Saturday, May 23Punjabi People

40 ਸਾਲਾਂ ਬਾਅਦ ਪੰਜਾਬ ਨੂੰ ਅੰਡਰ-13 ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦਾ ਮਾਣ ਪ੍ਰਾਪਤ ਹੋਇਆ: ਭਗਵੰਤ ਸਿੰਘ ਮਾਨ

ਚੰਡੀਗੜ੍ਹ, 24 ਮਾਰਚ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ “ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ” ਮੁਹਿੰਮ ਤਹਿਤ ਖੇਡ ਵਿਭਾਗ ਦਾ ਰਿਪੋਰਟ ਕਾਰਡ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ‘ਆਪ’ ਸਰਕਾਰ ਵੱਲੋਂ ਖੇਡ ਖੇਤਰ ਵਿੱਚ ਲਿਆਂਦੇ ਬਦਲਾਵਾਂ ਅਤੇ ਖੇਡ ਕ੍ਰਾਂਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਸਿੰਚਾਈ, ਸਿਹਤ ਅਤੇ ਅਮਨ-ਕਾਨੂੰਨ ਨਾਲ ਸੰਬੰਧਤ ਰਿਪੋਰਟ ਕਾਰਡ ਪੇਸ਼ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਖੇਡਾਂ ਵਿੱਚ ਹੋ ਰਹੇ ਸੁਧਾਰਾਂ ਅਤੇ ਆਉਣ ਵਾਲੀਆਂ ਯੋਜਨਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਖੇਡ ਬਜਟ ਨੂੰ 350 ਕਰੋੜ ਤੋਂ ਵਧਾ ਕੇ 1791 ਕਰੋੜ ਰੁਪਏ ਕੀਤਾ ਗਿਆ ਹੈ, ਕੋਚਾਂ ਦੀ ਗਿਣਤੀ 500 ਤੋਂ ਵਧਾ ਕੇ 2458 ਕੀਤੀ ਗਈ ਹੈ ਅਤੇ ਓਲੰਪਿਕ ਅਤੇ ਏਸ਼ੀਆਈ ਖੇਡਾਂ ਲਈ ਖਿਡਾਰੀਆਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ 3100 ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ, 3000 ਜਿਮ ਬਣਾਏ ਜਾ ਰਹੇ ਹਨ ਅਤੇ 17000 ਖੇਡ ਕਿੱਟਾਂ ਵੰਡੀਆਂ ਗਈਆਂ ਹਨ। “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 1.5 ਲੱਖ ਤੋਂ ਵੱਧ ਕੇ 5 ਲੱਖ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਪੰਜਾਬ ਨੇ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਅਤੇ 40 ਸਾਲਾਂ ਬਾਅਦ ਅੰਡਰ-13 ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਹਾਸਲ ਕੀਤੀ ਹੈ।

ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਏਸ਼ੀਆਈ ਖੇਡਾਂ ਤੋਂ ਬਾਅਦ ਚੋਟੀ ਦੀਆਂ ਹਾਕੀ ਟੀਮਾਂ ਪੰਜਾਬ ਵਿੱਚ ਖੇਡਣ ਆਉਣਗੀਆਂ, ਜੋ ਸੂਬੇ ਲਈ ਵੱਡੀ ਉਪਲਬਧੀ ਹੈ। ਇਸ ਤੋਂ ਇਲਾਵਾ ਇੱਕ ਹੋਰ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮਨਜ਼ੂਰੀ ਵੀ ਮਿਲੀ ਹੈ, ਜਿਸ ਨਾਲ ਹਾਕੀ ਨੂੰ ਹੋਰ ਬਲ ਮਿਲੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ, ਜਿਸ ਦੇ ਮੈਚ ਮੋਹਾਲੀ ਅਤੇ ਜਲੰਧਰ ਦੇ ਸਟੇਡੀਅਮਾਂ ਵਿੱਚ ਹੋਣਗੇ। ਨਾਲ ਹੀ, ਜਲੰਧਰ ਵਿੱਚ 40 ਸਾਲਾਂ ਬਾਅਦ ਅੰਡਰ-13 ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵੀ ਕਰਵਾਈ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਪੰਜਾਬ ਦੀ ਖੇਡ ਵਿਰਾਸਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਿੱਖ ਗੁਰੂਆਂ ਨੇ ਵੀ ਸਰੀਰਕ ਤੰਦਰੁਸਤੀ ਅਤੇ ਖੇਡਾਂ ਨੂੰ ਵਧਾਵਾ ਦਿੱਤਾ।

ਉਨ੍ਹਾਂ ਆਧੁਨਿਕ ਸਮੇਂ ਦੇ ਪੰਜਾਬੀ ਖਿਡਾਰੀਆਂ ਦੀਆਂ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਖਿਡਾਰੀ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਪੰਜਾਬ ਨੇ ਹਾਕੀ ਵਿੱਚ ਇਤਿਹਾਸਕ ਯੋਗਦਾਨ ਪਾਇਆ ਹੈ ਅਤੇ ਕਈ ਓਲੰਪਿਕ ਤਗਮੇ ਜਿੱਤੇ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਟੂਰਨਾਮੈਂਟ ਵਿੱਚ ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਅਤੇ ਮੈਚਾਂ ਤੋਂ ਪਹਿਲਾਂ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਪੇਸ਼ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ 2023 ਵਿੱਚ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ, ਜਿਸ ਤਹਿਤ ਖਿਡਾਰੀਆਂ ਨੂੰ ਵੱਡੀ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਏਸ਼ੀਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਰਿਕਾਰਡ ਤਗਮੇ ਜਿੱਤੇ ਅਤੇ ਓਲੰਪਿਕ ਤੇ ਏਸ਼ੀਆਈ ਤਗਮਾ ਜੇਤੂਆਂ ਨੂੰ ਵੱਡੀ ਇਨਾਮੀ ਰਕਮ ਦਿੱਤੀ ਗਈ।

ਸਰਕਾਰ ਵੱਲੋਂ ਖਿਡਾਰੀਆਂ ਨੂੰ ਨੌਕਰੀਆਂ ਦੇਣ ਦੇ ਨਾਲ ਨਾਲ ਵੱਡੀ ਇਨਾਮੀ ਰਕਮ ਵੀ ਵੰਡੀ ਗਈ ਹੈ। ਕੋਚਾਂ ਦੀ ਭਰਤੀ ਵਧਾਈ ਗਈ ਹੈ ਅਤੇ ਖੇਡਾਂ ਲਈ ਵੱਡਾ ਬਜਟ ਰੱਖਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ “ਖੇਡਾਂ ਵਤਨ ਪੰਜਾਬ ਦੀਆਂ” ਰਾਹੀਂ ਪਿੰਡ ਤੋਂ ਲੈ ਕੇ ਰਾਜ ਪੱਧਰ ਤੱਕ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਲੱਖਾਂ ਖਿਡਾਰੀ ਇਸ ਵਿੱਚ ਭਾਗ ਲੈ ਰਹੇ ਹਨ। ਹਜ਼ਾਰਾਂ ਖਿਡਾਰੀਆਂ ਨੂੰ ਇਨਾਮੀ ਰਕਮ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਖੇਡਾਂ ਨਸ਼ਿਆਂ ਦੇ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਹਨ, ਇਸ ਲਈ ਸਰਕਾਰ ਖੇਡਾਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਕਿਲਾ ਰਾਏਪੁਰ ਖੇਡ ਮੇਲੇ ਨੂੰ ਵੀ ਮੁੜ ਸ਼ੁਰੂ ਕੀਤਾ ਗਿਆ ਹੈ।

ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਜ਼ਾਰਾਂ ਖੇਡ ਮੈਦਾਨ ਅਤੇ ਜਿਮ ਬਣਾਏ ਜਾ ਰਹੇ ਹਨ। ਖਿਡਾਰੀਆਂ ਲਈ ਖੁਰਾਕ ਭੱਤਾ ਵਧਾਇਆ ਗਿਆ ਹੈ ਅਤੇ ਸਪੋਰਟਸ ਮੈਡੀਸਨ ਸਹੂਲਤਾਂ ਵਿੱਚ ਵੀ ਸੁਧਾਰ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ, ਬਠਿੰਡਾ ਅਤੇ ਲੁਧਿਆਣਾ ਵਿੱਚ ਹਾਕੀ ਟਰਫ ਨਵੀਂ ਕੀਤੀ ਗਈ ਹੈ ਅਤੇ ਹੋਰ ਖੇਡ ਢਾਂਚਿਆਂ ਨੂੰ ਵੀ ਅਧੁਨਿਕ ਬਣਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *