
ਚੰਡੀਗੜ੍ਹ, 7 ਨਵੰਬਰ 2026: ਧਨਤੇਰਸ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਚੰਡੀਗੜ੍ਹ ਸਮੇਤ ਪੂਰੇ ਟਰਾਈਸਿਟੀ ਦੀਆਂ ਮਾਰਕੀਟਾਂ ਵਿੱਚ ਖ਼ੂਬ ਰੌਣਕਾਂ ਦੇਖਣ ਨੂੰ ਮਿਲੀਆਂ। ਸਵੇਰ ਤੋਂ ਹੀ ਲੋਕਾਂ ਨੇ ਤਿਉਹਾਰ ਦੀ ਖ਼ਰੀਦਦਾਰੀ ਲਈ ਬਾਜ਼ਾਰਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਧਨਤੇਰਸ ਅਤੇ ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਫੁੱਲਾਂ ਅਤੇ ਹੋਰ ਸਜਾਵਟੀ ਸਮੱਗਰੀ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ।
ਚੰਡੀਗੜ੍ਹ ਦੇ ਸੈਕਟਰ 17, 18, 19, 20, 22, 35 ਅਤੇ ਮਨੀਮਾਜਰਾ ਦੀਆਂ ਮਾਰਕੀਟਾਂ ਵਿੱਚ ਤਿਉਹਾਰੀ ਮਾਹੌਲ ਦੇਖਣਯੋਗ ਰਿਹਾ। ਖ਼ਾਸ ਤੌਰ ’ਤੇ ਸੈਕਟਰ 17 ਵਿੱਚ ਲਾਈਟਾਂ, ਸਜਾਵਟੀ ਛਤਰੀਆਂ ਅਤੇ ਫੁੱਲਾਂ ਨਾਲ ਕੀਤੀ ਗਈ ਸਜਾਵਟ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਇੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰ ਵਾਸੀ ਅਤੇ ਸੈਲਾਨੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸੈਲਫੀਆਂ ਲੈਂਦੇ ਅਤੇ ਤਿਉਹਾਰ ਦਾ ਆਨੰਦ ਮਾਣਦੇ ਨਜ਼ਰ ਆਏ।
ਮਠਿਆਈਆਂ ਦੀ ਬਜਾਏ ਸੁੱਕੇ ਮੇਵਿਆਂ ਦੇ ਤੋਹਫ਼ਿਆਂ ਨੂੰ ਪਹਿਲ
ਇਸ ਵਾਰ ਧਨਤੇਰਸ ਅਤੇ ਦੀਵਾਲੀ ਦੀ ਖ਼ਰੀਦਦਾਰੀ ਵਿੱਚ ਲੋਕਾਂ ਦੇ ਤੋਹਫ਼ੇ ਦੇਣ ਦੇ ਰੁਝਾਨ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਿਆ। ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਤੋਹਫ਼ੇ ਵਜੋਂ ਮਠਿਆਈਆਂ ਦੇਣ ਦੀ ਬਜਾਏ ਲੋਕ ਕਾਜੂ, ਬਦਾਮ, ਪਿਸਤਾ ਅਤੇ ਹੋਰ ਸੁੱਕੇ ਮੇਵੇ ਖ਼ਰੀਦਣ ਨੂੰ ਤਰਜੀਹ ਦੇ ਰਹੇ ਹਨ। ਬਾਜ਼ਾਰਾਂ ਵਿੱਚ ਸੁੰਦਰ ਅਤੇ ਆਕਰਸ਼ਕ ਡੱਬਿਆਂ ਵਿੱਚ ਪੈਕ ਕੀਤੇ ਸੁੱਕੇ ਮੇਵਿਆਂ ਦੀ ਕਾਫ਼ੀ ਮੰਗ ਰਹੀ।
ਖ਼ਰੀਦਦਾਰੀ ਕਰਨ ਆਏ ਲੋਕਾਂ ਨੇ ਦੱਸਿਆ ਕਿ ਮਠਿਆਈਆਂ ਵਿੱਚ ਮਿਲਾਵਟ ਹੋਣ ਦੇ ਖ਼ਦਸ਼ੇ ਕਾਰਨ ਉਹ ਸੁੱਕੇ ਮੇਵੇ ਖ਼ਰੀਦਣਾ ਵਧੇਰੇ ਪਸੰਦ ਕਰ ਰਹੇ ਹਨ। ਉਨ੍ਹਾਂ ਅਨੁਸਾਰ ਸੁੱਕੇ ਮੇਵੇ ਸਿਹਤ ਲਈ ਵੀ ਬਿਹਤਰ ਵਿਕਲਪ ਹਨ ਅਤੇ ਇਨ੍ਹਾਂ ਨੂੰ ਤੋਹਫ਼ੇ ਵਜੋਂ ਦੇਣਾ ਵੀ ਵਧੀਆ ਲੱਗਦਾ ਹੈ।
ਸੋਨੇ-ਚਾਂਦੀ ਦੇ ਗਹਿਣਿਆਂ ਦੀ ਖ਼ਰੀਦਦਾਰੀ ਲਈ ਜਿਊਲਰੀ ਸ਼ੋਅਰੂਮਾਂ ’ਚ ਲੱਗੀ ਭੀੜ
ਧਨਤੇਰਸ ਮੌਕੇ ਸੋਨੇ ਅਤੇ ਚਾਂਦੀ ਦੀ ਖ਼ਰੀਦਦਾਰੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸੇ ਕਾਰਨ ਚੰਡੀਗੜ੍ਹ ਦੇ ਗਹਿਣਿਆਂ ਦੇ ਸ਼ੋਅਰੂਮਾਂ ਵਿੱਚ ਵੀ ਗਾਹਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸ਼ਾਮ ਜਵੈਲਰਜ਼ ਵਿਖੇ ਵੀ ਵੱਡੀ ਗਿਣਤੀ ਵਿੱਚ ਲੋਕ ਗਹਿਣੇ ਖ਼ਰੀਦਣ ਲਈ ਪਹੁੰਚੇ।
ਸ਼ਾਮ ਜਵੈਲਰਜ਼ ਦੇ ਮੈਨੇਜਿੰਗ ਡਾਇਰੈਕਟਰ ਗਗਨ ਖੁਰਾਣਾ ਨੇ ਦੱਸਿਆ ਕਿ ਸੋਨੇ ਦੀਆਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਅਤੇ ਗਾਹਕਾਂ ਦੇ ਉਤਸ਼ਾਹ ਕਾਰਨ ਇਸ ਵਾਰ ਧਨਤੇਰਸ ਦਾ ਤਿਉਹਾਰ ਕਾਰੋਬਾਰ ਪੱਖੋਂ ਕਾਫ਼ੀ ਖ਼ਾਸ ਰਿਹਾ। ਉਨ੍ਹਾਂ ਕਿਹਾ ਕਿ ਸੋਨੇ ਦੇ ਗਹਿਣਿਆਂ, ਹੀਰਿਆਂ ਦੇ ਗਹਿਣਿਆਂ, ਚਾਂਦੀ ਦੀਆਂ ਵਸਤੂਆਂ ਅਤੇ ਲਕਸ਼ਮੀ-ਗਣੇਸ਼ ਦੇ ਸਿੱਕਿਆਂ ਦੀ ਖ਼ਰੀਦਦਾਰੀ ਲਈ ਹਰ ਵਰਗ ਦੇ ਲੋਕਾਂ ਵਿੱਚ ਖ਼ਾਸ ਦਿਲਚਸਪੀ ਦੇਖਣ ਨੂੰ ਮਿਲੀ।
ਕੁੱਲ ਮਿਲਾ ਕੇ ਧਨਤੇਰਸ ਮੌਕੇ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਾਜ਼ਾਰਾਂ ਦੀ ਰੌਣਕ ਨੇ ਤਿਉਹਾਰੀ ਮਾਹੌਲ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਲੋਕਾਂ ਨੇ ਜਿੱਥੇ ਘਰਾਂ ਦੀ ਸਜਾਵਟ ਅਤੇ ਪੂਜਾ ਸਮੱਗਰੀ ਦੀ ਖ਼ਰੀਦਦਾਰੀ ਕੀਤੀ, ਉੱਥੇ ਹੀ ਸੋਨੇ-ਚਾਂਦੀ ਦੇ ਗਹਿਣਿਆਂ ਅਤੇ ਤੋਹਫ਼ਿਆਂ ਦੀ ਖ਼ਰੀਦਦਾਰੀ ਵਿੱਚ ਵੀ ਭਾਰੀ ਉਤਸ਼ਾਹ ਦਿਖਾਇਆ।
