Tuesday, October 27Punjabi People

CI ਅੰਮ੍ਰਿਤਸਰ ਵੱਲੋਂ ਇੱਕ ਹਫ਼ਤੇ ’ਚ ਚੌਥੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼, ਹੈਰੋਇਨ ਦੀ ਬਰਾਮਦਗੀ 74 ਕਿਲੋ ਤੱਕ ਪੁੱਜੀ

ਚੰਡੀਗੜ੍ਹ/ਅੰਮ੍ਰਿਤਸਰ, 24 ਸਤੰਬਰ 2026:  ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚੱਲ ਰਹੀ ਇਸ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ (CI) ਅੰਮ੍ਰਿਤਸਰ ਨੇ 20 ਕਿਲੋ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਨ ਵਾਸੀ ਬਾਬਾ ਜੀਵਨ ਸਿੰਘ ਕਾਲੋਨੀ, ਅੰਮ੍ਰਿਤਸਰ, ਦੀਪਕ ਬਖ਼ਸ਼ੀ ਵਾਸੀ ਪ੍ਰਤਾਪ ਬਾਜ਼ਾਰ, ਅੰਮ੍ਰਿਤਸਰ, ਰਿਸ਼ਭ ਕੁਮਾਰ ਵਾਸੀ ਗੋਲਡਨ ਐਵੀਨਿਊ, ਅੰਮ੍ਰਿਤਸਰ ਅਤੇ ਈਸ਼ਾਨ ਬੇਦੀ ਵਾਸੀ ਨਿਊ ਰਣਜੀਤ ਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ।

ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ 20 ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਤਸਕਰੀ ਲਈ ਵਰਤੇ ਜਾ ਰਹੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ। ਇਨ੍ਹਾਂ ਵਿੱਚ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਨੰਬਰ PB02-BT-3925 ਅਤੇ ਲਾਲ ਰੰਗ ਦਾ ਪੈਸ਼ਨ ਪ੍ਰੋ ਮੋਟਰਸਾਈਕਲ ਨੰਬਰ PB02-CL-4487 ਸ਼ਾਮਲ ਹਨ।

ਇੱਕ ਹਫ਼ਤੇ ਵਿੱਚ 74 ਕਿਲੋ ਹੈਰੋਇਨ ਬਰਾਮਦ

ਇਸ ਤਾਜ਼ਾ ਕਾਰਵਾਈ ਨਾਲ CI ਅੰਮ੍ਰਿਤਸਰ ਵੱਲੋਂ ਸਿਰਫ਼ ਇੱਕ ਹਫ਼ਤੇ ਦੇ ਅੰਦਰ ਕੁੱਲ 74 ਕਿਲੋ ਹੈਰੋਇਨ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ 16 ਸਤੰਬਰ ਨੂੰ 27 ਕਿਲੋ, 18 ਸਤੰਬਰ ਨੂੰ 10 ਕਿਲੋ ਅਤੇ 19 ਸਤੰਬਰ ਨੂੰ 17 ਕਿਲੋ ਹੈਰੋਇਨ ਦੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਤਸਕਰੀ ਮਾਡਿਊਲ ਦੁਬਈ ਸਥਿਤ ਇੱਕ ਨਸ਼ਾ ਤਸਕਰ ਵੱਲੋਂ ਆਪਣੇ ਪੰਜਾਬ-ਅਧਾਰਤ ਸਾਥੀਆਂ ਅਤੇ ਵਿਦੇਸ਼ਾਂ ਵਿੱਚ ਮੌਜੂਦ ਤਸਕਰਾਂ ਨਾਲ ਤਾਲਮੇਲ ਕਰਕੇ ਚਲਾਇਆ ਜਾ ਰਿਹਾ ਸੀ।

ਡਰੋਨ ਰਾਹੀਂ ਸਰਹੱਦ ਪਾਰੋਂ ਪਹੁੰਚੀ ਸੀ ਹੈਰੋਇਨ ਦੀ ਖੇਪ

ਆਪ੍ਰੇਸ਼ਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀਜੀਪੀ ਨੇ ਦੱਸਿਆ ਕਿ CI ਅੰਮ੍ਰਿਤਸਰ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੁਬਈ-ਅਧਾਰਤ ਤਸਕਰ ਦੇ ਸਾਥੀਆਂ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਇੱਕ ਵੱਡੀ ਖੇਪ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਜਾਤਾਲ ਦੇ ਸਰਹੱਦੀ ਇਲਾਕੇ ਤੋਂ ਪ੍ਰਾਪਤ ਕੀਤੀ ਹੈ।

ਪੁਲਿਸ ਨੂੰ ਇਹ ਵੀ ਇਤਲਾਹ ਮਿਲੀ ਸੀ ਕਿ ਮੁਲਜ਼ਮ ਇਸ ਖੇਪ ਨੂੰ ਅੱਗੇ ਸਪਲਾਈ ਕਰਨ ਲਈ ਅੰਮ੍ਰਿਤਸਰ ਦੇ ਦਾਣਾ ਮੰਡੀ ਅਤੇ ਸਤਲਾਣੀ ਸਾਹਿਬ ਗੁਰਦੁਆਰੇ ਨੇੜਲੇ ਇਲਾਕੇ ਵਿੱਚ ਪਹੁੰਚ ਰਹੇ ਹਨ। ਸੂਚਨਾ ਦੇ ਆਧਾਰ ’ਤੇ CI ਅੰਮ੍ਰਿਤਸਰ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਇਲਾਕੇ ਵਿੱਚ ਛਾਪੇਮਾਰੀ ਕੀਤੀ ਅਤੇ ਚਾਰਾਂ ਵਿਅਕਤੀਆਂ ਨੂੰ 20 ਕਿਲੋ ਹੈਰੋਇਨ ਸਮੇਤ ਕਾਬੂ ਕਰ ਲਿਆ।

ਨੈੱਟਵਰਕ ਦੀਆਂ ਕੜੀਆਂ ਖੰਗਾਲਣ ਲਈ ਜਾਂਚ ਜਾਰੀ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਪੂਰੇ ਨਸ਼ਾ ਤਸਕਰੀ ਨੈੱਟਵਰਕ ਦੀਆਂ ਅਗਲੀਆਂ-ਪਿਛਲੀਆਂ ਕੜੀਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਉਦੇਸ਼ ਮਾਡਿਊਲ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਇਸ ਦੀਆਂ ਸਰਹੱਦ ਪਾਰ ਤੇ ਵਿਦੇਸ਼ੀ ਕੜੀਆਂ ਬਾਰੇ ਜਾਣਕਾਰੀ ਇਕੱਠੀ ਕਰਨਾ ਹੈ।

ਇਸ ਮਾਮਲੇ ਵਿੱਚ ਐਫ਼ਆਈਆਰ ਨੰਬਰ 61, ਮਿਤੀ 23 ਸਤੰਬਰ 2026 ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਡੱਬੀ: ਇੱਕ ਹਫ਼ਤੇ ’ਚ ਹੈਰੋਇਨ ਦੀਆਂ ਚਾਰ ਵੱਡੀਆਂ ਬਰਾਮਦਗੀਆਂ

  • 16 ਸਤੰਬਰ 2026: 27 ਕਿਲੋ ਹੈਰੋਇਨ ਅਤੇ ਇੱਕ ਵਿਦੇਸ਼ੀ .30 ਬੋਰ PX5 ਪਿਸਤੌਲ ਸਮੇਤ ਤਿੰਨ ਕਾਰਤੂਸ ਬਰਾਮਦ; ਚਾਰ ਵਿਅਕਤੀ ਕਾਬੂ।
  • 18 ਸਤੰਬਰ 2026: 10 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ।
  • 19 ਸਤੰਬਰ 2026: 17 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ।
  • 23 ਸਤੰਬਰ 2026: 20 ਕਿਲੋ ਹੈਰੋਇਨ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ।

ਇਸ ਤਰ੍ਹਾਂ 16 ਤੋਂ 23 ਸਤੰਬਰ ਦਰਮਿਆਨ CI ਅੰਮ੍ਰਿਤਸਰ ਵੱਲੋਂ ਕੁੱਲ 74 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

Leave a Reply

Your email address will not be published. Required fields are marked *