Sunday, October 25Punjabi People

CM ਭਗਵੰਤ ਮਾਨ ਵੱਲੋਂ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ’ਤੇ ਵਧਾਈ

ਚੰਡੀਗੜ੍ਹ, 26 ਸਤੰਬਰ 2026: ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਮਹਿਲਾ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਆਪਣੇ ਨਾਮ ਕਰ ਲਿਆ ਹੈ। ਅੱਜ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਈਰਾਨ ਨੂੰ 37-34 ਦੇ ਫਰਕ ਨਾਲ ਮਾਤ ਦਿੱਤੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਮਹਿਲਾ ਕਬੱਡੀ ਦਾ ਆਪਣਾ ਚੌਥਾ ਸੋਨ ਤਮਗਾ ਜਿੱਤਿਆ ਹੈ।

ਫਾਈਨਲ ਮੁਕਾਬਲਾ ਸ਼ੁਰੂ ਤੋਂ ਹੀ ਦੋਵੇਂ ਟੀਮਾਂ ਵਿਚਾਲੇ ਸਖ਼ਤ ਟੱਕਰ ਵਾਲਾ ਰਿਹਾ। ਭਾਰਤੀ ਖਿਡਾਰਨਾਂ ਨੇ ਪਹਿਲੇ ਹਾਫ਼ ਵਿੱਚ ਸ਼ਾਨਦਾਰ ਖੇਡ ਦਿਖਾਉਂਦਿਆਂ 22-16 ਦੀ ਬੜ੍ਹਤ ਬਣਾਈ। ਹਾਲਾਂਕਿ ਦੂਜੇ ਹਾਫ਼ ਵਿੱਚ ਈਰਾਨ ਨੇ ਜ਼ਬਰਦਸਤ ਵਾਪਸੀ ਕਰਦਿਆਂ ਮੁਕਾਬਲੇ ਨੂੰ ਕਾਫ਼ੀ ਰੋਮਾਂਚਕ ਬਣਾ ਦਿੱਤਾ, ਪਰ ਭਾਰਤੀ ਖਿਡਾਰਨਾਂ ਨੇ ਆਖ਼ਰੀ ਪਲਾਂ ਵਿੱਚ ਆਪਣਾ ਸੰਯਮ ਕਾਇਮ ਰੱਖਦਿਆਂ 37-34 ਨਾਲ ਜਿੱਤ ਦਰਜ ਕੀਤੀ।

ਇਸ ਜਿੱਤ ਨਾਲ ਭਾਰਤ ਨੇ ਮਹਿਲਾ ਕਬੱਡੀ ਵਿੱਚ ਆਪਣਾ ਚੌਥਾ ਏਸ਼ੀਆਈ ਖੇਡਾਂ ਸੋਨ ਤਮਗਾ ਹਾਸਲ ਕੀਤਾ ਹੈ। ਭਾਰਤੀ ਟੀਮ ਨੇ 2010, 2014 ਅਤੇ 2022 ਵਿੱਚ ਵੀ ਸੋਨ ਤਮਗਾ ਜਿੱਤਿਆ ਸੀ, ਜਦਕਿ 2018 ਵਿੱਚ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਸੀ।

ਭਾਰਤੀ ਮਹਿਲਾ ਕਬੱਡੀ ਟੀਮ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਧੀਆਂ ਨੇ ਈਰਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਦਿਆਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਏਸ਼ੀਆਈ ਖੇਡਾਂ ਵਿੱਚ ਚੌਥੀ ਵਾਰ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ‘ਮਾਂ ਖੇਡ’ ਕਬੱਡੀ ਵਿੱਚ ਭਾਰਤੀ ਧੀਆਂ ਦੀ ਇਹ ਪ੍ਰਾਪਤੀ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਖਿਡਾਰਨਾਂ ਦੀ ਮਿਹਨਤ, ਲਗਨ ਅਤੇ ਸ਼ਾਨਦਾਰ ਖੇਡ ਨੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਅਤੇ ਸਾਨੂੰ ਆਪਣੀਆਂ ਧੀਆਂ ’ਤੇ ਮਾਣ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹ ਦੇਣ ਅਤੇ ਪੰਜਾਬ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਲੋੜੀਂਦਾ ਸਹਿਯੋਗ ਦੇਣ ਵੱਲ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *