
ਲੁਧਿਆਣਾ, 1 ਅਕਤੂਬਰ 2026: ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ ਵਿਖੇ ਸ਼ਹਿਰ ਦੇ ਮੁਸਲਿਮ ਭਾਈਚਾਰੇ ਦੀ ਬੁਲਾਈ ਗਈ ਮੀਟਿੰਗ ਪੰਡਿਤ ਧੀਰੇਂਦਰ ਸ਼ਾਸਤਰੀ ਵੱਲੋਂ ਦਿੱਤੇ ਸਪੱਸ਼ਟੀਕਰਨ ਤੋਂ ਬਾਅਦ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਅਪੀਲ ਨਾਲ ਸਮਾਪਤ ਹੋਈ।
ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਸ਼ਹਿਰ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਇਸਲਾਮ ਸਬੰਧੀ ਕੀਤੀ ਗਈ ਟਿੱਪਣੀ ਤੋਂ ਬਾਅਦ ਉਨ੍ਹਾਂ ਨੇ ਪ੍ਰੈੱਸ ਰਾਹੀਂ ਧੀਰੇਂਦਰ ਸ਼ਾਸਤਰੀ ਨੂੰ ਆਪਣੇ ਸ਼ਬਦ ਵਾਪਸ ਲੈਣ ਦੀ ਅਪੀਲ ਕੀਤੀ ਸੀ।
ਸ਼ਾਹੀ ਇਮਾਮ ਨੇ ਦੱਸਿਆ ਕਿ ਬੀਤੀ ਰਾਤ ਸੋਸ਼ਲ ਮੀਡੀਆ ਰਾਹੀਂ ਦੂਜੇ ਪੱਖ ਵੱਲੋਂ ਸਾਰੇ ਧਰਮਾਂ ਪ੍ਰਤੀ ਏਕਤਾ ਅਤੇ ਸਤਿਕਾਰ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ।
ਪੰਜਾਬ ਸਦੀਆਂ ਤੋਂ ਭਾਈਚਾਰਕ ਸਾਂਝ ਦੀ ਮਿਸਾਲ
ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ-ਆਪਣੇ ਧਰਮ ਵਿੱਚ ਰਹਿੰਦੇ ਹੋਏ ਸ਼ਾਂਤੀ ਅਤੇ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਦੀਆਂ ਤੋਂ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰਿਆਂ ਦੀ ਸਾਂਝ ਦਾ ਗਵਾਹ ਰਿਹਾ ਹੈ।
ਉਨ੍ਹਾਂ ਨੇ ਧੀਰੇਂਦਰ ਸ਼ਾਸਤਰੀ ਵੱਲੋਂ ਦਿੱਤੇ ਸਕਾਰਾਤਮਕ ਜਵਾਬ ਦੀ ਸ਼ਲਾਘਾ ਕੀਤੀ ਅਤੇ ਸੋਸ਼ਲ ਮੀਡੀਆ ’ਤੇ ਨਫ਼ਰਤ ਫੈਲਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ। ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ ਜਾਮਾ ਮਸਜਿਦ ਵੱਲੋਂ ਜਾਰੀ ਕੀਤਾ ਗਿਆ ਸੁਨੇਹਾ ਵੀ ਨਿਮਰਤਾ ਭਰਿਆ ਸੀ ਅਤੇ ਦੂਜੇ ਪੱਖ ਵੱਲੋਂ ਵੀ ਉਸੇ ਤਰ੍ਹਾਂ ਸੁਹਿਰਦ ਜਵਾਬ ਦਿੱਤਾ ਗਿਆ।
ਸ਼ਾਹੀ ਇਮਾਮ ਨੇ ਪ੍ਰਸ਼ਾਸਨ ਅਤੇ ਪੁਲਿਸ ਦਾ ਕੀਤਾ ਧੰਨਵਾਦ
ਮੀਟਿੰਗ ਦੌਰਾਨ ਸ਼ਾਹੀ ਇਮਾਮ ਨੇ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਸ਼ਹਿਰ ਵਿੱਚ ਆਪਸੀ ਭਾਈਚਾਰਾ ਤੇ ਸ਼ਾਂਤੀ ਬਣਾਈ ਰੱਖਣ ਲਈ ਦੁਆ ਕੀਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਹਿੰਦੂ, ਮੁਸਲਿਮ ਅਤੇ ਸਿੱਖ ਏਕਤਾ ਦਾ ਪ੍ਰਤੀਕ ਹੈ।
ਇਸ ਦੌਰਾਨ ਲੁਧਿਆਣਾ ਦੇ ਮੁਸਲਿਮ ਭਾਈਚਾਰੇ ਦੇ ਇੱਕ ਵਫ਼ਦ ਨੇ ਵਧੀਕ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਭਵਿੱਖ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਲੁਧਿਆਣਾ ਵਿੱਚ ਕਿਸੇ ਵੀ ਧਾਰਮਿਕ ਵਿਦਵਾਨ ਵੱਲੋਂ ਕਿਸੇ ਧਰਮ ਖ਼ਿਲਾਫ਼ ਨਕਾਰਾਤਮਕ ਜਾਂ ਇਤਰਾਜ਼ਯੋਗ ਟਿੱਪਣੀ ਨਾ ਕੀਤੀ ਜਾਵੇ।
ਅੰਤ ਵਿੱਚ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨੇ ਮਾਮਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਵਿੱਚ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦਾ ਧੰਨਵਾਦ ਕੀਤਾ।
