
ਚੰਡੀਗੜ੍ਹ, 3 ਨਵੰਬਰ 2026: ਪੰਜਾਬ ਵਿਧਾਨ ਸਭਾ ਨਾਲ ਜੁੜੀ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਅਧਿਕਾਰਤ ਨੋਟਿਸ ਅਨੁਸਾਰ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਨ ਸਭਾ ਦੇ ਸਪੀਕਰ ਨੇ 3 ਨਵੰਬਰ 2026 ਨੂੰ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।

ਜਾਰੀ ਨੋਟਿਸ ਮੁਤਾਬਕ ਚੇਤਨ ਸਿੰਘ ਜੋੜਾਮਾਜਰਾ ਸਮਾਣਾ ਵਿਧਾਨ ਸਭਾ ਹਲਕੇ (116) ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਧਾਰਾ 190(3)(a) ਤਹਿਤ 1 ਨਵੰਬਰ 2026 ਤੋਂ ਆਪਣੀ ਵਿਧਾਇਕ ਵਜੋਂ ਮੈਂਬਰਸ਼ਿਪ ਛੱਡਣ ਲਈ ਅਸਤੀਫ਼ਾ ਦਿੱਤਾ ਸੀ।
ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਅਧਿਸੂਚਨਾ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਸਪੀਕਰ ਨੇ 3 ਨਵੰਬਰ ਨੂੰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਮੈਂਬਰਸ਼ਿਪ ਵੀ ਖ਼ਤਮ ਹੋ ਗਈ ਹੈ।
ਅਸਤੀਫ਼ੇ ਸਬੰਧੀ ਵਿਧਾਨ ਸਭਾ ਸਕੱਤਰੇਤ ਵੱਲੋਂ ਨੋਟਿਸ ਜਾਰੀ
ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਨੋਟਿਸ ਅਨੁਸਾਰ ਅਸਤੀਫ਼ੇ ਸਬੰਧੀ ਜਾਣਕਾਰੀ ਸਬੰਧਤ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਭੇਜ ਦਿੱਤੀ ਗਈ ਹੈ। ਇਸ ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ, ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਅਤੇ ਹੋਰ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ।
ਇਹ ਅਧਿਸੂਚਨਾ 3 ਨਵੰਬਰ 2026 ਨੂੰ ਜਾਰੀ ਕੀਤੀ ਗਈ ਹੈ, ਜਿਸ ’ਤੇ ਪੰਜਾਬ ਵਿਧਾਨ ਸਭਾ ਦੇ ਵਧੀਕ ਸਕੱਤਰ ਦੇ ਦਸਤਖ਼ਤ ਹਨ।
ਕੀ ਹੈ ਸੰਵਿਧਾਨ ਦੀ ਧਾਰਾ 190(3)(a)?
ਭਾਰਤੀ ਸੰਵਿਧਾਨ ਦੀ ਧਾਰਾ 190 ਵਿਧਾਨ ਸਭਾ ਦੇ ਮੈਂਬਰਾਂ ਦੀਆਂ ਸੀਟਾਂ ਖਾਲੀ ਹੋਣ ਨਾਲ ਸਬੰਧਤ ਹੈ। ਇਸ ਦੀ ਉਪ-ਧਾਰਾ 190(3)(a) ਅਨੁਸਾਰ, ਜੇਕਰ ਕੋਈ ਵਿਧਾਇਕ ਆਪਣਾ ਅਸਤੀਫ਼ਾ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪਦਾ ਹੈ ਅਤੇ ਸਪੀਕਰ ਵੱਲੋਂ ਉਸ ਦੀ ਜਾਂਚ ਤੋਂ ਬਾਅਦ ਅਸਤੀਫ਼ਾ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਉਸ ਦੀ ਵਿਧਾਨ ਸਭਾ ਦੀ ਸੀਟ ਖਾਲੀ ਹੋ ਜਾਂਦੀ ਹੈ।
ਇਸ ਮਾਮਲੇ ਵਿੱਚ ਸਪੀਕਰ ਵੱਲੋਂ ਚੇਤਨ ਸਿੰਘ ਜੋੜਾਮਾਜਰਾ ਦਾ ਅਸਤੀਫ਼ਾ ਸਵੀਕਾਰ ਕੀਤੇ ਜਾਣ ਨਾਲ ਸਮਾਣਾ ਵਿਧਾਨ ਸਭਾ ਹਲਕੇ ਦੀ ਸੀਟ ਖਾਲੀ ਹੋ ਗਈ ਹੈ।
