Friday, November 6Punjabi People

ਬਰੈਂਪਟਨ ’ਚ ਕਾਰ ਚੋਰੀ ਦੀਆਂ ਘਟਨਾਵਾਂ ’ਚ ਵੱਡੀ ਕਮੀ, ਰੋਜ਼ਾਨਾ ਚੋਰੀਆਂ ਦੀ ਗਿਣਤੀ ਘਟ ਕੇ 4 ਰਹੀ

ਬਰੈਂਪਟਨ, 6 ਨਵੰਬਰ 2026: ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪੀਲ ਪੁਲੀਸ ਵੱਲੋਂ ਜਾਰੀ ਕੀਤੇ ਗਏ ਕਾਰ ਚੋਰੀ ਦੇ ਅੰਕੜਿਆਂ ਮੁਤਾਬਕ, ਸ਼ਹਿਰ ਵਿੱਚ ਰੋਜ਼ਾਨਾ ਕਾਰ ਚੋਰੀ ਦੀ ਔਸਤ ਗਿਣਤੀ ਘਟ ਕੇ ਸਿਰਫ਼ 4 ਰਹਿ ਗਈ ਹੈ। ਜਦਕਿ ਤਿੰਨ ਸਾਲ ਪਹਿਲਾਂ ਇਹ ਅੰਕੜਾ ਰੋਜ਼ਾਨਾ 20 ਤੱਕ ਪਹੁੰਚ ਗਿਆ ਸੀ।

ਪੁਲੀਸ ਵੱਲੋਂ ਜਾਰੀ ਕੀਤੇ ਗਏ ਚੋਰੀ ਵਾਲੀਆਂ ਥਾਵਾਂ ਦੇ ਨਕਸ਼ੇ ਅਤੇ ਚਾਰਟ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਅਜਿਹੇ ਇਲਾਕਿਆਂ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਇੱਕ ਵੀ ਕਾਰ ਚੋਰੀ ਨਹੀਂ ਹੋਈ, ਜਿੱਥੇ ਪਹਿਲਾਂ ਵਾਹਨ ਚੋਰੀ ਦੀਆਂ ਘਟਨਾਵਾਂ ਆਮ ਸਨ।

ਪੀਲ ਪੁਲੀਸ ਇਸ ਗਿਰਾਵਟ ਨੂੰ ਆਪਣੀ ਕਾਰਵਾਈ ਦੀ ਸਫਲਤਾ ਵਜੋਂ ਪੇਸ਼ ਕਰ ਰਹੀ ਹੈ, ਪਰ ਮਾਹਿਰਾਂ ਅਤੇ ਲੋਕਾਂ ਵੱਲੋਂ ਇਸ ਪਿੱਛੇ ਦੋ ਅਹਿਮ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਪਹਿਲਾ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਬੰਦਰਗਾਹਾਂ ’ਤੇ ਵਿਸ਼ੇਸ਼ ਜਾਂਚ ਨਾਕੇ ਸਥਾਪਤ ਕੀਤੇ ਗਏ ਹਨ। ਹੁਣ ਵਿਦੇਸ਼ ਭੇਜੇ ਜਾਣ ਵਾਲੇ ਹਰੇਕ ਕੰਟੇਨਰ ਨੂੰ ਲੋਡ ਕਰਨ ਸਮੇਂ ਜਾਂਚਿਆ ਜਾਂਦਾ ਹੈ। ਇਸ ਤੋਂ ਪਹਿਲਾਂ ਚੋਰੀ ਕੀਤੀਆਂ ਕਾਰਾਂ ਨੂੰ ਕੰਟੇਨਰਾਂ ਵਿੱਚ ਭਰ ਕੇ ਸੀਲਬੰਦ ਕਰਨ ਤੋਂ ਬਾਅਦ ਜਹਾਜ਼ਾਂ ਰਾਹੀਂ ਵਿਦੇਸ਼ ਭੇਜ ਦਿੱਤਾ ਜਾਂਦਾ ਸੀ।

ਦੂਜਾ ਵੱਡਾ ਕਾਰਨ ਪਿਛਲੇ ਸਤੰਬਰ ਤੋਂ ਮੁਲਜ਼ਮਾਂ ਦੀ ਜ਼ਮਾਨਤ ਸਬੰਧੀ ਨਿਯਮਾਂ ਦਾ ਸਖ਼ਤ ਹੋਣਾ ਮੰਨਿਆ ਜਾ ਰਿਹਾ ਹੈ। ਪਹਿਲਾਂ ਕਾਰ ਚੋਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪਹਿਲੀ ਪੇਸ਼ੀ ਦੌਰਾਨ ਹੀ ਜ਼ਮਾਨਤ ਮਿਲ ਜਾਂਦੀ ਸੀ ਅਤੇ ਉਹ ਰਿਹਾਅ ਹੋਣ ਤੋਂ ਬਾਅਦ ਮੁੜ ਅਜਿਹੀਆਂ ਵਾਰਦਾਤਾਂ ਵਿੱਚ ਸ਼ਾਮਲ ਹੋ ਜਾਂਦੇ ਸਨ। ਹੁਣ ਸਖ਼ਤ ਨਿਯਮਾਂ ਕਾਰਨ ਕਈ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ, ਜਿਸ ਨਾਲ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਕਮੀ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਬੀਮਾ ਪ੍ਰੀਮੀਅਮ ਘਟਾਉਣ ਲਈ ਲੋਕਾਂ ਨੇ ਚੁੱਕੀ ਮੰਗ

ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਆਈ ਕਮੀ ਤੋਂ ਬਾਅਦ ਹੁਣ ਬਰੈਂਪਟਨ ਦੇ ਵਾਹਨ ਮਾਲਕਾਂ ਵੱਲੋਂ ਸਰਕਾਰ ਤੋਂ ਬੀਮਾ ਕੰਪਨੀਆਂ ਦੇ ਪ੍ਰੀਮੀਅਮ ਘਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਬੀਮਾ ਕੰਪਨੀਆਂ ਵੱਲੋਂ ਸ਼ਹਿਰ ਵਿੱਚ ਕਾਰ ਚੋਰੀ ਦੀਆਂ ਵਧੇਰੇ ਘਟਨਾਵਾਂ ਦਾ ਹਵਾਲਾ ਦੇ ਕੇ ਵਾਹਨ ਮਾਲਕਾਂ ਤੋਂ ਭਾਰੀ ਪ੍ਰੀਮੀਅਮ ਵਸੂਲਿਆ ਜਾਂਦਾ ਸੀ। ਹੁਣ ਜਦੋਂ ਚੋਰੀਆਂ ਦੀ ਦਰ ਵਿੱਚ ਕਾਫ਼ੀ ਕਮੀ ਆ ਚੁੱਕੀ ਹੈ, ਤਾਂ ਬੀਮੇ ਦੀਆਂ ਦਰਾਂ ਵਿੱਚ ਵੀ ਉਸੇ ਅਨੁਪਾਤ ਨਾਲ ਕਟੌਤੀ ਹੋਣੀ ਚਾਹੀਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਬਰੈਂਪਟਨ ਵਿੱਚ ਰਹਿਣ ਵਾਲੇ ਵਾਹਨ ਮਾਲਕਾਂ ਨੂੰ ਗੁਆਂਢੀ ਇਲਾਕਿਆਂ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਬੀਮਾ ਪ੍ਰੀਮੀਅਮ ਦੇਣਾ ਪੈਂਦਾ ਹੈ। ਉਦਾਹਰਨ ਵਜੋਂ, ਨਿਆਗਰਾ ਜਾਂ ਮਾਲਟਨ ਵਿੱਚ ਕਿਸੇ ਕਾਰ ਦਾ ਸਾਲਾਨਾ ਬੀਮਾ ਪ੍ਰੀਮੀਅਮ 1,200 ਤੋਂ 1,300 ਡਾਲਰ ਦੇ ਕਰੀਬ ਹੈ, ਜਦਕਿ ਉਸੇ ਕਿਸਮ ਅਤੇ ਮਾਡਲ ਦੀ ਕਾਰ ਲਈ ਬਰੈਂਪਟਨ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਔਸਤਨ 3,000 ਡਾਲਰ ਤੱਕ ਅਦਾ ਕਰਨੇ ਪੈਂਦੇ ਹਨ।

ਲੋਕਾਂ ਦੀ ਮੰਗ ਹੈ ਕਿ ਜਦੋਂ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਇੰਨੀ ਵੱਡੀ ਕਮੀ ਆਈ ਹੈ ਤਾਂ ਬੀਮਾ ਕੰਪਨੀਆਂ ਨੂੰ ਵੀ ਇਸ ਦਾ ਲਾਭ ਵਾਹਨ ਮਾਲਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਪ੍ਰੀਮੀਅਮ ਦੀਆਂ ਦਰਾਂ ਵਿੱਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *