Tuesday, October 20Punjabi People

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਿੰਗਾਪੁਰ ਪਹੁੰਚੇ, ਨਿਵੇਸ਼ ਤੇ ਜੰਗਲ ਸਫਾਰੀ ਪ੍ਰੋਜੈਕਟ ’ਤੇ ਰਹੇਗਾ ਫੋਕਸ

ਚੰਡੀਗੜ੍ਹ, 4 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਰਕਾਰੀ ਦੌਰੇ ਤਹਿਤ ਸਿੰਗਾਪੁਰ ਪਹੁੰਚ ਗਏ ਹਨ। ਉਨ੍ਹਾਂ ਦਾ ਇਹ ਦੌਰਾ 4 ਤੋਂ 6 ਅਕਤੂਬਰ ਤੱਕ ਚੱਲੇਗਾ। ਦੌਰੇ ਦੌਰਾਨ ਮੁੱਖ ਮੰਤਰੀ ਸਿੰਗਾਪੁਰ ਇੰਡੀਆ ਨੈੱਟਵਰਕ ਫਾਰ ਗ੍ਰੋਥ ਫੋਰਮ ਤਹਿਤ ਕਰਵਾਏ ਜਾ ਰਹੇ ਵੱਖ-ਵੱਖ ਮਹੱਤਵਪੂਰਨ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ।

ਇਸ ਦੌਰੇ ਦਾ ਮੁੱਖ ਉਦੇਸ਼ ਹਰਿਆਣਾ ਵਿੱਚ ਆਧੁਨਿਕ ਤਕਨਾਲੋਜੀ, ਵਿਦੇਸ਼ੀ ਨਿਵੇਸ਼, ਉਦਯੋਗਿਕ ਸਹਿਯੋਗ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਦੱਸਿਆ ਗਿਆ ਹੈ। ਦੌਰੇ ਦੌਰਾਨ ਮੁੱਖ ਮੰਤਰੀ ਵੱਲੋਂ ਸਿੰਗਾਪੁਰ ਦੇ ਉਦਯੋਗਪਤੀਆਂ, ਨਿਵੇਸ਼ਕਾਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਪ੍ਰਤੀਨਿਧੀਆਂ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ।

ਨਿਵੇਸ਼ਕਾਂ ਨਾਲ ਮੁਲਾਕਾਤ, ਹਰਿਆਣਾ ਵਿੱਚ ਨਿਵੇਸ਼ ਦੇ ਮੌਕਿਆਂ ’ਤੇ ਚਰਚਾ

ਮੁੱਖ ਮੰਤਰੀ ਸੈਣੀ ਦੇ ਦੌਰੇ ਦੇ ਪਹਿਲੇ ਦਿਨ ਕਈ ਅਹਿਮ ਪ੍ਰੋਗਰਾਮ ਨਿਰਧਾਰਤ ਹਨ। ਸ਼ਾਮ ਨੂੰ ਉਹ ਸਿੰਗਾਪੁਰ ਬਿਜ਼ਨਸ ਫੋਰਮ ਵੱਲੋਂ ਆਯੋਜਿਤ ਡਿਨਰ ਵਿੱਚ ਸ਼ਾਮਲ ਹੋਣਗੇ।

ਇਸ ਮੌਕੇ ਮੁੱਖ ਮੰਤਰੀ ਵੱਲੋਂ ਵੱਖ-ਵੱਖ ਵਿਸ਼ਵ ਪੱਧਰੀ ਪ੍ਰਤੀਨਿਧੀਆਂ ਅਤੇ ਉਦਯੋਗ ਜਗਤ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਹਰਿਆਣਾ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਦੌਰਾਨ ਸੂਬੇ ਵਿੱਚ ਉਦਯੋਗ ਸਥਾਪਤ ਕਰਨ, ਆਧੁਨਿਕ ਤਕਨਾਲੋਜੀ ਲਿਆਉਣ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨਾਲ ਸਬੰਧਤ ਸੰਭਾਵਨਾਵਾਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ।

ਸਿੰਗਾਪੁਰ ਸਫਾਰੀ ਦਾ ਵੀ ਦੌਰਾ ਕਰਨਗੇ ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸ਼ਾਮ ਸਿੰਗਾਪੁਰ ਸਫਾਰੀ ਦਾ ਦੌਰਾ ਵੀ ਕਰਨਗੇ। ਇਹ ਦੌਰਾ ਹਰਿਆਣਾ ਵਿੱਚ ਪ੍ਰਸਤਾਵਿਤ ‘ਜੰਗਲ ਸਫਾਰੀ ਪ੍ਰੋਜੈਕਟ’ ਦੇ ਸੰਦਰਭ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ।

ਸਿੰਗਾਪੁਰ ਸਫਾਰੀ ਦੌਰਾਨ ਮੁੱਖ ਮੰਤਰੀ ਉੱਥੇ ਵਿਕਸਤ ਕੀਤੇ ਗਏ ਜੰਗਲੀ ਜੀਵ, ਕੁਦਰਤ ਅਤੇ ਸੈਰ-ਸਪਾਟਾ ਮਾਡਲ ਦਾ ਅਧਿਐਨ ਕਰਨਗੇ। ਇਸ ਦੌਰੇ ਰਾਹੀਂ ਹਰਿਆਣਾ ਸਰਕਾਰ ਸਿੰਗਾਪੁਰ ਦੇ ਤਜਰਬੇ ਅਤੇ ਮਾਡਲ ਤੋਂ ਸਿੱਖਦਿਆਂ ਸੂਬੇ ਵਿੱਚ ਇੱਕ ਵਿਸ਼ਵ ਪੱਧਰੀ ਜੰਗਲੀ ਜੀਵ ਅਤੇ ਸੈਰ-ਸਪਾਟਾ ਪ੍ਰੋਜੈਕਟ ਵਿਕਸਤ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰੇਗੀ।

ਹਰਿਆਣਾ ਵਿੱਚ ਵਿਸ਼ਵ ਪੱਧਰੀ ਸੈਰ-ਸਪਾਟਾ ਪ੍ਰੋਜੈਕਟ ਵਿਕਸਤ ਕਰਨ ਦੀ ਯੋਜਨਾ

ਸਰਕਾਰ ਦਾ ਉਦੇਸ਼ ਹਰਿਆਣਾ ਵਿੱਚ ਕੁਦਰਤ, ਜੰਗਲੀ ਜੀਵ ਅਤੇ ਸੈਰ-ਸਪਾਟੇ ਨੂੰ ਜੋੜ ਕੇ ਇੱਕ ਅਜਿਹਾ ਪ੍ਰੋਜੈਕਟ ਵਿਕਸਤ ਕਰਨਾ ਹੈ, ਜੋ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕੇ। ਇਸ ਦੇ ਨਾਲ ਹੀ ਅਜਿਹੇ ਪ੍ਰੋਜੈਕਟ ਰਾਹੀਂ ਸਥਾਨਕ ਪੱਧਰ ’ਤੇ ਰੋਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ।

ਮੁੱਖ ਮੰਤਰੀ ਦਾ ਇਹ ਦੌਰਾ ਹਰਿਆਣਾ ਅਤੇ ਸਿੰਗਾਪੁਰ ਦਰਮਿਆਨ ਨਿਵੇਸ਼, ਤਕਨਾਲੋਜੀ, ਸੈਰ-ਸਪਾਟਾ ਅਤੇ ਉਦਯੋਗਿਕ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਦੌਰੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਅਤੇ ਵਿਚਾਰ-ਵਟਾਂਦਰਿਆਂ ਤੋਂ ਬਾਅਦ ਸੂਬੇ ਵਿੱਚ ਨਿਵੇਸ਼ ਅਤੇ ਵਿਕਾਸ ਨਾਲ ਜੁੜੇ ਕਈ ਨਵੇਂ ਮੌਕੇ ਸਾਹਮਣੇ ਆਉਣ ਦੀ ਉਮੀਦ ਹੈ।

Leave a Reply

Your email address will not be published. Required fields are marked *