਗੱਲ ਦਾ ਪ੍ਰਤੀਕ ਹੈ ਕਿ ਡੀ.ਏ.ਵੀ. ਕਾਲਜ ਅਜਿਹੇ ਨਾਗਰਿਕ ਤਿਆਰ ਕਰ ਰਿਹਾ ਹੈ ਜੋ ਸਹੀ ਤੇ ਗਲਤ ਵਿਚ ਫ਼ਰਕ ਕਰ ਸਕਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਵਾਂ ਨੂੰ ਅੱਗੇ ਵਧਾਉਣ ਅਤੇ ‘ਰੰਗਲਾ ਪੰਜਾਬ’ ਤੇ ਮਜ਼ਬੂਤ ਭਾਰਤ ਦੀ ਨਿਰਮਾਣ ਵਿੱਚ ਯੋਗਦਾਨ ਪਾਉਣ।
ਸ਼ਹੀਦ ਭਗਤ ਸਿੰਘ ਦੀ ਭਾਣਜੀ ਸ੍ਰੀਮਤੀ ਗੁਰਜੀਤ ਕੌਰ ਢੱਟ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਬਣਾਇਆ। ਉਨ੍ਹਾਂ ਆਪਣੇ ਮਾਮੇ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਉੱਚ ਆਦਰਸ਼ਾਂ ਨੂੰ ਯਾਦ ਕਰਦਿਆਂ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ, ਜਿਸ ਨੇ ਸਭ ਨੂੰ ਪ੍ਰਭਾਵਿਤ ਕੀਤਾ।
ਕਾਲਜ ਦੀ ਪ੍ਰਿੰਸੀਪਲ ਡਾ. ਮੋਨਾ ਨਾਰੰਗ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਮਾਗਮ ਦੀ ਸ਼ੁਰੂਆਤ ਕੀਤੀ। ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਦੇਸ਼ਭਗਤੀ ਗੀਤਾਂ, ਨਾਟਕਾਂ ਅਤੇ ਕਵਿਤਾਵਾਂ ਰਾਹੀਂ ਦੇਸ਼ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਉਜਾਗਰ ਕੀਤਾ ਗਿਆ। ਗੁਰਵਿੰਦਰ ਅਤੇ ਕਰਸ਼ੁਭਜੀਤ ਸਿੰਘ ਵੱਲੋਂ ਪੇਸ਼ ਕੀਤੀ “ਭਗਤ ਸਿੰਘ ਦੀ ਵਾਰ” ਨੇ ਸਭ ਦਾ ਦਿਲ ਜੀਤ ਲਿਆ। ਗੁਰਪ੍ਰੀਤ ਕੌਰ ਅਤੇ ਗੁਰਕਮਲ ਸਿੰਘ ਦੀ ਕਵਿਤਾ ਅਤੇ ਗਾਇਕ ਮੰਨਾ ਮੰਡ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮੋਹ ਲਿਆ।
ਇਸ ਮੌਕੇ ਗਵਰਨਿੰਗ ਬਾਡੀ ਦੇ ਮੈਂਬਰ ਪ੍ਰਿੰਸੀਪਲ ਆਰ. ਸੀ. ਜੀਵਨ ਸਮੇਤ ਹੋਰ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ। ਸਮਾਗਮ ਦਾ ਸੰਚਾਲਨ ਡਾ. ਸੁਮਿਤਾ ਬਖਸ਼ੀ, ਡਾ. ਪੂਰਨਿਮਾ ਸਹਿਗਲ ਅਤੇ ਡਾ. ਮਨਮਿੰਦਰ ਸਿੰਘ ਆਨੰਦ ਦੀ ਅਗਵਾਈ ਹੇਠ ਕੀਤਾ ਗਿਆ।
