Sunday, October 25Punjabi People

ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਦੱਖਣੀ ਕੋਰੀਆ ਦੀ ਹਾਕੀ ਟੀਮ ਮੋਹਾਲੀ ਪਹੁੰਚੀ, ਪੰਜਾਬੀ ਰੰਗਾਂ ਵਿੱਚ ਹੋਇਆ ਨਿੱਘਾ ਸਵਾਗਤ

ਮੋਹਾਲੀ, 26 ਅਕਤੂਬਰ 2026: ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਦੱਖਣੀ ਕੋਰੀਆ ਦੀ 20 ਮੈਂਬਰੀ ਪੁਰਸ਼ ਫੀਲਡ ਹਾਕੀ ਟੀਮ ਮੋਹਾਲੀ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ। 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿਖੇ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਲਈ ਵੱਖ-ਵੱਖ ਟੀਮਾਂ ਦੀ ਆਮਦ ਸ਼ੁਰੂ ਹੋ ਗਈ ਹੈ।

ਦੱਖਣੀ ਕੋਰੀਆ ਦੀ ਟੀਮ ਦੇ ਹਵਾਈ ਅੱਡੇ ’ਤੇ ਪਹੁੰਚਣ ’ਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਪ੍ਰਾਹੁਣਚਾਰੀ ਦੀ ਝਲਕ ਦੇਖਣ ਨੂੰ ਮਿਲੀ। ਖੇਡ ਵਿਭਾਗ ਦੇ ਅਧਿਕਾਰੀਆਂ ਲੋਕ ਸੰਪਰਕ ਅਧਿਕਾਰੀ ਨਵਦੀਪ ਸਿੰਘ ਗਿੱਲ ਅਤੇ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਟੀਮ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਭੰਗੜੇ ਦੀਆਂ ਜੋਸ਼ੀਲੀਆਂ ਧੁਨਾਂ, ਰਵਾਇਤੀ ਫੁੱਲਾਂ ਦੇ ਹਾਰਾਂ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨੇ ਸਵਾਗਤੀ ਸਮਾਰੋਹ ਨੂੰ ਖ਼ਾਸ ਬਣਾ ਦਿੱਤਾ।

ਦੱਖਣੀ ਕੋਰੀਆਈ ਖਿਡਾਰੀ ਪੰਜਾਬ ਦੀ ਇਸ ਨਿੱਘੀ ਮਹਿਮਾਨਨਿਵਾਜ਼ੀ ਤੋਂ ਕਾਫ਼ੀ ਪ੍ਰਭਾਵਿਤ ਨਜ਼ਰ ਆਏ। ਉਨ੍ਹਾਂ ਨੇ ਸ਼ਾਨਦਾਰ ਸਵਾਗਤ ਲਈ ਮੇਜ਼ਬਾਨਾਂ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਖੇਡ ਮੈਦਾਨਾਂ ਵਿੱਚ ਖੇਡਣ ਲਈ ਆਪਣੀ ਉਤਸੁਕਤਾ ਵੀ ਪ੍ਰਗਟਾਈ। ਇਸ ਸਵਾਗਤ ਨੇ ਖੇਡਾਂ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਾਲੇ ਸੱਭਿਆਚਾਰਕ ਸਾਂਝ ਅਤੇ ਆਪਸੀ ਸਦਭਾਵਨਾ ਦੀ ਭਾਵਨਾ ਨੂੰ ਵੀ ਉਜਾਗਰ ਕੀਤਾ।

ਇਸ ਮੌਕੇ ਨਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਦੱਖਣੀ ਕੋਰੀਆ ਦੀ ਟੀਮ ਜਲੰਧਰ ਲਈ ਰਵਾਨਾ ਹੋਵੇਗੀ, ਜਿੱਥੇ ਟੀਮ ਵੱਲੋਂ ਐਤਵਾਰ ਨੂੰ ਸਟੇਡੀਅਮ ਵਿੱਚ ਅਭਿਆਸ ਸੈਸ਼ਨ ਕੀਤਾ ਜਾਵੇਗਾ। ਟੂਰਨਾਮੈਂਟ ਤੋਂ ਪਹਿਲਾਂ ਅਭਿਆਸ ਸੈਸ਼ਨਾਂ ਰਾਹੀਂ ਖਿਡਾਰੀ ਮੈਦਾਨੀ ਹਾਲਾਤ ਨਾਲ ਤਾਲਮੇਲ ਬਣਾਉਣ ਅਤੇ ਮੁਕਾਬਲਿਆਂ ਲਈ ਆਪਣੀ ਤਿਆਰੀ ਨੂੰ ਅੰਤਿਮ ਰੂਪ ਦੇਣਗੇ।

ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਪੰਜਾਬ ਲਈ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਖੇਡ ਸੱਭਿਆਚਾਰ ਅਤੇ ਮੇਜ਼ਬਾਨੀ ਦੀ ਸਮਰੱਥਾ ਦਿਖਾਉਣ ਦਾ ਮਹੱਤਵਪੂਰਨ ਮੌਕਾ ਹੈ। ਜਲੰਧਰ ਅਤੇ ਮੋਹਾਲੀ ਵਿੱਚ ਹੋਣ ਵਾਲੇ ਮੁਕਾਬਲਿਆਂ ਦੌਰਾਨ ਹਾਕੀ ਪ੍ਰੇਮੀਆਂ ਨੂੰ ਏਸ਼ੀਆ ਦੀਆਂ ਪ੍ਰਮੁੱਖ ਟੀਮਾਂ ਵਿਚਾਲੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣ ਦੀ ਉਮੀਦ ਹੈ।

Leave a Reply

Your email address will not be published. Required fields are marked *