
ਚੰਡੀਗੜ੍ਹ, 2 ਨਵੰਬਰ 2026: ਚੰਡੀਗੜ੍ਹ ਦੇ ਸੈਕਟਰ-9 ਸਥਿਤ ਵੀਆਈਪੀ ਇਲਾਕੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਵੱਡੀ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਜਾਂਚ ਏਜੰਸੀ ਦੀਆਂ ਟੀਮਾਂ ਪਿਛਲੇ ਕਈ ਘੰਟਿਆਂ ਤੋਂ ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸ਼ਿਆਮ ਸੁੰਦਰ ਅਰੋੜਾ, ਉਨ੍ਹਾਂ ਦੇ ਪੁੱਤਰ ਪ੍ਰਤੀਕ ਅਰੋੜਾ ਅਤੇ ਕਈ ਰੀਅਲ ਅਸਟੇਟ ਕਾਰੋਬਾਰੀਆਂ ਨਾਲ ਸਬੰਧਤ ਟਿਕਾਣਿਆਂ ਦੀ ਤਲਾਸ਼ੀ ਲੈ ਰਹੀਆਂ ਹਨ।
ਜਾਣਕਾਰੀ ਮੁਤਾਬਕ, ਈਡੀ ਵੱਲੋਂ ਚੰਡੀਗੜ੍ਹ ਅਤੇ ਪੰਜਾਬ ਵਿੱਚ ਕਈ ਥਾਵਾਂ ’ਤੇ ਇੱਕੋ ਸਮੇਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਕਾਰਵਾਈ ਤਹਿਤ ਚੰਡੀਗੜ੍ਹ ਦੇ ਸੈਕਟਰ-9 ਵਿੱਚ ਰਹਿੰਦੇ ਦੋ ਪ੍ਰਮੁੱਖ ਰੀਅਲ ਅਸਟੇਟ ਪ੍ਰਮੋਟਰਾਂ ਦੇ ਘਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸਾਬਕਾ ਮੰਤਰੀ ਅਤੇ ਰੀਅਲ ਅਸਟੇਟ ਗਰੁੱਪ ਜਾਂਚ ਦੇ ਘੇਰੇ ਵਿੱਚ
ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਇਹ ਕਾਰਵਾਈ ਸਾਬਕਾ ਉਦਯੋਗ ਮੰਤਰੀ ਸ਼ਿਆਮ ਸੁੰਦਰ ਅਰੋੜਾ ਅਤੇ ਉਨ੍ਹਾਂ ਦੇ ਪੁੱਤਰ ਪ੍ਰਤੀਕ ਅਰੋੜਾ ਨਾਲ ਸਬੰਧਤ ਟਿਕਾਣਿਆਂ ਤੋਂ ਇਲਾਵਾ ਮਾਰਬੇਲਾ ਗਰੁੱਪ (Marbella Group), ਗੁਲਮੋਹਰ ਟਾਊਨਸ਼ਿਪ ਗਰੁੱਪ (Gulmohar Township Group) ਅਤੇ ਇਨ੍ਹਾਂ ਨਾਲ ਜੁੜੇ ਪ੍ਰਮੋਟਰਾਂ ਦੇ ਟਿਕਾਣਿਆਂ ’ਤੇ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੰਜੀਵ ਜੁਨੇਜਾ ਨਾਲ ਸਬੰਧਤ ਥਾਵਾਂ ’ਤੇ ਵੀ ਜਾਂਚ ਏਜੰਸੀ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ।
ਈਡੀ ਦੀ ਇਸ ਕਾਰਵਾਈ ਨੂੰ ਲੈ ਕੇ ਚੰਡੀਗੜ੍ਹ ਅਤੇ ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਹਾਲਾਂਕਿ, ਛਾਪੇਮਾਰੀ ਦੇ ਮਕਸਦ, ਜਾਂਚ ਦੇ ਆਧਾਰ ਅਤੇ ਹੁਣ ਤੱਕ ਮਿਲੇ ਦਸਤਾਵੇਜ਼ਾਂ ਜਾਂ ਹੋਰ ਸਬੂਤਾਂ ਸਬੰਧੀ ਅਧਿਕਾਰਤ ਵੇਰਵੇ ਸਾਹਮਣੇ ਆਉਣੇ ਬਾਕੀ ਹਨ।
