
ਮੇਘਾਲਿਆ 5 ਫਰਬਰੀ 2026: ਮੇਘਾਲਿਆ ਦੇ ਪੂਰਬੀ ਜੈਂਤੀਆ ਹਿਲਜ਼ ਜ਼ਿਲ੍ਹੇ ਵਿੱਚ ਇੱਕ ਗੈਰ-ਕਾਨੂੰਨੀ ਕੋਲਾ ਖਾਣ ਵਿੱਚ ਹੋਏ ਧਮਾਕੇ ਨਾਲ ਘੱਟੋ-ਘੱਟ 16 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰਾਂ ਦੇ ਅਜੇ ਵੀ ਖਾਣ ਅੰਦਰ ਫਸੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਇਹ ਹਾਦਸਾ ਸਵੇਰੇ ਥਾਂਗਸਕੂ ਖੇਤਰ ਵਿੱਚ ਵਾਪਰਿਆ।
ਮੇਘਾਲਿਆ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਆਈ. ਨੋਂਗਰਾਂਗ ਨੇ ਦੱਸਿਆ ਕਿ ਬਚਾਅ ਟੀਮਾਂ ਵੱਲੋਂ ਖੋਜ ਅਤੇ ਰਾਹਤ ਕਾਰਵਾਈ ਜ਼ੋਰ-ਸ਼ੋਰ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 16 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਹਾਲਾਂਕਿ ਧਮਾਕੇ ਵੇਲੇ ਖਾਣ ਅੰਦਰ ਮੌਜੂਦ ਮਜ਼ਦੂਰਾਂ ਦੀ ਸਹੀ ਗਿਣਤੀ ਬਾਰੇ ਅਜੇ ਪੁਸ਼ਟੀ ਨਹੀਂ ਹੋ ਸਕੀ। ਉਨ੍ਹਾਂ ਅਨੁਸਾਰ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ।
ਪੂਰਬੀ ਜੈਂਤੀਆ ਹਿਲਜ਼ ਦੇ ਪੁਲੀਸ ਸੁਪਰਡੈਂਟ ਵਿਕਾਸ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕੇ ਵਿੱਚ ਜ਼ਖ਼ਮੀ ਹੋਏ ਇੱਕ ਵਿਅਕਤੀ ਨੂੰ ਪਹਿਲਾਂ ਸੁਤੰਗਾ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵਧੀਆ ਇਲਾਜ ਲਈ ਸ਼ਿਲਾਂਗ ਦੇ ਇੱਕ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ।
ਪੁਲੀਸ ਅਨੁਸਾਰ, ਇਹ ਧਮਾਕਾ ਕੋਲਾ ਕੱਢਣ ਦੀ ਕਾਰਵਾਈ ਦੌਰਾਨ ਹੋਣ ਦਾ ਖਦਸ਼ਾ ਹੈ, ਜੋ ਕਿ ਗੈਰ-ਕਾਨੂੰਨੀ ਮਾਈਨਿੰਗ ਦਾ ਹਿੱਸਾ ਮੰਨੀ ਜਾ ਰਹੀ ਹੈ। ਜਦੋਂ ਪੁਲੀਸ ਸੁਪਰਡੈਂਟ ਤੋਂ ਪੁੱਛਿਆ ਗਿਆ ਕਿ ਕੀ ਖਾਣ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀ ਸੀ, ਤਾਂ ਉਨ੍ਹਾਂ ਕਿਹਾ ਕਿ ਪ੍ਰਾਰੰਭਿਕ ਜਾਂਚ ਤੋਂ ਇਹੋ ਜਿਹਾ ਹੀ ਪ੍ਰਤੀਤ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਧਮਾਕੇ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਵਾਤਾਵਰਣੀ ਨੁਕਸਾਨ ਅਤੇ ਸੁਰੱਖਿਆ ਖ਼ਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ 2014 ਵਿੱਚ ਮੇਘਾਲਿਆ ਵਿੱਚ ‘ਰੈਟ-ਹੋਲ’ ਕੋਲਾ ਮਾਈਨਿੰਗ ਅਤੇ ਹੋਰ ਗੈਰ-ਵਿਗਿਆਨਕ ਤਰੀਕਿਆਂ ’ਤੇ ਪਾਬੰਦੀ ਲਗਾ ਦਿੱਤੀ ਸੀ।
ਰੈਟ-ਹੋਲ ਮਾਈਨਿੰਗ ਵਿੱਚ ਕੋਲਾ ਕੱਢਣ ਲਈ ਬਹੁਤ ਤੰਗ ਅਤੇ ਗਹਿਰੀਆਂ ਸੁਰੰਗਾਂ ਬਣਾਈਆਂ ਜਾਂਦੀਆਂ ਹਨ, ਜੋ ਆਮ ਤੌਰ ’ਤੇ ਸਿਰਫ਼ 3 ਤੋਂ 4 ਫੁੱਟ ਉੱਚੀਆਂ ਹੁੰਦੀਆਂ ਹਨ।
ਇਨ੍ਹਾਂ ਤੰਗ ਸੁਰੰਗਾਂ ਨੂੰ ‘ਰੈਟ-ਹੋਲ’ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚ ਇੱਕ ਸਮੇਂ ’ਚ ਕੇਵਲ ਇੱਕ ਵਿਅਕਤੀ ਹੀ ਮੁਸ਼ਕਿਲ ਨਾਲ ਦਾਖ਼ਲ ਹੋ ਸਕਦਾ ਹੈ। ਬਾਅਦ ਵਿੱਚ ਸੁਪਰੀਮ ਕੋਰਟ ਨੇ ਵੀ ਇਸ ਪਾਬੰਦੀ ਨੂੰ ਬਰਕਰਾਰ ਰੱਖਿਆ ਅਤੇ ਸਿਰਫ਼ ਵਿਗਿਆਨਕ, ਨਿਯਮਤ ਅਤੇ ਵਾਤਾਵਰਣ-ਸੁਰੱਖਿਅਤ ਪ੍ਰਕਿਰਿਆਵਾਂ ਅਧੀਨ ਮਾਈਨਿੰਗ ਦੀ ਹੀ ਇਜਾਜ਼ਤ ਦਿੱਤੀ ਸੀ।
9
