Wednesday, July 29Punjabi People

ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੇ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਤੋਂ ਬੀ.ਕੇ.ਆਈ. ਦੇ ਇੱਕ ਆਪਰੇਟਿਵ ਨੂੰ ਹੈਂਡ ਗ੍ਰਨੇਡ ਅਤੇ ਗਲੌਕ ਪਿਸਤੌਲ ਸਮੇਤ ਕਾਬੂ…

ਚੰਡੀਗੜ੍ਹ/ਅੰਮ੍ਰਿਤਸਰ, 23 ਜਨਵਰੀ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਗਣਤੰਤਰ ਦਿਵਸ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਪ੍ਰਬੰਧਾਂ ਦੇ ਤਹਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਅੰਮ੍ਰਿਤਸਰ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਇੱਕ ਕਾਰਕੁੰਨ ਨੂੰ ਗ੍ਰਿਫ਼ਤਾਰ ਕਰਕੇ ਸੁਰੱਖਿਆ ਸੰਸਥਾਨ ’ਤੇ ਹੋ ਸਕਣ ਵਾਲੇ ਅੱਤਵਾਦੀ ਹਮਲੇ ਨੂੰ ਨਾਕਾਮ ਬਣਾ ਦਿੱਤਾ ਹੈ। ਇਹ ਜਾਣਕਾਰੀ ਅੱਜ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਦੀਨੇਵਾਲ ਦੇ ਵਸਨੀਕ ਸ਼ਰਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸਦੇ ਕਬਜ਼ੇ ਵਿੱਚੋਂ ਇੱਕ ਪੀ-86 ਹੈਂਡ ਗ੍ਰਨੇਡ, ਇੱਕ 9 ਐਮਐਮ ਗਲੌਕ ਪਿਸਤੌਲ, ਪੰਜ ਜ਼ਿੰਦਾ ਕਾਰਤੂਸ ਅਤੇ 65 ਗ੍ਰਾਮ ਆਈ.ਸੀ.ਈ. ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਦੋਸ਼ੀ ਵਿਦੇਸ਼ਾਂ ਵਿੱਚ ਬੈਠੇ ਬੀ.ਕੇ.ਆਈ. ਦੇ ਸੰਚਾਲਕਾਂ—ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੌੜੀਆਂ, ਆਦੇਸ਼ਬੀਰ ਸਿੰਘ ਉਰਫ਼ ਆਦੇਸ਼ ਜਮਾਰਾਏ ਅਤੇ ਸਿਮਰਨਜੀਤ ਸਿੰਘ ਉਰਫ਼ ਸਿੰਮਾ ਦਿਓਲ—ਦੇ ਇਸ਼ਾਰਿਆਂ ’ਤੇ ਕੰਮ ਕਰ ਰਿਹਾ ਸੀ। ਇਹ ਤੱਤ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਲਈ ਵਿਘਨਕਾਰੀ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ।

ਉਨ੍ਹਾਂ ਕਿਹਾ ਕਿ ਮਾਮਲੇ ਨਾਲ ਜੁੜੇ ਅੱਗੇ-ਪਿੱਛੇ ਦੇ ਸਾਰੇ ਤੱਤਾਂ ਦੀ ਪਛਾਣ ਲਈ ਜਾਂਚ ਲਗਾਤਾਰ ਜਾਰੀ ਹੈ।

ਇਸ ਸਬੰਧੀ ਏ.ਆਈ.ਜੀ. ਐਸ.ਐਸ.ਓ.ਸੀ., ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਐਸ.ਐਸ.ਓ.ਸੀ. ਦੀਆਂ ਟੀਮਾਂ ਨੇ ਅੰਮ੍ਰਿਤਸਰ-ਤਰਨ ਤਾਰਨ ਹਾਈਵੇਅ ’ਤੇ ਬੰਡਾਲਾ ਮੌੜ ਦੇ ਨੇੜੇ ਤੋਂ ਸ਼ਰਨਪ੍ਰੀਤ ਸਿੰਘ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ ਗਲੌਕ ਪਿਸਤੌਲ, ਗੋਲਾ-ਬਾਰੂਦ ਅਤੇ 65 ਗ੍ਰਾਮ ਆਈ.ਸੀ.ਈ. ਡਰੱਗ ਬਰਾਮਦ ਹੋਈ।

ਪੁੱਛਗਿੱਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸਦੇ ਹੈਂਡਲਰਾਂ ਵੱਲੋਂ ਹਾਲ ਹੀ ਵਿੱਚ ਇੱਕ ਹੈਂਡ ਗ੍ਰਨੇਡ ਦੀ ਡਿਲੀਵਰੀ ਕਰਵਾਈ ਗਈ ਸੀ, ਜਿਸਨੂੰ ਉਸਨੇ ਅੰਮ੍ਰਿਤਸਰ-ਤਰਨ ਤਾਰਨ ਹਾਈਵੇਅ ’ਤੇ ਇੱਕ ਚਰਚ ਦੇ ਨੇੜੇ ਲੁਕਾਇਆ ਹੋਇਆ ਸੀ। ਦੋਸ਼ੀ ਦੀ ਨਿਸ਼ਾਨਦੇਹੀ ’ਤੇ ਤੁਰੰਤ ਕਾਰਵਾਈ ਕਰਦਿਆਂ ਐਸ.ਐਸ.ਓ.ਸੀ. ਦੀ ਟੀਮ ਨੇ ਉਕਤ ਸਥਾਨ ਤੋਂ ਇੱਕ ਪੀ-86 ਹੈਂਡ ਗ੍ਰਨੇਡ ਬਰਾਮਦ ਕਰ ਲਿਆ।

ਏਆਈਜੀ ਨੇ ਹੋਰ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ਰਨਪ੍ਰੀਤ ਸਿੰਘ ਆਪਣੇ ਚਚੇਰੇ ਭਰਾ ਸਿੰਮਾ ਦਿਓਲ ਰਾਹੀਂ ਇਸ ਅੱਤਵਾਦੀ ਨੈੱਟਵਰਕ ਨਾਲ ਜੁੜਿਆ ਸੀ। ਹੈਂਡਲਰਾਂ ਦੇ ਹੁਕਮਾਂ ’ਤੇ ਉਹ ਵਿਸਫੋਟਕਾਂ ਅਤੇ ਹਥਿਆਰਾਂ ਦੀਆਂ ਖੇਪਾਂ ਦੀ ਡਿਲੀਵਰੀ ਅਤੇ ਗੈਰਕਾਨੂੰਨੀ ਰਕਮ ਦੇ ਪ੍ਰਬੰਧਨ ਵਿੱਚ ਸ਼ਾਮਲ ਸੀ।

ਇਸ ਮਾਮਲੇ ਵਿੱਚ ਪੁਲਿਸ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 22, ਅਸਲਾ ਐਕਟ ਦੀ ਧਾਰਾ 25 ਅਤੇ ਬੀਐਨਐਸ ਦੀ ਧਾਰਾ 61(2) ਤਹਿਤ ਐਫਆਈਆਰ ਨੰਬਰ 02 ਮਿਤੀ 21.01.2026 ਦਰਜ ਕੀਤੀ ਗਈ ਸੀ। ਬਾਅਦ ਵਿੱਚ ਹੈਂਡ ਗ੍ਰਨੇਡ ਦੀ ਬਰਾਮਦਗੀ ਤੋਂ ਉਪਰੰਤ ਵਿਸਫੋਟਕ ਐਕਟ ਦੀਆਂ ਸਬੰਧਤ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *