Monday, November 2Punjabi People

ਲਹਿਰਾਗਾਗਾ ਨੇੜੇ 27 ਏਕੜ ਤੋਂ ਵੱਧ ਜ਼ਮੀਨ ’ਤੇ ਬਣੇਗੀ ਨਵੀਂ ਅਨਾਜ ਮੰਡੀ, ਕੈਬਨਿਟ ਨੇ ਦਿੱਤੀ ਮਨਜ਼ੂਰੀ: ਬਰਿੰਦਰ ਗੋਇਲ

ਚੰਡੀਗੜ੍ਹ, 2 ਨਵੰਬਰ 2026: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਅਤੇ ਫ਼ਸਲਾਂ ਦੀ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਲਹਿਰਾਗਾਗਾ ਨੇੜੇ ਇੱਕ ਨਵੀਂ ਅਨਾਜ ਮੰਡੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜਲ ਸਰੋਤ ਮੰਤਰੀ ਅਤੇ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਐਲਾਨ ਕੀਤਾ ਕਿ ਪਿੰਡ ਖੰਡੇਬਾਦ ਵਿਖੇ 217 ਕਨਾਲ ਅਤੇ 14 ਮਰਲੇ (27 ਏਕੜ ਤੋਂ ਵੱਧ) ਸਰਕਾਰੀ ਜ਼ਮੀਨ ’ਤੇ ਇਸ ਨਵੀਂ ਅਨਾਜ ਮੰਡੀ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 31 ਅਕਤੂਬਰ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲਹਿਰਾਗਾਗਾ ਦੀ ਮੌਜੂਦਾ ਅਨਾਜ ਮੰਡੀ ਵਿੱਚ ਫ਼ਸਲਾਂ ਦੀ ਲਗਾਤਾਰ ਵਧ ਰਹੀ ਆਮਦ ਨੂੰ ਸੰਭਾਲਣ ਲਈ ਲੋੜੀਂਦੀ ਜਗ੍ਹਾ ਨਹੀਂ ਹੈ। ਖ਼ਾਸ ਕਰਕੇ ਝੋਨੇ ਅਤੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਮੰਡੀ ਵਿੱਚ ਭਾਰੀ ਭੀੜ ਹੋ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਮੌਜੂਦਾ ਅਨਾਜ ਮੰਡੀ ਲਗਭਗ 45 ਸਾਲ ਪਹਿਲਾਂ ਕਰੀਬ 12 ਏਕੜ ਜ਼ਮੀਨ ’ਤੇ ਸਥਾਪਤ ਕੀਤੀ ਗਈ ਸੀ। ਇਸੇ ਥਾਂ ’ਤੇ ਬਾਅਦ ਵਿੱਚ ਕਪਾਹ ਦਾ ਯਾਰਡ ਵੀ ਬਣਾਇਆ ਗਿਆ। ਸਮੇਂ ਦੇ ਨਾਲ ਖੇਤੀਬਾੜੀ ਉਤਪਾਦਨ ਅਤੇ ਮੰਡੀ ਵਿੱਚ ਫ਼ਸਲਾਂ ਦੀ ਆਮਦ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਕਾਰਨ ਮੌਜੂਦਾ ਮੰਡੀ ਦੀ ਜਗ੍ਹਾ ਖਰੀਦ ਅਤੇ ਵਪਾਰਕ ਗਤੀਵਿਧੀਆਂ ਲਈ ਨਾਕਾਫ਼ੀ ਹੋ ਗਈ ਹੈ।

ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੌਜੂਦਾ ਅਨਾਜ ਮੰਡੀ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਹੋਣ ਕਾਰਨ ਫ਼ਸਲਾਂ ਦੀ ਖਰੀਦ ਦੇ ਸੀਜ਼ਨ ਦੌਰਾਨ ਆਵਾਜਾਈ ਦੀ ਸਮੱਸਿਆ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਮੰਡੀ ਵਿੱਚ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਕਾਰਨ ਸ਼ਹਿਰ ਵਾਸੀਆਂ ਨੂੰ ਵੀ ਦਿੱਕਤਾਂ ਆਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਕਿਸਾਨਾਂ, ਵਪਾਰੀਆਂ ਅਤੇ ਆੜ੍ਹਤੀਆਂ ਵੱਲੋਂ ਲੰਬੇ ਸਮੇਂ ਤੋਂ ਨਵੀਂ ਅਨਾਜ ਮੰਡੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਤਾਂ ਜੋ ਫ਼ਸਲਾਂ ਦੀ ਖਰੀਦ, ਵਿਕਰੀ ਅਤੇ ਭੰਡਾਰਨ ਨਾਲ ਸਬੰਧਤ ਕੰਮ ਸੁਚਾਰੂ ਢੰਗ ਨਾਲ ਹੋ ਸਕਣ। ਪੰਜਾਬ ਸਰਕਾਰ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਣ ਨਵੀਂ ਮੰਡੀ ਦੀ ਸਥਾਪਨਾ ਲਈ ਮਨਜ਼ੂਰੀ ਦੇ ਦਿੱਤੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਨਵੀਂ ਅਨਾਜ ਮੰਡੀ ਲਈ ਚੁਣੀ ਗਈ ਜਗ੍ਹਾ ਲਹਿਰਾਗਾਗਾ ਦੇ ਨੇੜੇ ਪਿੰਡ ਖੰਡੇਬਾਦ ਵਿੱਚ ਸਥਿਤ ਹੈ। ਇਸ ਮੰਡੀ ਤੱਕ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਪਹੁੰਚ ਮਾਰਗ ਪਿੰਡ ਲਹਿਲ ਖੁਰਦ ਦੀ ਜ਼ਮੀਨ ਵਿੱਚੋਂ ਤਿਆਰ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਨਵੀਂ ਅਨਾਜ ਮੰਡੀ ਦੇ ਬਣਨ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਵਧੇਰੇ ਜਗ੍ਹਾ ਅਤੇ ਬਿਹਤਰ ਸਹੂਲਤਾਂ ਮਿਲਣਗੀਆਂ। ਇਸ ਨਾਲ ਖਰੀਦ ਸੀਜ਼ਨ ਦੌਰਾਨ ਹੋਣ ਵਾਲੀ ਭੀੜ ਅਤੇ ਆਵਾਜਾਈ ਦੀ ਸਮੱਸਿਆ ਘਟੇਗੀ ਅਤੇ ਖੇਤੀਬਾੜੀ ਉਪਜ ਦੀ ਖਰੀਦ ਪ੍ਰਕਿਰਿਆ ਹੋਰ ਸੁਚਾਰੂ ਬਣੇਗੀ।

Leave a Reply

Your email address will not be published. Required fields are marked *