Tuesday, October 20Punjabi People

ਵਿੱਤ ਮੰਤਰੀ ਚੀਮਾ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਫੌਰੀ ਹੱਲ ਕਰਨ ਦੇ ਦਿੱਤੇ ਨਿਰਦੇਸ਼, 11 ਯੂਨੀਅਨਾਂ ਨਾਲ ਕੀਤੀ ਗੱਲਬਾਤ

ਚੰਡੀਗੜ੍ਹ,14 ਅਕਤੂਬਰ 2026: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਧੀਨ ਕੰਮ ਕਰਦੀਆਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ, ਮੰਗਾਂ ਅਤੇ ਵਿਭਾਗੀ ਮੁੱਦਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।

ਫਰੰਟਲਾਈਨ ਸਿਹਤ ਕਰਮਚਾਰੀਆਂ ਦੀਆਂ ਕੰਮਕਾਜੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿੱਤ ਮੰਤਰੀ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਤੁਰੰਤ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਹਦਾਇਤ ਕੀਤੀ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦੀ ਸਹੂਲਤ ਵਾਸਤੇ ਪੰਚਾਇਤ ਘਰਾਂ ਜਾਂ ਹੋਰ ਢੁਕਵੀਆਂ ਪੰਚਾਇਤੀ ਇਮਾਰਤਾਂ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਉਹ ਇੱਕ ਦਿਨ ਛੱਡ ਕੇ ਟੀਕਾਕਰਨ ਮੁਹਿੰਮ ਚਲਾ ਸਕਣ।

ਮੀਟਿੰਗਾਂ ਦੌਰਾਨ ਮੁਲਾਜ਼ਮਾਂ ਨੂੰ ਦਰਪੇਸ਼ ਢਾਂਚਾਗਤ ਅਤੇ ਪ੍ਰਸ਼ਾਸਨਿਕ ਸਮੱਸਿਆਵਾਂ ਦੇ ਹੱਲ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਚੀਮਾ ਨੇ ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦੀਆਂ ਜਾਇਜ਼ ਮੰਗਾਂ ਦੇ ਨਾਲ-ਨਾਲ ਅਚਨਚੇਤ ਛੁੱਟੀਆਂ ਦੀ ਵਿਵਸਥਾ ਬਾਰੇ ਤੁਰੰਤ ਪ੍ਰਸਤਾਵ ਤਿਆਰ ਕਰਕੇ ਕੈਬਨਿਟ ਸਬ-ਕਮੇਟੀ ਕੋਲ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਹੋਰ ਪ੍ਰਮੁੱਖ ਮੰਗਾਂ ਵੀ ਸਰਕਾਰ ਦੇ ਵਿਚਾਰ ਅਧੀਨ ਹਨ ਅਤੇ ਇਨ੍ਹਾਂ ਸਬੰਧੀ ਜਲਦ ਹੀ ਢੁਕਵੇਂ ਫ਼ੈਸਲੇ ਲਏ ਜਾਣਗੇ।

ਮੁਲਾਜ਼ਮਾਂ ਵੱਲੋਂ ਤਨਖ਼ਾਹਾਂ ਵਿੱਚ ਵਾਧੇ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ, ਨਿਰਪੱਖ ਛੁੱਟੀ ਨੀਤੀ ਅਤੇ ਪਾਰਦਰਸ਼ੀ ਤਬਾਦਲਾ ਪ੍ਰਣਾਲੀ ਵਰਗੇ ਮੁੱਦੇ ਉਠਾਏ ਗਏ। ਇਨ੍ਹਾਂ ਮੰਗਾਂ ਦੇ ਹੱਲ ਲਈ ਵਿੱਤ ਮੰਤਰੀ ਨੇ ਸਿਹਤ ਵਿਭਾਗ ਨੂੰ ਸਾਰੇ ਜਾਇਜ਼ ਮਾਮਲੇ ਅੰਤਰ-ਵਿਭਾਗੀ ਕਮੇਟੀ ਅੱਗੇ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਕਮੇਟੀ ਨੂੰ ਹਦਾਇਤ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਮੇਂ ਸਿਰ ਨਿਪਟਾਰੇ ਅਤੇ ਬੇਲੋੜੀ ਦੇਰੀ ਨੂੰ ਰੋਕਣ ਲਈ ਹਰ ਹਫ਼ਤੇ ਇੱਕ ਮੀਟਿੰਗ ਕੀਤੀ ਜਾਵੇ।

ਇਨ੍ਹਾਂ ਮੀਟਿੰਗਾਂ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਆਪਣੇ ਵਿਭਾਗਾਂ ਨਾਲ ਸਬੰਧਤ ਮੁਸ਼ਕਲਾਂ ਅਤੇ ਮੰਗਾਂ ਬਾਰੇ ਮੰਗ-ਪੱਤਰ ਸੌਂਪੇ। ਆਲ ਇੰਡੀਆ ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰਜ਼ ਯੂਨੀਅਨ, ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰ ਯੂਨੀਅਨ ਪੰਜਾਬ (ਸੀਟੂ) ਅਤੇ ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰ ਨਰੋਲ ਯੂਨੀਅਨ ਵੱਲੋਂ ਆਸ਼ਾ ਵਰਕਰਾਂ ਨਾਲ ਸਬੰਧਤ ਮੁੱਦੇ ਉਠਾਏ ਗਏ।

ਇਸੇ ਤਰ੍ਹਾਂ ਐੱਨ.ਐੱਚ.ਐੱਮ. ਇੰਪਲਾਈਜ਼ ਯੂਨੀਅਨ, ਕਮਿਊਨਿਟੀ ਹੈਲਥ ਆਫ਼ੀਸਰਜ਼ ਐਸੋਸੀਏਸ਼ਨ, ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ, ਰੂਰਲ ਹੈਲਥ ਫਾਰਮੇਸੀ ਆਫ਼ੀਸਰ ਯੂਨੀਅਨ ਅਤੇ ਹੈਲਥ ਫਾਰਮੇਸੀ ਆਫ਼ੀਸਰ ਐਸੋਸੀਏਸ਼ਨ ਪੰਜਾਬ ਨੇ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਅਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਮੇਤ ਹੋਰ ਪ੍ਰਣਾਲੀਗਤ ਮੁੱਦੇ ਸਾਹਮਣੇ ਰੱਖੇ।

ਇਸ ਤੋਂ ਇਲਾਵਾ ਗੌਰਮਿੰਟ ਡਰੱਗ ਡੀ-ਐਡਿਕਸ਼ਨ ਐਂਡ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ, ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਐਸੋਸੀਏਸ਼ਨ (ਸਿਹਤ ਵਿਭਾਗ) ਅਤੇ ਪੀ.ਸੀ.ਐੱਮ.ਐੱਸ. ਡੈਂਟਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਉਨ੍ਹਾਂ ਦੀਆਂ ਵਿਸ਼ੇਸ਼ ਕਾਰਜਕਾਰੀ ਲੋੜਾਂ ਅਤੇ ਵਿਭਾਗੀ ਮੰਗਾਂ ਬਾਰੇ ਚਰਚਾ ਕੀਤੀ ਗਈ। ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਸਿਹਤ ਵਿਭਾਗ ਦੇ ਵੱਖ-ਵੱਖ ਪੱਧਰਾਂ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਸੂਬੇ ਦੀ ਸਿਹਤ ਸੇਵਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਸੀ।

ਮੀਟਿੰਗਾਂ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਨੁਮਾਇੰਦਗੀ ਕਰਨ ਵਾਲਿਆਂ ਵਿੱਚ ਆਲ ਇੰਡੀਆ ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰਜ਼ ਯੂਨੀਅਨ ਤੋਂ ਦੁਰਗੋ ਬਾਈ, ਬਲਵੀਰ ਕੌਰ, ਰਜਿੰਦਰ ਕੌਰ ਅਤੇ ਸਵਰਨ ਕੌਰ; ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰ ਯੂਨੀਅਨ ਪੰਜਾਬ (ਸੀਟੂ) ਤੋਂ ਸਰੋਜ ਬਾਲਾ, ਸੀਮਾ ਰਾਣੀ, ਜੋਗਿੰਦਰ ਕੌਰ ਅਤੇ ਪਰਮਿੰਦਰ ਕੌਰ; ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰ ਨਰੋਲ ਯੂਨੀਅਨ ਤੋਂ ਕਿਰਨਦੀਪ ਕੌਰ, ਪਵਨਪ੍ਰੀਤ ਕੌਰ ਅਤੇ ਮਨਦੀਪ ਕੌਰ ਸ਼ਾਮਲ ਸਨ।

ਐੱਨ.ਐੱਚ.ਐੱਮ. ਇੰਪਲਾਈਜ਼ ਯੂਨੀਅਨ ਵੱਲੋਂ ਸੰਦੀਪ ਕੌਰ, ਅਮਨਦੀਪ ਸਿੰਘ, ਦਿਨੇਸ਼ ਗਰਗ ਅਤੇ ਸੁਖਜੀਤ ਸਿੰਘ; ਕਮਿਊਨਿਟੀ ਹੈਲਥ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਡਾ. ਸੁਨੀਲ ਤਰਗੋਤਰਾ, ਡਾ. ਦਲਜੀਤ ਕੁਮਾਰ ਅਤੇ ਡਾ. ਰਾਜ; ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਸ਼ੁਭਮ ਸ਼ਰਮਾ ਅਤੇ ਦੀਪ ਕੰਬੋਜ; ਰੂਰਲ ਹੈਲਥ ਫਾਰਮੇਸੀ ਆਫ਼ੀਸਰ ਯੂਨੀਅਨ ਵੱਲੋਂ ਗੁਰਮੀਤ ਸਿੰਘ, ਨਵਜੋਤ ਕੌਰ ਅਤੇ ਰਜਿੰਦਰ ਕੁਮਾਰ ਨੇ ਸ਼ਿਰਕਤ ਕੀਤੀ।

ਇਸੇ ਤਰ੍ਹਾਂ ਹੈਲਥ ਫਾਰਮੇਸੀ ਆਫ਼ੀਸਰ ਐਸੋਸੀਏਸ਼ਨ ਵੱਲੋਂ ਰਾਮ ਸਿੰਘ, ਨਵਦੀਪ ਕੁਮਾਰ, ਸਰਬਜੀਤ ਅਤੇ ਰਾਜ ਕੁਮਾਰ; ਗੌਰਮਿੰਟ ਡਰੱਗ ਡੀ-ਐਡਿਕਸ਼ਨ ਐਂਡ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਵੱਲੋਂ ਪਰਮਿੰਦਰ ਸਿੰਘ, ਨਵਦੀਪ ਸਿੰਘ ਅਤੇ ਤਰਸੇਮ ਸ਼ਰਮਾ; ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਜਸਮੇਲ ਸਿੰਘ, ਗੁਰਜੰਟ ਸਿੰਘ, ਮਹਿੰਦਰ ਪਾਲ ਸਿੰਘ ਅਤੇ ਆਸ਼ੂ ਗਰਗ ਨੇ ਮੀਟਿੰਗਾਂ ਵਿੱਚ ਹਿੱਸਾ ਲਿਆ। ਪੀ.ਸੀ.ਐੱਮ.ਐੱਸ. ਡੈਂਟਲ ਐਸੋਸੀਏਸ਼ਨ ਵੱਲੋਂ ਡਾ. ਆਸ਼ੂਤੋਸ਼ ਸ਼ਰਮਾ, ਡਾ. ਧਰਮਿੰਦਰ ਸਿੰਘ, ਡਾ. ਹਰਪ੍ਰੀਤ ਕੌਰ ਅਤੇ ਡਾ. ਵਿਕਰਾਂਤ ਸ਼ਰਮਾ ਨੇ ਆਪਣੇ ਮੁੱਦੇ ਅਤੇ ਮੰਗਾਂ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ।

Leave a Reply

Your email address will not be published. Required fields are marked *