
ਚੰਡੀਗੜ੍ਹ, 20 ਸਤੰਬਰ 2026: ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਵੱਲੋਂ ਸੁਭਾਸ਼ ਚੰਦਰ ਬੋਸ ਆਫ਼ਤ ਪ੍ਰਬੰਧਨ ਪੁਰਸਕਾਰ-2027 ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਪੁਰਸਕਾਰ ਲਈ ਯੋਗ ਵਿਅਕਤੀ ਅਤੇ ਸੰਸਥਾਵਾਂ 30 ਸਤੰਬਰ 2026 ਤੱਕ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਅਰਜ਼ੀਆਂ ਸਰਕਾਰੀ ਪੋਰਟਲ awards.gov.in ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੁਭਾਸ਼ ਚੰਦਰ ਬੋਸ ਆਫ਼ਤ ਪ੍ਰਬੰਧਨ ਪੁਰਸਕਾਰ ਹਰ ਸਾਲ ਦਿੱਤਾ ਜਾਣ ਵਾਲਾ ਰਾਸ਼ਟਰੀ ਪੱਧਰ ਦਾ ਸਨਮਾਨ ਹੈ। ਇਸ ਦਾ ਉਦੇਸ਼ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਕੀਤੇ ਗਏ ਮਹੱਤਵਪੂਰਨ ਯੋਗਦਾਨ, ਸਮਰਪਣ ਅਤੇ ਨਿਰਸਵਾਰਥ ਸੇਵਾ ਨੂੰ ਮਾਨਤਾ ਦੇਣਾ ਹੈ।
ਬੁਲਾਰੇ ਮੁਤਾਬਕ ਇਸ ਪੁਰਸਕਾਰ ਦਾ ਐਲਾਨ ਹਰ ਸਾਲ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ ਮੌਕੇ ਕੀਤਾ ਜਾਂਦਾ ਹੈ। ਇਸ ਪੁਰਸਕਾਰ ਰਾਹੀਂ ਆਫ਼ਤਾਂ ਨਾਲ ਨਜਿੱਠਣ, ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਅਤੇ ਆਫ਼ਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਕੀਤੇ ਗਏ ਉਪਰਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਕੌਣ ਕਰ ਸਕਦਾ ਹੈ ਅਰਜ਼ੀ?
ਸਰਕਾਰੀ ਜਾਣਕਾਰੀ ਅਨੁਸਾਰ, ਇਸ ਪੁਰਸਕਾਰ ਲਈ ਸਿਰਫ਼ ਭਾਰਤੀ ਨਾਗਰਿਕ ਅਤੇ ਭਾਰਤੀ ਸੰਸਥਾਵਾਂ ਹੀ ਅਰਜ਼ੀ ਦੇਣ ਲਈ ਯੋਗ ਹਨ। ਸੰਸਥਾਵਾਂ ਦੀ ਸ਼੍ਰੇਣੀ ਵਿੱਚ ਸਵੈ-ਇੱਛਤ ਸੰਗਠਨ, ਕਾਰਪੋਰੇਟ ਸੰਸਥਾਵਾਂ, ਅਕਾਦਮਿਕ ਅਤੇ ਖੋਜ ਸੰਸਥਾਵਾਂ, ਪ੍ਰਤੀਕਿਰਿਆ ਜਾਂ ਵਰਦੀਧਾਰੀ ਬਲਾਂ ਤੋਂ ਇਲਾਵਾ ਹੋਰ ਯੋਗ ਸੰਸਥਾਵਾਂ ਵੀ ਸ਼ਾਮਲ ਹੋ ਸਕਦੀਆਂ ਹਨ।
ਪੁਰਸਕਾਰ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਜਾਂ ਸੰਸਥਾ ਵੱਲੋਂ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਕੀਤੇ ਗਏ ਕੰਮ ਦਾ ਵਿਸਥਾਰਪੂਰਵਕ ਵੇਰਵਾ ਅਰਜ਼ੀ ਵਿੱਚ ਦਰਜ ਕਰਨਾ ਲਾਜ਼ਮੀ ਹੋਵੇਗਾ। ਇਸ ਵਿੱਚ ਆਫ਼ਤਾਂ ਤੋਂ ਪਹਿਲਾਂ ਦੀ ਤਿਆਰੀ ਤੋਂ ਲੈ ਕੇ ਆਫ਼ਤ ਦੌਰਾਨ ਰਾਹਤ ਅਤੇ ਆਫ਼ਤ ਤੋਂ ਬਾਅਦ ਪੁਨਰਵਾਸ ਤੱਕ ਕੀਤੇ ਗਏ ਕੰਮਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਆਫ਼ਤ ਪ੍ਰਬੰਧਨ ਦੇ ਕਿਹੜੇ ਕੰਮ ਮੰਨੇ ਜਾਣਗੇ?
ਪੁਰਸਕਾਰ ਲਈ ਆਫ਼ਤ ਪ੍ਰਬੰਧਨ ਨਾਲ ਸਬੰਧਤ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਮਹੱਤਵਪੂਰਨ ਕੰਮਾਂ ਨੂੰ ਵਿਚਾਰਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਆਫ਼ਤਾਂ ਦੀ ਰੋਕਥਾਮ, ਜੋਖਮ ਘਟਾਉਣਾ, ਤਿਆਰੀ, ਬਚਾਅ ਕਾਰਜ, ਤੁਰੰਤ ਪ੍ਰਤੀਕਿਰਿਆ, ਰਾਹਤ, ਪੁਨਰਵਾਸ, ਖੋਜ ਅਤੇ ਨਵੀਨਤਾ ਵਰਗੇ ਖੇਤਰ ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ਅਰਜ਼ੀ ਵਿੱਚ ਉਮੀਦਵਾਰ ਜਾਂ ਸੰਸਥਾ ਵੱਲੋਂ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਕੀਤੇ ਗਏ ਕੰਮ, ਉਸ ਦੇ ਪ੍ਰਭਾਵ ਅਤੇ ਯੋਗਦਾਨ ਨਾਲ ਸਬੰਧਤ ਜਾਣਕਾਰੀ ਸਪਸ਼ਟ ਤੌਰ ’ਤੇ ਦਰਜ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਦਾ ਉਦੇਸ਼ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਦੇਣਾ ਅਤੇ ਹੋਰ ਲੋਕਾਂ ਨੂੰ ਵੀ ਆਫ਼ਤ ਪ੍ਰਬੰਧਨ ਅਤੇ ਮਨੁੱਖੀ ਸੇਵਾ ਨਾਲ ਜੁੜੇ ਉਪਰਾਲਿਆਂ ਲਈ ਪ੍ਰੇਰਿਤ ਕਰਨਾ ਹੈ।
ਇਸ ਪੁਰਸਕਾਰ ਨਾਲ ਸਬੰਧਤ ਯੋਗਤਾ, ਅਰਜ਼ੀ ਪ੍ਰਕਿਰਿਆ ਅਤੇ ਹੋਰ ਵਿਸਥਾਰਪੂਰਵਕ ਜਾਣਕਾਰੀ ਰਾਸ਼ਟਰੀ ਆਫ਼ਤ ਪ੍ਰਬੰਧਨ ਪੋਰਟਲ ’ਤੇ ਉਪਲਬਧ ਹੈ। ਯੋਗ ਉਮੀਦਵਾਰਾਂ ਅਤੇ ਸੰਸਥਾਵਾਂ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
