Friday, November 6Punjabi People

ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਆਫ਼ਤਾਂ ਨਾਲ ਨਜਿੱਠਣ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਕਾਇਮ

ਚੰਡੀਗੜ੍ਹ, 6 ਨਵੰਬਰ 2026: ਹਰਿਆਣਾ ਸਰਕਾਰ ਨੇ ਸੂਬੇ ਵਿੱਚ ਆਫ਼ਤ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ 1,149 ਮੈਂਬਰੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦਾ ਗਠਨ ਕੀਤਾ ਹੈ। ਇਸ ਨਵੀਂ ਫੋਰਸ ਦੇ ਗਠਨ ਨਾਲ ਕੁਦਰਤੀ ਆਫ਼ਤਾਂ ਅਤੇ ਹੋਰ ਸੰਕਟਕਾਲੀਨ ਸਥਿਤੀਆਂ ਦੌਰਾਨ ਬਚਾਅ ਤੇ ਰਾਹਤ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੰਜਾਮ ਦਿੱਤਾ ਜਾ ਸਕੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤੀ ਕਮਿਸ਼ਨਰ ਅਤੇ ਮਾਲ ਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਆਫ਼ਤ ਪ੍ਰਬੰਧਨ ਐਕਟ, 2005 ਦੇ ਤਹਿਤ ਇਸ ਫੋਰਸ ਦੇ ਗਠਨ ਲਈ ਰਸਮੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਮਕਸਦ ਕੁਦਰਤੀ ਆਫ਼ਤਾਂ, ਐਮਰਜੈਂਸੀ ਹਾਲਾਤਾਂ ਅਤੇ ਅਚਾਨਕ ਵਾਪਰਨ ਵਾਲੀਆਂ ਹੋਰ ਘਟਨਾਵਾਂ ਨਾਲ ਨਜਿੱਠਣ ਲਈ ਸੂਬੇ ਦੀ ਸੰਸਥਾਗਤ ਅਤੇ ਕਾਰਜਕਾਰੀ ਸਮਰੱਥਾ ਵਿੱਚ ਵਾਧਾ ਕਰਨਾ ਹੈ। ਨਵੀਂ ਗਠਿਤ SDRF ਸੂਬੇ ਭਰ ਵਿੱਚ ਬਚਾਅ, ਰਾਹਤ, ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਅਤੇ ਆਫ਼ਤ ਪ੍ਰਬੰਧਨ ਨਾਲ ਸਬੰਧਤ ਕਾਰਜਾਂ ਦੀ ਜ਼ਿੰਮੇਵਾਰੀ ਨਿਭਾਏਗੀ।

ਡਾ. ਮਿਸ਼ਰਾ ਨੇ ਦੱਸਿਆ ਕਿ ਇਸ ਫੋਰਸ ਦੇ ਗਠਨ ਨਾਲ ਐਮਰਜੈਂਸੀ ਦੌਰਾਨ ਵੱਖ-ਵੱਖ ਸਰਕਾਰੀ ਅਤੇ ਬਚਾਅ ਏਜੰਸੀਆਂ ਵਿਚਕਾਰ ਤਾਲਮੇਲ ਹੋਰ ਬਿਹਤਰ ਹੋਵੇਗਾ। ਇਸ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲੋੜ ਅਨੁਸਾਰ ਤੁਰੰਤ ਸਹਾਇਤਾ ਪਹੁੰਚਾਉਣ ਅਤੇ ਰਾਹਤ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ 1,149 ਮੈਂਬਰੀ ਇਸ ਵਿਸ਼ੇਸ਼ ਫੋਰਸ ਦੀ ਸਥਾਪਨਾ ਨਾਲ ਹਰਿਆਣਾ ਵਿੱਚ ਆਫ਼ਤ ਪ੍ਰਬੰਧਨ ਦਾ ਢਾਂਚਾ ਹੋਰ ਮਜ਼ਬੂਤ ਹੋਵੇਗਾ ਅਤੇ ਸੂਬਾ ਕਿਸੇ ਵੀ ਅਣਕਿਆਸੀ ਆਫ਼ਤ ਜਾਂ ਐਮਰਜੈਂਸੀ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਵਧੇਰੇ ਤਿਆਰ ਰਹੇਗਾ।

Leave a Reply

Your email address will not be published. Required fields are marked *