Saturday, November 7Punjabi People

ਪੰਜਾਬ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸਫ਼ਲ ਮੇਜ਼ਬਾਨੀ ਨਾਲ ਵਿਸ਼ਵ ਹਾਕੀ ਵਿੱਚ ਚਮਕਾਇਆ ਨਾਮ

ਮੋਹਾਲੀ, 7 ਨਵੰਬਰ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਮੋਹਰੀ ਸਥਾਨ ਦਿਵਾਉਣ ਦਾ ਸੁਪਨਾ ਉਸ ਸਮੇਂ ਸਾਕਾਰ ਹੁੰਦਾ ਨਜ਼ਰ ਆਇਆ, ਜਦੋਂ ਸੂਬੇ ਨੇ ਵੱਕਾਰੀ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ-2026’ ਦੀ ਸਫ਼ਲ ਮੇਜ਼ਬਾਨੀ ਕੀਤੀ ਅਤੇ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਿਤਾਬ ਆਪਣੇ ਨਾਮ ਕਰ ਲਿਆ। ਪੰਜਾਬ ਦੀ ਧਰਤੀ ’ਤੇ ਹੋਏ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਨੇ ਸੂਬੇ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜ ਦਿੱਤਾ ਹੈ।

ਭਾਰਤ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਜਾਪਾਨ ਨੂੰ 4-1 ਨਾਲ ਹਰਾ ਕੇ ਛੇਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ ਜਿੱਤਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 2023 ਅਤੇ 2024 ਤੋਂ ਬਾਅਦ ਲਗਾਤਾਰ ਤੀਜੀ ਵਾਰ ਇਹ ਟਰਾਫੀ ਜਿੱਤ ਕੇ ਖ਼ਿਤਾਬੀ ਹੈਟ੍ਰਿਕ ਵੀ ਪੂਰੀ ਕੀਤੀ।

ਇਸ ਵੱਕਾਰੀ ਟੂਰਨਾਮੈਂਟ ਦਾ ਆਯੋਜਨ ਪੰਜਾਬ ਦੇ ਦੋ ਪ੍ਰਮੁੱਖ ਹਾਕੀ ਕੇਂਦਰਾਂ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕੀਤਾ ਗਿਆ। ਸਮਾਗਮ ਵਿੱਚ ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਖਿਡਾਰੀਆਂ, ਓਲੰਪੀਅਨਾਂ ਅਤੇ ਅੰਤਰਰਾਸ਼ਟਰੀ ਹਾਕੀ ਸਿਤਾਰਿਆਂ ਦੀ ਮੌਜੂਦਗੀ ਨੇ ਇਸ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ।

ਪੂਰੇ ਟੂਰਨਾਮੈਂਟ ਵਿੱਚ ਅਜੇਤੂ ਰਹੀ ਭਾਰਤੀ ਟੀਮ

ਭਾਰਤੀ ਹਾਕੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਸਾਰੇ ਸੱਤ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ। ਇਨ੍ਹਾਂ ਵਿੱਚ ਜਲੰਧਰ ਵਿਖੇ ਖੇਡੇ ਗਏ ਪੰਜ ਲੀਗ ਮੈਚਾਂ ਤੋਂ ਇਲਾਵਾ ਮੋਹਾਲੀ ਵਿੱਚ ਹੋਏ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਸ਼ਾਮਲ ਸਨ।

ਫਾਈਨਲ ਵਿੱਚ ਜਾਪਾਨ ਨੇ ਮੈਚ ਦੇ ਤੀਜੇ ਮਿੰਟ ਵਿੱਚ ਕਾਜ਼ੂਮਾਸਾ ਮਾਤਸੁਮੋਟੋ ਦੇ ਗੋਲ ਨਾਲ ਬੜ੍ਹਤ ਬਣਾ ਲਈ ਸੀ। ਪਹਿਲੇ ਅੱਧ ਤੱਕ ਜਾਪਾਨ ਦੀ ਟੀਮ 1-0 ਨਾਲ ਅੱਗੇ ਰਹੀ, ਪਰ ਦੂਜੇ ਅੱਧ ਵਿੱਚ ਭਾਰਤੀ ਖਿਡਾਰੀਆਂ ਨੇ ਜ਼ਬਰਦਸਤ ਵਾਪਸੀ ਕੀਤੀ।

ਸ਼ਿਲਾਨੰਦ ਲਾਕੜਾ ਨੇ 42ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਬਰਾਬਰ ਕੀਤਾ। ਇਸ ਤੋਂ ਬਾਅਦ ਦਿਲਪ੍ਰੀਤ ਸਿੰਘ ਨੇ 47ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 2-1 ਦੀ ਬੜ੍ਹਤ ਦਿਵਾਈ। ਜੁਗਰਾਜ ਸਿੰਘ ਨੇ 52ਵੇਂ ਮਿੰਟ ਵਿੱਚ ਤੀਜਾ ਗੋਲ ਕੀਤਾ, ਜਦਕਿ ਵਿਵੇਕ ਸਾਗਰ ਪ੍ਰਸਾਦ ਨੇ 53ਵੇਂ ਮਿੰਟ ਵਿੱਚ ਚੌਥਾ ਗੋਲ ਕਰਕੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ।

ਇਸ ਤਰ੍ਹਾਂ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

ਹਰਮਨਪ੍ਰੀਤ ਸਿੰਘ ਬਣੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ

ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਸ਼ਾਨਦਾਰ ਖੇਡ ਅਤੇ ਅਗਵਾਈ ਨਾਲ ਸਭ ਦਾ ਧਿਆਨ ਖਿੱਚਿਆ। ਉਨ੍ਹਾਂ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸ ਤੋਂ ਇਲਾਵਾ 10 ਗੋਲ ਕਰਕੇ ਉਹ ਟੂਰਨਾਮੈਂਟ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਵੀ ਬਣੇ।

ਟੂਰਨਾਮੈਂਟ ਦੌਰਾਨ ਉਨ੍ਹਾਂ ਵੱਲੋਂ ਲਗਾਈ ਗਈ ਹੈਟ੍ਰਿਕ, ਖ਼ਾਸ ਕਰਕੇ ਮਲੇਸ਼ੀਆ ਵਿਰੁੱਧ ਲੀਗ ਮੈਚ ਵਿੱਚ ਕੀਤੇ ਗਏ ਗੋਲ ਅਤੇ ਪੈਨਲਟੀ ਕਾਰਨਰ ’ਤੇ ਸ਼ਾਨਦਾਰ ਡਰੈਗ-ਫਲਿਕਸ ਨੇ ਭਾਰਤੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਟੂਰਨਾਮੈਂਟ ਵਿੱਚ 10ਵਾਂ ਗੋਲ ਕਰਨ ਦੇ ਨਾਲ ਹੀ ਹਰਮਨਪ੍ਰੀਤ ਸਿੰਘ ਦੇ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ 250 ਤੱਕ ਪਹੁੰਚ ਗਈ।

ਕ੍ਰਿਸ਼ਨ ਬਹਾਦਰ ਪਾਠਕ ਨੂੰ ਮਿਲਿਆ ਸਰਵੋਤਮ ਗੋਲਕੀਪਰ ਦਾ ਸਨਮਾਨ

ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੇ ਵੀ ਟੂਰਨਾਮੈਂਟ ਦੌਰਾਨ ਆਪਣੀ ਬੇਮਿਸਾਲ ਖੇਡ ਨਾਲ ਟੀਮ ਦੀ ਸਫ਼ਲਤਾ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੂੰ ਟੂਰਨਾਮੈਂਟ ਦਾ ਸਰਵੋਤਮ ਗੋਲਕੀਪਰ ਚੁਣਿਆ ਗਿਆ।

ਮਲੇਸ਼ੀਆ ਅਤੇ ਦੱਖਣੀ ਕੋਰੀਆ ਵਿਰੁੱਧ ਲੀਗ ਮੁਕਾਬਲਿਆਂ ਸਮੇਤ ਕਈ ਅਹਿਮ ਮੌਕਿਆਂ ’ਤੇ ਉਨ੍ਹਾਂ ਨੇ ਵਿਰੋਧੀ ਟੀਮਾਂ ਦੇ ਪੈਨਲਟੀ ਕਾਰਨਰਾਂ ਅਤੇ ਗੋਲ ਕਰਨ ਦੇ ਯਤਨਾਂ ਨੂੰ ਨਾਕਾਮ ਕੀਤਾ। ਉਨ੍ਹਾਂ ਦੇ ਸ਼ਾਨਦਾਰ ਬਚਾਅ ਨੇ ਭਾਰਤ ਦੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਮੋਹਾਲੀ ਦੇ ਹਾਕੀ ਸਟੇਡੀਅਮ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਦਿਖਾਈ ਸਮਰੱਥਾ

ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਦਿਆਂ ਆਪਣੀ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਟੇਡੀਅਮ ਵਿੱਚ ਦਰਸ਼ਕਾਂ ਦਾ ਭਾਰੀ ਉਤਸ਼ਾਹ, ਵਿਸ਼ਵ ਪੱਧਰੀ ਸਹੂਲਤਾਂ ਅਤੇ ਮੁਕਾਬਲਿਆਂ ਦੇ ਸੁਚਾਰੂ ਆਯੋਜਨ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਪਛਾਣ ਦਿਵਾਈ।

ਇੱਥੇ ਸੈਮੀਫਾਈਨਲ, ਤੀਜੇ ਸਥਾਨ ਲਈ ਮੁਕਾਬਲਾ ਅਤੇ ਫਾਈਨਲ ਸਮੇਤ ਅਹਿਮ ਮੈਚ ਕਰਵਾਏ ਗਏ। ਵੱਡੀ ਗਿਣਤੀ ਵਿੱਚ ਪਹੁੰਚੇ ਖੇਡ ਪ੍ਰੇਮੀਆਂ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਅਤੇ ਸਟੇਡੀਅਮ ਵਿੱਚ ਖੇਡਾਂ ਦਾ ਜੋਸ਼ ਦੇਖਣਯੋਗ ਰਿਹਾ।

ਜਲੰਧਰ ਦੇ ਹਾਕੀ ਪ੍ਰੇਮੀਆਂ ਨੇ ਵੀ ਦਿਖਾਇਆ ਭਾਰੀ ਉਤਸ਼ਾਹ

ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੋਏ ਲੀਗ ਮੁਕਾਬਲਿਆਂ ਦੌਰਾਨ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 13-0 ਦੇ ਵੱਡੇ ਫ਼ਰਕ ਨਾਲ ਹਰਾਇਆ, ਜਦਕਿ ਮਲੇਸ਼ੀਆ ਵਿਰੁੱਧ 4-2 ਦੀ ਰੋਮਾਂਚਕ ਜਿੱਤ ਨੇ ਦਰਸ਼ਕਾਂ ਵਿੱਚ ਹੋਰ ਉਤਸ਼ਾਹ ਭਰ ਦਿੱਤਾ।

ਟੂਰਨਾਮੈਂਟ ਦੌਰਾਨ ਹਰ ਸ਼ਾਮ ਸਟੇਡੀਅਮ ਵਿੱਚ ਖੇਡ ਪ੍ਰੇਮੀਆਂ ਦੀ ਵੱਡੀ ਗਿਣਤੀ ਮੌਜੂਦ ਰਹੀ। ਇਸ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਜਲੰਧਰ ਭਾਰਤੀ ਹਾਕੀ ਦਾ ਪ੍ਰਮੁੱਖ ਕੇਂਦਰ ਹੈ ਅਤੇ ਇੱਥੋਂ ਦੇ ਲੋਕਾਂ ਦਾ ਹਾਕੀ ਨਾਲ ਡੂੰਘਾ ਲਗਾਅ ਹੈ।

2030 ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਦੀ ਦਾਅਵੇਦਾਰੀ ਨੂੰ ਮਿਲੇਗੀ ਮਜ਼ਬੂਤੀ

ਜਲੰਧਰ ਅਤੇ ਮੋਹਾਲੀ ਵਿੱਚ ਟੂਰਨਾਮੈਂਟ ਦੀ ਸਫ਼ਲ ਮੇਜ਼ਬਾਨੀ ਨੇ ਪੰਜਾਬ ਦੀ ਅੰਤਰਰਾਸ਼ਟਰੀ ਖੇਡ ਸਮਾਗਮ ਕਰਵਾਉਣ ਦੀ ਸਮਰੱਥਾ ਨੂੰ ਉਜਾਗਰ ਕੀਤਾ ਹੈ। ਇਸ ਨਾਲ 2030 ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਦੀ ਦਾਅਵੇਦਾਰੀ ਨੂੰ ਵੀ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਪੰਜਾਬ ਦੀ ਧਰਤੀ ’ਤੇ ਭਾਰਤੀ ਟੀਮ ਦੀ ਇਹ ਜਿੱਤ ਸਿਰਫ਼ ਇੱਕ ਖੇਡ ਖ਼ਿਤਾਬ ਤੱਕ ਸੀਮਤ ਨਹੀਂ, ਸਗੋਂ ਸੂਬੇ ਦੀ ਹਾਕੀ ਵਿਰਾਸਤ ਅਤੇ ਖੇਡ ਸੱਭਿਆਚਾਰ ਲਈ ਵੀ ਮਾਣ ਵਾਲੀ ਪ੍ਰਾਪਤੀ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਅਤੇ ਕ੍ਰਿਸ਼ਨ ਬਹਾਦਰ ਪਾਠਕ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤੀ ਹਾਕੀ ਦੀ ਤਾਕਤ ਨੂੰ ਮੁੜ ਸਾਬਤ ਕੀਤਾ ਹੈ। ਇਸ ਜਿੱਤ ਨਾਲ ਭਾਰਤੀ ਟੀਮ ਨੇ 2028 ਲਾਸ ਏਂਜਲਸ ਓਲੰਪਿਕ ਖੇਡਾਂ ਲਈ ਵੀ ਆਪਣੀਆਂ ਤਿਆਰੀਆਂ ਅਤੇ ਹੌਸਲੇ ਨੂੰ ਨਵੀਂ ਊਰਜਾ ਦਿੱਤੀ ਹੈ।

ਇਸ ਟੂਰਨਾਮੈਂਟ ਵਿੱਚ ਭਾਰਤੀ ਹਾਕੀ ਦੇ ਕਈ ਮਹਾਨ ਸਾਬਕਾ ਖਿਡਾਰੀਆਂ ਅਤੇ ਓਲੰਪੀਅਨਾਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਵਿੱਚ 1966 ਦੀਆਂ ਏਸ਼ੀਆਈ ਖੇਡਾਂ, 1975 ਦੇ ਹਾਕੀ ਵਿਸ਼ਵ ਕੱਪ ਅਤੇ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂਆਂ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਦੇ ਕਾਂਸੀ ਤਮਗਾ ਜੇਤੂ ਖਿਡਾਰੀ ਸ਼ਾਮਲ ਸਨ। ਇਨ੍ਹਾਂ ਮਹਾਨ ਖਿਡਾਰੀਆਂ ਦੀ ਮੌਜੂਦਗੀ ਨੇ ਟੂਰਨਾਮੈਂਟ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ।

Leave a Reply

Your email address will not be published. Required fields are marked *