
ਸੰਯੁਕਤ ਅਰਬ ਅਮੀਰਾਤ, 3 ਅਕਤੂਬਰ 2026: ਸੰਯੁਕਤ ਅਰਬ ਅਮੀਰਾਤ (UAE) ਦੇ ਉਪ ਪ੍ਰਧਾਨ ਮੰਤਰੀ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਸ਼ਨੀਵਾਰ ਨੂੰ ਫਲਾਈਦੁਬਈ ਦੇ ਭਾਰਤੀ ਪਾਇਲਟ ਸਮਿਤ ਮੱਛਰ ਨਾਲ ਮੁਲਾਕਾਤ ਕੀਤੀ ਅਤੇ ਸੰਕਟ ਦੀ ਘੜੀ ਵਿੱਚ ਉਨ੍ਹਾਂ ਵੱਲੋਂ ਦਿਖਾਈ ਗਈ ਬਹਾਦਰੀ, ਜ਼ਿੰਮੇਵਾਰੀ ਅਤੇ ਮਨੁੱਖੀ ਜਾਨਾਂ ਦੀ ਸੁਰੱਖਿਆ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ UAE ਦੀ ਲੀਡਰਸ਼ਿਪ ਵੱਲੋਂ ਵੀ ਭਾਰਤੀ ਪਾਇਲਟ ਦੀ ਹਿੰਮਤ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਮਾਨ ਦਿੱਤਾ।
ਸਮਿਤ ਮੱਛਰ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਦੇ ਕਪਤਾਨ ਸਨ। ਉਡਾਣ ਦੌਰਾਨ ਉਨ੍ਹਾਂ ਦੇ ਸਹਿ-ਪਾਇਲਟ, ਜਿਸ ਦੀ ਪਛਾਣ ਓਮਾਨੀ ਨਾਗਰਿਕ ਹਮਾਮ ਅਲ-ਹਮਾਮੀ ਵਜੋਂ ਹੋਈ ਹੈ, ਨੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਜ਼ਖ਼ਮੀ ਹੋਣ ਦੇ ਬਾਵਜੂਦ ਸਮਿਤ ਮੱਛਰ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਸਫਲਤਾ ਹਾਸਲ ਕੀਤੀ, ਜਿਸ ਤੋਂ ਬਾਅਦ ਯਾਤਰੀ ਅੰਦਰ ਦਾਖ਼ਲ ਹੋਏ ਅਤੇ ਹਮਲਾਵਰ ਸਹਿ-ਪਾਇਲਟ ਨੂੰ ਕਾਬੂ ਕਰ ਲਿਆ।
ਇਸ ਦੌਰਾਨ ਜਹਾਜ਼ ਵਿੱਚ ਮੌਜੂਦ ਪਾਇਲਟਾਂ ਦੀ ਦੂਜੀ ਟੀਮ ਨੇ ਉਡਾਣ ਦਾ ਕੰਟਰੋਲ ਸੰਭਾਲ ਲਿਆ। ਉੱਥੇ ਹੀ, ਜਹਾਜ਼ ਵਿੱਚ ਸਵਾਰ ਇੱਕ ਦੰਦਾਂ ਦੇ ਡਾਕਟਰ ਨੇ ਸਮਿਤ ਮੱਛਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਜਹਾਜ਼ ਸਾਊਦੀ ਅਰਬ ਦੇ ਤਬੂਕ ਵਿੱਚ ਸੁਰੱਖਿਅਤ ਉਤਾਰਿਆ ਗਿਆ।
UAE ਦੇ ਉਪ ਪ੍ਰਧਾਨ ਮੰਤਰੀ ਨੇ ਕੀ ਕਿਹਾ?
ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ‘ਤੇ ਸਮਿਤ ਮੱਛਰ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਫਲਾਈਦੁਬਈ ਦੇ ਪਾਇਲਟ ਨੇ ਬਹਾਦਰੀ, ਜ਼ਿੰਮੇਵਾਰੀ ਅਤੇ ਮਨੁੱਖੀ ਜਾਨਾਂ ਦੀ ਸੰਭਾਲ ਦੀਆਂ ਉੱਚੀਆਂ ਮਿਸਾਲਾਂ ਕਾਇਮ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਲੀਡਰਸ਼ਿਪ ਵੱਲੋਂ ਸਮਿਤ ਮੱਛਰ ਦੀ ਹਿੰਮਤ ਅਤੇ ਸਮਰਪਣ ਲਈ ਉਨ੍ਹਾਂ ਦੀ ਦਿਲੋਂ ਪ੍ਰਸ਼ੰਸਾ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ UAE ਨੂੰ ਮਾਣ ਹੈ ਕਿ ਸਮਿਤ ਮੱਛਰ ਉਨ੍ਹਾਂ ਦੀ ਟੀਮ ਦਾ ਹਿੱਸਾ ਹਨ ਅਤੇ ਉਹ ਦੇਸ਼ ਦੀ ਪਛਾਣ, ਹਮਦਰਦੀ, ਸ਼ਾਂਤੀ ਅਤੇ ਮਨੁੱਖੀ ਜੀਵਨ ਦੀ ਕਦਰ ਕਰਨ ਵਾਲੀਆਂ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਕਰਦੇ ਹਨ।
UAE ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਹਮਲੇ ਨੂੰ ਦੱਸਿਆ ‘ਅੱਤਵਾਦੀ ਕਾਰਵਾਈ’
ਇਸ ਤੋਂ ਪਹਿਲਾਂ UAE ਦੇ ਰਾਸ਼ਟਰਪਤੀ ਦੇ ਸਲਾਹਕਾਰ ਅਨਵਰ ਗਰਗਾਸ਼ ਨੇ ਫਲਾਈਦੁਬਈ ਦੀ ਉਡਾਣ FZ1073 ਵਿੱਚ ਹੋਏ ਹਮਲੇ ਨੂੰ ‘ਅੱਤਵਾਦੀ ਕਾਰਵਾਈ’ ਕਰਾਰ ਦਿੱਤਾ ਸੀ। ਉਨ੍ਹਾਂ ਨੇ ਵੀ ਸੰਕਟ ਦੌਰਾਨ ਭਾਰਤੀ ਪਾਇਲਟ ਵੱਲੋਂ ਦਿਖਾਈ ਗਈ ਬਹਾਦਰੀ ਅਤੇ ਪੇਸ਼ੇਵਰਾਨਾ ਰਵੱਈਏ ਦੀ ਸ਼ਲਾਘਾ ਕੀਤੀ।
ਐਕਸ ‘ਤੇ ਆਪਣੀ ਪੋਸਟ ਵਿੱਚ ਗਰਗਾਸ਼ ਨੇ ਕਿਹਾ ਕਿ ਕੱਟੜਵਾਦ ਅਤੇ ਅੱਤਵਾਦ ਨਾਲ ਨਜਿੱਠਣ ਲਈ ਚੌਕਸੀ ਅਤੇ ਸਾਵਧਾਨੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖ਼ਤਰਨਾਕ ਅੱਤਵਾਦੀ ਹਮਲੇ ਅਤੇ ਸੰਭਾਵਿਤ ਵੱਡੇ ਹਾਦਸੇ ਦੇ ਬਾਵਜੂਦ ਸਮਿਤ ਮੱਛਰ ਨੇ ਹਿੰਮਤ ਅਤੇ ਜ਼ਿੰਮੇਵਾਰੀ ਦੀ ਮਿਸਾਲ ਪੇਸ਼ ਕੀਤੀ।
ਗਰਗਾਸ਼ ਨੇ ਕਿਹਾ ਕਿ ਭਾਰਤੀ ਪਾਇਲਟ ਦੀ ਪੇਸ਼ੇਵਰ ਮੁਹਾਰਤ ਅਤੇ ਨੈਤਿਕ ਦ੍ਰਿੜ੍ਹਤਾ ਉਨ੍ਹਾਂ ਨੂੰ ਅਸਲ ਨਾਇਕ ਬਣਾਉਂਦੀ ਹੈ। ਉਨ੍ਹਾਂ ਨੇ ਸੰਕਟ ਦੀ ਸਭ ਤੋਂ ਮੁਸ਼ਕਲ ਘੜੀ ਵਿੱਚ ਸਮਿਤ ਮੱਛਰ ਵੱਲੋਂ ਦਿਖਾਈ ਗਈ ਹਿੰਮਤ ਦੀ ਭਰਪੂਰ ਪ੍ਰਸ਼ੰਸਾ ਕੀਤੀ।
