Thursday, October 29Punjabi People

ਕੈਨੇਡਾ ਸਰਹੱਦ ’ਤੇ ਟਰਾਲੇ ’ਚੋਂ 52 ਕਿੱਲੋ ਹੈਰੋਇਨ ਤੇ ਕੋਕੀਨ ਬਰਾਮਦ, ਪੰਜਾਬੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ

ਕੈਨੇਡਾ, 29 ਅਕਤੂਬਰ 2026:  ਕੈਨੇਡਾ ਵਿੱਚ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਫੈਡਰਲ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਅਮਰੀਕਾ ਤੋਂ ਕੈਨੇਡਾ ਆ ਰਹੇ ਇੱਕ ਟਰੱਕ-ਟਰਾਲੇ ਵਿੱਚੋਂ 52 ਕਿੱਲੋ ਹੈਰੋਇਨ ਅਤੇ ਕੋਕੀਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਖ਼ੁਸ਼ਵਿੰਦਰ ਸਿੰਘ ਗਿੱਲ (47) ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਲਾਏ ਗਏ ਹਨ।

ਫੈਡਰਲ ਪੁਲਿਸ ਦੇ ਬੁਲਾਰੇ ਕਾਰਪੋਰਲ ਪਰਮਬੀਰ ਕਾਹਲੋਂ ਅਨੁਸਾਰ, ਕੁਝ ਦਿਨ ਪਹਿਲਾਂ ਖ਼ੁਸ਼ਵਿੰਦਰ ਸਿੰਘ ਗਿੱਲ ਆਪਣਾ ਟਰੱਕ-ਟਰਾਲਾ ਲੈ ਕੇ ਅਮਰੀਕਾ ਤੋਂ ਕੈਨੇਡਾ ਵਿੱਚ ਦਾਖ਼ਲ ਹੋ ਰਿਹਾ ਸੀ। ਸਰਹੱਦ ’ਤੇ ਜਾਂਚ ਦੌਰਾਨ ਅਧਿਕਾਰੀਆਂ ਨੂੰ ਟਰੱਕ ਵਿੱਚ ਰੱਖੇ ਦੋ ਬੈਗਾਂ ’ਤੇ ਸ਼ੱਕ ਹੋਇਆ। ਬੈਗਾਂ ਵਿੱਚ ਮੌਜੂਦ ਸਾਮਾਨ ਬਾਰੇ ਪੁੱਛੇ ਜਾਣ ’ਤੇ ਡਰਾਈਵਰ ਦਾ ਜਵਾਬ ਅਧਿਕਾਰੀਆਂ ਨੂੰ ਤਸੱਲੀਬਖ਼ਸ਼ ਨਹੀਂ ਲੱਗਿਆ।

ਜਦੋਂ ਬੈਗਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਵਿੱਚੋਂ ਇੱਟਾਂ ਦੇ ਆਕਾਰ ਦੇ ਪੈਕਟਾਂ ਵਿੱਚ ਪੈਕ ਕੀਤੀ ਹੈਰੋਇਨ ਅਤੇ ਕੋਕੀਨ ਬਰਾਮਦ ਹੋਈ। ਇਸ ਤੋਂ ਬਾਅਦ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਮਗਰੋਂ ਉਸ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਦੋਸ਼ ਆਇਦ ਕੀਤੇ ਗਏ।

ਸਾਂਝੇ ਆਪ੍ਰੇਸ਼ਨ ਨੂੰ ਦੱਸਿਆ ਵੱਡੀ ਸਫ਼ਲਤਾ

ਸੀਬੀਐੱਸਏ ਦੇ ਪੈਸਿਫਿਕ ਖੇਤਰੀ ਜ਼ਿਲ੍ਹੇ ਦੇ ਡਾਇਰੈਕਟਰ ਡੇਵਿਡ ਲੀ ਨੇ ਕਿਹਾ ਕਿ ਫੈਡਰਲ ਪੁਲਿਸ ਨਾਲ ਤਾਲਮੇਲ ਕਰਕੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਅਜਿਹੇ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨ ਵਿੱਚ ਮਦਦ ਮਿਲ ਰਹੀ ਹੈ।

ਉਨ੍ਹਾਂ ਅਨੁਸਾਰ, 52 ਕਿੱਲੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੋਵਾਂ ਏਜੰਸੀਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਜਾਂਚ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਨਾਲ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।

ਕੋਕੁਇਟਲਮ ਵਿੱਚ ਚੋਰੀ ਦੇ ਮਾਮਲਿਆਂ ’ਚ 31 ਮੁਲਜ਼ਮ ਗ੍ਰਿਫ਼ਤਾਰ

ਇੱਕ ਹੋਰ ਕਾਰਵਾਈ ਦੌਰਾਨ ਕੈਨੇਡਾ ਦੇ ਕੋਕੁਇਟਲਮ ਵਿੱਚ ਪੁਲਿਸ ਨੇ ਸਟੋਰਾਂ ਵਿੱਚ ਚੋਰੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ 31 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹਜ਼ਾਰਾਂ ਡਾਲਰਾਂ ਦੀ ਕੀਮਤ ਦਾ ਚੋਰੀ ਕੀਤਾ ਸਾਮਾਨ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਅਨੁਸਾਰ, ਮੁਲਜ਼ਮ ਕਥਿਤ ਤੌਰ ’ਤੇ ਸਟੋਰਾਂ ਵਿੱਚ ਦਾਖ਼ਲ ਹੋ ਕੇ ਉੱਥੇ ਮੌਜੂਦ ਸੇਲਜ਼ ਕਰਮਚਾਰੀਆਂ ਨੂੰ ਡਰਾ-ਧਮਕਾ ਕੇ ਸਾਮਾਨ ਚੋਰੀ ਕਰਦੇ ਸਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲਿਸ ਵੱਲੋਂ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ।

ਪੁਲਿਸ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਟੀਮ ਨੇ ਕੁਝ ਹੀ ਦਿਨਾਂ ਵਿੱਚ ਕਾਰਵਾਈ ਕਰਦਿਆਂ 31 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਦੋਵਾਂ ਮਾਮਲਿਆਂ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *