Thursday, October 29Punjabi People

ਹਰਿਆਣਾ ਦੇ ਗੰਨਾ ਕਿਸਾਨਾਂ ਲਈ ਵੱਡਾ ਐਲਾਨ, ਦੋ ਸਾਲਾਂ ’ਚ 35 ਰੁਪਏ ਪ੍ਰਤੀ ਕੁਇੰਟਲ ਵਧੇਗਾ ਭਾਅ

ਚੰਡੀਗੜ੍ਹ, 29 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਗੰਨਾ ਕਿਸਾਨਾਂ ਨੂੰ ਰਾਹਤ ਦਿੰਦਿਆਂ ਅਗਲੇ ਦੋ ਸਾਲਾਂ ਲਈ ਗੰਨੇ ਦੇ ਭਾਅ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਐਲਾਨ ਅਨੁਸਾਰ, ਸਾਲ 2026-27 ਦੇ ਸੀਜ਼ਨ ਦੌਰਾਨ ਗੰਨੇ ਦਾ ਭਾਅ 430 ਰੁਪਏ ਪ੍ਰਤੀ ਕੁਇੰਟਲ ਹੋਵੇਗਾ, ਜਦਕਿ 2027-28 ਦੇ ਸੀਜ਼ਨ ਵਿੱਚ ਇਸ ਨੂੰ ਵਧਾ ਕੇ 450 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2025-26 ਵਿੱਚ ਗੰਨੇ ਦਾ ਭਾਅ 415 ਰੁਪਏ ਪ੍ਰਤੀ ਕੁਇੰਟਲ ਸੀ। ਇਸ ਵਿੱਚ 15 ਰੁਪਏ ਦਾ ਵਾਧਾ ਕਰਦਿਆਂ ਅਗਲੇ ਸੀਜ਼ਨ ਲਈ ਭਾਅ 430 ਰੁਪਏ ਤੈਅ ਕੀਤਾ ਗਿਆ ਹੈ। ਇਸ ਤੋਂ ਬਾਅਦ 2027-28 ਵਿੱਚ ਕਿਸਾਨਾਂ ਨੂੰ ਪ੍ਰਤੀ ਕੁਇੰਟਲ 450 ਰੁਪਏ ਮਿਲਣਗੇ। ਇਸ ਤਰ੍ਹਾਂ ਦੋ ਸਾਲਾਂ ਦੌਰਾਨ ਗੰਨੇ ਦੇ ਭਾਅ ਵਿੱਚ ਕੁੱਲ 35 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਵੇਗਾ।

ਕਿਸਾਨਾਂ ਦੀ ਆਮਦਨ ਵਧਾਉਣ ’ਤੇ ਜ਼ੋਰ

ਨਾਇਬ ਸਿੰਘ ਸੈਣੀ ਅਨੁਸਾਰ, ਆਮ ਹਾਲਾਤ ਵਿੱਚ ਗੰਨੇ ਦੀ ਪੈਦਾਵਾਰ 700 ਤੋਂ 800 ਕੁਇੰਟਲ ਪ੍ਰਤੀ ਹੈਕਟੇਅਰ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਅ ਵਿੱਚ ਕੀਤੇ ਗਏ ਵਾਧੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਪ੍ਰਤੀ ਏਕੜ, ਪ੍ਰਤੀ ਸੀਜ਼ਨ ਲਗਭਗ 10 ਹਜ਼ਾਰ ਤੋਂ 11,300 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਕਿਸਾਨਾਂ ਨੇ ਡੀਜ਼ਲ, ਮਜ਼ਦੂਰੀ ਅਤੇ ਖਾਦ ਦੀਆਂ ਵਧਦੀਆਂ ਕੀਮਤਾਂ ਕਾਰਨ ਖੇਤੀ ਲਾਗਤ ਵਿੱਚ ਹੋ ਰਹੇ ਵਾਧੇ ਬਾਰੇ ਚਿੰਤਾ ਜਤਾਈ ਸੀ। ਉਨ੍ਹਾਂ ਮੁਤਾਬਕ, ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਨ ਨਾਲ ਕਿਸਾਨਾਂ ਨੂੰ ਵਧੇ ਹੋਏ ਖੇਤੀ ਖਰਚਿਆਂ ਦੀ ਭਰਪਾਈ ਕਰਨ ਵਿੱਚ ਮਦਦ ਮਿਲੇਗੀ।

ਖੰਡ ਮਿੱਲਾਂ ਨੂੰ ਵੀ ਮਿਲੇਗਾ ਲਾਭ

ਮੁੱਖ ਮੰਤਰੀ ਨੇ ਕਿਹਾ ਕਿ ਗੰਨੇ ਦੇ ਭਾਅ ਵਿੱਚ ਵਾਧੇ ਨਾਲ ਕਿਸਾਨ ਇਸ ਫ਼ਸਲ ਦੀ ਕਾਸ਼ਤ ਲਈ ਉਤਸ਼ਾਹਿਤ ਹੋਣਗੇ। ਇਸ ਨਾਲ ਗੰਨੇ ਦੀ ਪੈਦਾਵਾਰ ਵਧਣ ਦੀ ਉਮੀਦ ਹੈ ਅਤੇ ਖੰਡ ਮਿੱਲਾਂ ਨੂੰ ਲੋੜੀਂਦੀ ਮਾਤਰਾ ਵਿੱਚ ਗੰਨਾ ਮਿਲ ਸਕੇਗਾ। ਨਤੀਜੇ ਵਜੋਂ ਮਿੱਲਾਂ ਆਪਣੀ ਉਤਪਾਦਨ ਸਮਰੱਥਾ ਦੀ ਬਿਹਤਰ ਵਰਤੋਂ ਕਰ ਸਕਣਗੀਆਂ।

ਉਨ੍ਹਾਂ ਕਿਹਾ ਕਿ ਅਗਲੇ ਸਾਲ ਲਈ ਗੰਨੇ ਦਾ ਭਾਅ ਪਹਿਲਾਂ ਹੀ ਐਲਾਨਣ ਨਾਲ ਕਿਸਾਨਾਂ ਨੂੰ ਆਪਣੀਆਂ ਫ਼ਸਲੀ ਯੋਜਨਾਵਾਂ ਬਣਾਉਣ ਵਿੱਚ ਸਹੂਲਤ ਮਿਲੇਗੀ। ਮੁੱਖ ਮੰਤਰੀ ਅਨੁਸਾਰ, ਦੇਸ਼ ਵਿੱਚ ਗੰਨੇ ਦੀ ਘਾਟ ਦੇ ਮੱਦੇਨਜ਼ਰ ਇਹ ਫ਼ੈਸਲਾ ਕਿਸਾਨਾਂ ਨੂੰ ਹੋਰ ਫ਼ਸਲਾਂ ਵੱਲ ਜਾਣ ਤੋਂ ਰੋਕਣ ਅਤੇ ਗੰਨੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਸਹਾਇਕ ਹੋ ਸਕਦਾ ਹੈ।

Leave a Reply

Your email address will not be published. Required fields are marked *