
ਜਲੰਧਰ, 2 ਨਵੰਬਰ 2026: ਨੀਦਰਲੈਂਡ ਦੇ ਹਾਕੀ ਜਗਤ ਦੇ ਮਹਾਨ ਖਿਡਾਰੀ ਅਤੇ ਓਲੰਪਿਕ ਤੇ ਵਿਸ਼ਵ ਕੱਪ ਸੋਨ ਤਗਮਾ ਜੇਤੂ ਫਲੋਰਿਸ ਯਾਨ ਬੋਵੇਲੈਂਡਰ ਨੇ ਪੰਜਾਬ ਵਿੱਚ ਚੱਲ ਰਹੀ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਵਿੱਚ ਸ਼ਿਰਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਸੱਦੇ ’ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਮੁੱਖ ਮੰਤਰੀ ਦੀ ਇਸ ਸਾਲ ਅਪ੍ਰੈਲ ਵਿੱਚ ਹੋਈ ਨੀਦਰਲੈਂਡ ਫੇਰੀ ਨੂੰ ਯਾਦ ਕਰਦਿਆਂ ਹਾਕੀ ਪ੍ਰਤੀ ਉਨ੍ਹਾਂ ਦੇ ਜਨੂੰਨ ਅਤੇ ਲਗਾਅ ਦੀ ਵੀ ਸ਼ਲਾਘਾ ਕੀਤੀ।
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਦੌਰਾਨ ਗੱਲਬਾਤ ਕਰਦਿਆਂ ਬੋਵੇਲੈਂਡਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਸੱਦਾ ਦੇਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹੋਣ ਦੇ ਨਾਲ-ਨਾਲ ਖੁਸ਼ ਵੀ ਸਨ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਯਾਦ ਰੱਖਿਆ ਅਤੇ ਇਸ ਵੱਕਾਰੀ ਟੂਰਨਾਮੈਂਟ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ। ਉਨ੍ਹਾਂ ਅਨੁਸਾਰ ਇਹ ਸੱਦਾ ਮੁੱਖ ਮੰਤਰੀ ਦੇ ਹਾਕੀ ਪ੍ਰਤੀ ਡੂੰਘੇ ਪਿਆਰ ਅਤੇ ਸਮਰਪਣ ਨੂੰ ਦਰਸਾਉਂਦਾ ਹੈ, ਜਿਸ ਕਾਰਨ ਉਨ੍ਹਾਂ ਨੇ ਜਲੰਧਰ ਆਉਣ ਦਾ ਫ਼ੈਸਲਾ ਕੀਤਾ।
ਫਲੋਰਿਸ ਯਾਨ ਬੋਵੇਲੈਂਡਰ ਨੇ ਅਕਤੂਬਰ 1985 ਤੋਂ ਅਗਸਤ 1996 ਤੱਕ ਆਪਣੇ ਕੌਮਾਂਤਰੀ ਹਾਕੀ ਕਰੀਅਰ ਦੌਰਾਨ ਨੀਦਰਲੈਂਡ ਦੀ ਨੁਮਾਇੰਦਗੀ ਕਰਦਿਆਂ 241 ਮੈਚ ਖੇਡੇ ਅਤੇ 215 ਗੋਲ ਕੀਤੇ। ਉਹ ਦੁਨੀਆ ਦੇ ਪ੍ਰਸਿੱਧ ਡਰੈਗ ਫਲਿੱਕਰਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ ਭਾਰਤ ਨੂੰ ਵਿਸ਼ਵ ਹਾਕੀ ਦਾ ਇੱਕ ਮਹੱਤਵਪੂਰਨ ਕੇਂਦਰ ਦੱਸਦਿਆਂ ਕਿਹਾ ਕਿ ਭਾਰਤ ਨੇ ਇਸ ਖੇਡ ਨੂੰ ਕੌਮਾਂਤਰੀ ਪੱਧਰ ’ਤੇ ਪ੍ਰਸਿੱਧ ਬਣਾਉਣ ਅਤੇ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਓਲੰਪਿਕ ਲਹਿਰ ਵਿੱਚ ਏਸ਼ੀਆਈ ਦੇਸ਼ਾਂ, ਖ਼ਾਸ ਕਰਕੇ ਭਾਰਤ ਅਤੇ ਪਾਕਿਸਤਾਨ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੇਸ਼ਾਂ ਨੇ ਹਾਕੀ ਨੂੰ ਦੁਨੀਆ ਭਰ ਵਿੱਚ ਹਰਮਨ-ਪਿਆਰਾ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਭਾਰਤੀ ਹਾਕੀ ਨਾਲ ਆਪਣੇ ਪੁਰਾਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ, ਖ਼ਾਸ ਕਰਕੇ ਸਿੱਖ ਖਿਡਾਰੀਆਂ ਨਾਲ ਉਨ੍ਹਾਂ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ।
ਆਪਣੀ ਪੰਜਾਬ ਫੇਰੀ ਦੌਰਾਨ ਬੋਵੇਲੈਂਡਰ ਨੇ ਪੰਜਾਬ ਦੇ 37 ਹਾਕੀ ਕੋਚਾਂ ਅਤੇ ਪੰਜਾਬ ਸਰਕਾਰ ਦੀ ਦੇਖ-ਰੇਖ ਹੇਠ ਚੱਲ ਰਹੀ ਸੁਰਜੀਤ ਹਾਕੀ ਅਕੈਡਮੀ ਦੇ ਉਭਰਦੇ ਖਿਡਾਰੀਆਂ ਨਾਲ ਵਿਸ਼ੇਸ਼ ਸਿਖਲਾਈ ਸੈਸ਼ਨ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਖ਼ੁਦ ਹਾਕੀ ਸਟਿੱਕ ਨਾਲ ਅਭਿਆਸ ਕੀਤਾ ਅਤੇ ਨੌਜਵਾਨ ਖਿਡਾਰੀਆਂ ਵੱਲੋਂ ਲਗਾਈਆਂ ਗਈਆਂ ਡਰੈਗ ਫਲਿੱਕਾਂ ਦਾ ਵੀ ਜਾਇਜ਼ਾ ਲਿਆ।
ਸਿਖਲਾਈ ਸੈਸ਼ਨ ਦੌਰਾਨ ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨਾਲ ਆਪਣੇ ਲੰਬੇ ਕੌਮਾਂਤਰੀ ਤਜਰਬੇ ਨੂੰ ਸਾਂਝਾ ਕਰਦਿਆਂ ਡਰੈਗ ਫਲਿੱਕ ਦੀਆਂ ਬਾਰੀਕੀਆਂ ਅਤੇ ਤਕਨੀਕੀ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਖਿਡਾਰੀਆਂ ਨੂੰ ਖੇਡ ਦੀਆਂ ਤਕਨੀਕਾਂ ਵਿੱਚ ਸੁਧਾਰ ਕਰਨ ਅਤੇ ਅਭਿਆਸ ਰਾਹੀਂ ਆਪਣੀ ਕਾਬਲੀਅਤ ਨਿਖਾਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਖੇਡ ਵਿਭਾਗ ਵੱਲੋਂ ਓਲੰਪੀਅਨ ਅਤੇ ਤਮਗਾ ਜੇਤੂ ਗੁਰਜੰਟ ਸਿੰਘ, ਦਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਤੇਜਾ ਅਤੇ ਹਾਕੀ ਕੋਚ ਅਵਤਾਰ ਸਿੰਘ ਵੀ ਮੌਜੂਦ ਸਨ। ਪੰਜਾਬ ਦੇ ਖੇਡ ਵਿਭਾਗ ਵੱਲੋਂ ਹਾਕੀ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਉਣ ਲਈ ਫਲੋਰਿਸ ਬੋਵੇਲੈਂਡਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਪੰਜਾਬ ਵੱਲੋਂ ਮਿਲੇ ਪਿਆਰ ਅਤੇ ਸਨਮਾਨ ਤੋਂ ਪ੍ਰਭਾਵਿਤ ਬੋਵੇਲੈਂਡਰ ਨੇ 4 ਅਤੇ 5 ਨਵੰਬਰ ਨੂੰ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਅਹਿਮ ਮੁਕਾਬਲਿਆਂ ਵਿੱਚ ਵੀ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ।
