
ਚੰਡੀਗੜ੍ਹ, 5 ਫਰਵਰੀ 2026: ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਬੀਤੀ ਸ਼ਾਮ ਸੂਬੇ ਦੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ-ਕਮ-ਡਿਪਟੀ ਕਮਿਸ਼ਨਰਾਂ ਨਾਲ ਇੱਕ ਅਹਿਮ ਸਮੀਖਿਆ ਮੀਟਿੰਗ ਕਰਕੇ ਵੋਟਰ ਸੂਚੀਆਂ ਦੇ ਪ੍ਰਬੰਧਨ ਨਾਲ ਸੰਬੰਧਤ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਤਫ਼ਸੀਲ ਨਾਲ ਸਮੀਖਿਆ ਕੀਤੀ। ਇਸ ਮੀਟਿੰਗ ਦਾ ਮੁੱਖ ਮਕਸਦ ਚੋਣੀ ਪ੍ਰਕਿਰਿਆ ਨੂੰ ਹੋਰ ਸੁਚੱਜਾ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣਾ ਸੀ।
ਮੀਟਿੰਗ ਦੌਰਾਨ ਮੁੱਖ ਚੋਣ ਅਧਿਕਾਰੀ ਨੇ ਵੋਟਰ ਮੈਪਿੰਗ ਗਤੀਵਿਧੀਆਂ ਦੀ ਜ਼ਿਲ੍ਹਾ-ਵਾਰ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਚੋਣ ਡਾਟਾ ਦੀ ਯੋਜਨਾਬੱਧ ਕਵਰੇਜ, ਸ਼ੁੱਧਤਾ ਅਤੇ ਸਮੇਂ-ਸਿਰ ਅਪਡੇਸ਼ਨ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦਿੱਤਾ ਕਿ ਵੋਟਰ ਸੂਚੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਲੋਕਤੰਤਰ ਦੀ ਮਜ਼ਬੂਤੀ ‘ਤੇ ਅਸਰ ਪਾ ਸਕਦੀ ਹੈ, ਇਸ ਲਈ ਹਰ ਪੱਧਰ ‘ਤੇ ਸਾਵਧਾਨੀ ਅਤੇ ਜਵਾਬਦੇਹੀ ਬਰਕਰਾਰ ਰਹੇ।
ਇਸ ਮੌਕੇ ਗਲਤ ਜਾਂ ਸਪਸ਼ਟ ਤੌਰ ‘ਤੇ ਪਛਾਣਯੋਗ ਨਾ ਹੋਣ ਵਾਲੀਆਂ ਫੋਟੋਆਂ, ਅਧੂਰੀ ਜਾਂ ਗਲਤ ਐਂਟਰੀਆਂ ਨਾਲ ਜੁੜੇ ਮਾਮਲਿਆਂ ਨੂੰ ਤੁਰੰਤ ਹੱਲ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਚੋਣ ਫਾਰਮਾਂ ਦੇ ਸੰਗ੍ਰਹਿ ਅਤੇ ਨਿਪਟਾਰੇ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਧਾਰਤ ਪ੍ਰਕਿਰਿਆਵਾਂ ਅਨੁਸਾਰ ਅਜਿਹੇ ਕੇਸਾਂ ਦਾ ਸਮੇਂ-ਸਿਰ ਅਤੇ ਪ੍ਰਭਾਵਸ਼ਾਲੀ ਨਿਪਟਾਰਾ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ।
ਇਸ ਦੇ ਨਾਲ ਹੀ ਈ.ਆਰ.ਓ. ਨੈੱਟ ‘ਤੇ ਵੋਟਰਾਂ ਵੱਲੋਂ ਦਿੱਤੀਆਂ ਅਰਜ਼ੀਆਂ ਦੀ ਪੈਂਡੈਂਸੀ ਬਾਰੇ ਵੀ ਵਿਸਤ੍ਰਿਤ ਚਰਚਾ ਹੋਈ। ਮੁੱਖ ਚੋਣ ਅਧਿਕਾਰੀ ਨੇ ਵੋਟਰ ਸੂਚੀਆਂ ਦੀ ਇਕਸਾਰਤਾ ਅਤੇ ਦਰੁਸਤਤਾ ਬਣਾਈ ਰੱਖਣ ਲਈ ਅਰਜ਼ੀਆਂ ਦੇ ਨਿਰੰਤਰ ਨਿਗਰਾਨੀ ਹੇਠ ਤੇਜ਼ੀ ਨਾਲ ਨਿਪਟਾਰੇ ‘ਤੇ ਜ਼ੋਰ ਦਿੱਤਾ।
ਮੀਟਿੰਗ ਦੌਰਾਨ ਈਸੀਆਈ ਨੈੱਟ ‘ਤੇ ਉਪਲਬਧ “ਬੁੱਕ ਏ ਕਾਲ” ਵਿਸ਼ੇਸ਼ਤਾ ਬਾਰੇ ਵੀ ਜਾਗਰੂਕਤਾ ਵਧਾਉਣ ਦੀ ਲੋੜ ਉਤੇ ਰੌਸ਼ਨੀ ਪਾਈ ਗਈ। ਉਨ੍ਹਾਂ ਕਿਹਾ ਕਿ ਇਸ ਸੁਵਿਧਾ ਦੇ ਮਾਧਿਅਮ ਨਾਲ ਬੂਥ ਲੈਵਲ ਅਫ਼ਸਰ (ਬੀਐਲਓ) ਵੋਟਰਾਂ ਨਾਲ ਸਿੱਧਾ ਸੰਪਰਕ ਕਰਕੇ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਸਮਾਂਬੱਧ ਸ਼ਿਕਾਇਤ ਨਿਵਾਰਣ ਯਕੀਨੀ ਬਣਾਉਂਦੇ ਹਨ, ਜੋ ਚੋਣੀ ਪ੍ਰਣਾਲੀ ‘ਤੇ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ।
ਇਸ ਤੋਂ ਇਲਾਵਾ, ਡੈਮੋਗ੍ਰਾਫ਼ੀਕਲ ਸਿਮੀਲਰ ਐਂਟਰੀਜ਼ (ਡੀਐਸਈ) ਨਾਲ ਜੁੜੇ ਮੁੱਦਿਆਂ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਮੁੱਖ ਚੋਣ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਡੁਪਲੀਕੇਟ ਐਂਟਰੀਆਂ ਤੋਂ ਬਚਣਾ ਅਤੇ ਹਰ ਵੋਟਰ ਦੀ ਵਿਲੱਖਣ ਪਛਾਣ ਯਕੀਨੀ ਬਣਾਉਣਾ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇਸ ਸਬੰਧੀ ਜ਼ਿਲ੍ਹਿਆਂ ਨੂੰ ਸਖ਼ਤ ਤਸਦੀਕੀ ਪ੍ਰਕਿਰਿਆ ਅਪਣਾਉਣ ਦੇ ਨਿਰਦੇਸ਼ ਦਿੱਤੇ ਗਏ।
ਇਹ ਸਮੀਖਿਆ ਮੀਟਿੰਗ ਪੰਜਾਬ ਵਿੱਚ ਵੋਟਰ ਸੂਚੀ ਪ੍ਰਬੰਧਨ ਨੂੰ ਹੋਰ ਸੁਧਾਰਨ ਅਤੇ ਆਉਣ ਵਾਲੀਆਂ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
