
ਮਾਜਰੀ/ਚੰਡੀਗੜ੍ਹ, 26 ਸਤੰਬਰ 2026: ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਵੱਖ-ਵੱਖ ਪੱਧਰਾਂ ’ਤੇ ਹੋਏ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ।
ਸਕੂਲ ਦੀ 11ਵੀਂ ਜਮਾਤ ਦੇ ਵਿਦਿਆਰਥੀ ਹਰਕੀਰਤ ਸਿੰਘ ਪੁੱਤਰ ਸੋਹਨ ਸਿੰਘ ਨੇ ਅੰਡਰ-17 ਸਕੂਲ ਪੰਜਾਬ ਰਾਜ ਪੱਧਰੀ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਹਰਕੀਰਤ ਸਿੰਘ ਦੀ ਇਸ ਪ੍ਰਾਪਤੀ ਨਾਲ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਇਸੇ ਤਰ੍ਹਾਂ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਮੜਾਕ ਪੁੱਤਰੀ ਵਿਜੇ ਕੁਮਾਰ ਨੇ ਰਾਜ ਪੱਧਰੀ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਆਪਣੇ ਨਾਮ ਕੀਤਾ। ਜੈਸਮੀਨ ਦੀ ਇਸ ਉਪਲਬਧੀ ਨਾਲ ਸਕੂਲ ਦਾ ਮਾਣ ਹੋਰ ਵਧਿਆ ਹੈ।
ਇਸ ਤੋਂ ਇਲਾਵਾ ਸਕੂਲ ਦੀ ਲੜਕੀਆਂ ਦੀ ਫੁੱਟਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦੀਆਂ ਖੇਡ ਪ੍ਰਾਪਤੀਆਂ ਵਿੱਚ ਇੱਕ ਹੋਰ ਅਹਿਮ ਕੜੀ ਜੋੜੀ ਹੈ। ਟੀਮ ਦੀ ਇਸ ਜਿੱਤ ਨੂੰ ਸਕੂਲ ਵੱਲੋਂ ਵਿਦਿਆਰਥਣਾਂ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਦੱਸਿਆ ਗਿਆ।
ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਦੇ ਪ੍ਰਿੰਸੀਪਲ ਮੋਨਜੀਤ ਸਿੰਘ, ਲੈਕਚਰਾਰ ਹਰਵਿੰਦਰ ਸਿੰਘ, ਪ੍ਰਦੀਪ ਛਾਬੜਾ ਅਤੇ ਲਖਵੀਰ ਸਿੰਘ ਸਮੇਤ ਸਮੂਹ ਸਟਾਫ਼ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਹੋਰ ਬੱਚਿਆਂ ਨੂੰ ਵੀ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕਰਨਗੀਆਂ।
ਇਸ ਮੌਕੇ ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਕੁਸ਼ਲਪਾਲ ਰਾਣਾ, ਪਿੰਡ ਖਿਜ਼ਰਾਬਾਦ ਦੇ ਸਰਪੰਚ ਨਰਪਾਲ ਰਾਣਾ, ਐੱਸਐੱਮਸੀ ਦੀ ਚੇਅਰਪਰਸਨ ਰਜਨੀ ਅਤੇ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਵੀ ਜੇਤੂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਦੌਰਾਨ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਿਠਾਈਆਂ ਵੀ ਵੰਡੀਆਂ ਗਈਆਂ।
ਸਕੂਲ ਪ੍ਰਬੰਧਕਾਂ ਅਨੁਸਾਰ, ਹਰਕੀਰਤ ਸਿੰਘ ਨਵੰਬਰ ਮਹੀਨੇ ਵਿੱਚ ਮਣੀਪੁਰ ਦੇ ਇੰਫਾਲ ਵਿਖੇ ਹੋਣ ਵਾਲੀਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਹਿੱਸਾ ਲੈਣਗੇ। ਇਸੇ ਤਰ੍ਹਾਂ ਜੈਸਮੀਨ ਮੜਾਕ ਦਿੱਲੀ ਵਿਖੇ ਹੋਣ ਵਾਲੀਆਂ ਰਾਸ਼ਟਰੀ ਕੁਸ਼ਤੀ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ।
ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀਆਂ ਸਫ਼ਲਤਾਵਾਂ ਨਾ ਸਿਰਫ਼ ਸਕੂਲ ਲਈ ਮਾਣ ਵਾਲੀ ਗੱਲ ਹਨ, ਸਗੋਂ ਇਹ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਸੂਬਾ ਤੇ ਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਪ੍ਰੇਰਿਤ ਕਰਨਗੀਆਂ।
