
ਗੁਰਦਾਸਪੁਰ, 20 ਸਤੰਬਰ 2026: ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਰਾਜ ਸਿੰਘ ਉਰਫ਼ ਕਾਕਾ (27) ਵਜੋਂ ਹੋਈ ਹੈ। ਉਹ ਅੱਡਾ ਪਿੰਡ ਦੇ ਕਾਂਗਰਸੀ ਸਰਪੰਚ ਨਵਦੀਪ ਸਿੰਘ ਦਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਖਰਾਜ ਨੂੰ ਸਿਰ ਅਤੇ ਚਿਹਰੇ ਤੋਂ ਇਲਾਵਾ ਛਾਤੀ ਤੇ ਪੇਟ ਵਿੱਚ ਵੀ ਗੋਲੀਆਂ ਮਾਰੀਆਂ ਗਈਆਂ।
ਜਾਣਕਾਰੀ ਮੁਤਾਬਕ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਸੁਖਰਾਜ ਸਿੰਘ ਧਾਰਮਿਕ ਸਮਾਗਮ ਵਿੱਚ ਮੱਥਾ ਟੇਕ ਕੇ ਬਾਈਕ ’ਤੇ ਆਪਣੇ ਘਰ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਸਵਿਫਟ ਕਾਰ ਵਿੱਚ ਸਵਾਰ ਕੁਝ ਨੌਜਵਾਨਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਰਸਤੇ ਵਿੱਚ ਬਾਈਕ ਰੋਕ ਕੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਰੂਪ ਵਿੱਚ ਜ਼ਖ਼ਮੀ ਸੁਖਰਾਜ ਦੀ ਮੌਤ ਹੋ ਗਈ।
ਧਾਰਮਿਕ ਸਮਾਗਮ ਤੋਂ ਮੱਥਾ ਟੇਕ ਕੇ ਪਰਤ ਰਿਹਾ ਸੀ ਸੁਖਰਾਜ
ਸਰਪੰਚ ਨਵਦੀਪ ਸਿੰਘ ਮੁਤਾਬਕ ਉਸ ਦਾ ਭਰਾ ਸੁਖਰਾਜ ਸਿੰਘ ਸ਼ਨੀਵਾਰ ਨੂੰ ਬਾਬਾ ਸ੍ਰੀ ਚੰਦ ਜੀ ਦੀ ਜਯੰਤੀ ਮੌਕੇ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਮੱਥਾ ਟੇਕਣ ਲਈ ਗਿਆ ਸੀ। ਸਮਾਗਮ ਤੋਂ ਬਾਅਦ ਉਹ ਬਾਈਕ ’ਤੇ ਵਾਪਸ ਘਰ ਆ ਰਿਹਾ ਸੀ।
ਦੱਸਿਆ ਗਿਆ ਹੈ ਕਿ ਰਾਤ ਕਰੀਬ ਸਾਢੇ 8 ਵਜੇ ਜਦੋਂ ਸੁਖਰਾਜ ਘਰ ਵੱਲ ਜਾ ਰਿਹਾ ਸੀ ਤਾਂ ਸਵਿਫਟ ਕਾਰ ਵਿੱਚ ਸਵਾਰ ਕਰੀਬ ਛੇ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਨੇ ਕਾਰ ਨੂੰ ਬਾਈਕ ਅੱਗੇ ਆੜ੍ਹੀ ਲਗਾ ਕੇ ਉਸ ਦਾ ਰਸਤਾ ਰੋਕਿਆ। ਇਸ ਤੋਂ ਬਾਅਦ ਕਾਰ ਵਿੱਚੋਂ ਤਿੰਨ ਨੌਜਵਾਨ ਬਾਹਰ ਨਿਕਲੇ ਅਤੇ ਸੁਖਰਾਜ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਕਰੀਬ ਤਿੰਨ ਮਹੀਨੇ ਪਹਿਲਾਂ ਵੀ ਹੋਇਆ ਸੀ ਹਮਲਾ
ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਸੁਖਰਾਜ ਸਿੰਘ ’ਤੇ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਗੋਲੀਬਾਰੀ ਹੋਈ ਸੀ। ਹਾਲਾਂਕਿ ਉਸ ਸਮੇਂ ਉਹ ਹਮਲੇ ਵਿੱਚ ਬਚ ਗਿਆ ਸੀ। ਹੁਣ ਮੁੜ ਉਸ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਮਾਮਲਾ ਹੋਰ ਗੰਭੀਰ ਬਣ ਗਿਆ ਹੈ।
ਪਰਿਵਾਰ ਮੁਤਾਬਕ ਸੁਖਰਾਜ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।
ਹੱਤਿਆ ਨੂੰ ਲੈ ਕੇ ਵੱਖ-ਵੱਖ ਦਾਅਵੇ, ਪੁਲਸ ਨੇ ਪੁਰਾਣੀ ਰੰਜਿਸ਼ ਦੱਸੀ
ਘਟਨਾ ਤੋਂ ਬਾਅਦ ਹੱਤਿਆ ਨੂੰ ਕਥਿਤ ਗੈਂਗਵਾਰ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਆਕਾਸ਼ ਗੈਂਗ ਵੱਲੋਂ ਕਥਿਤ ਤੌਰ ’ਤੇ ਹੱਤਿਆ ਦੀ ਜ਼ਿੰਮੇਵਾਰੀ ਲੈਣ ਸਬੰਧੀ ਇੱਕ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਇਸ ਪੋਸਟ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਪੁਲਸ ਵੱਲੋਂ ਨਹੀਂ ਕੀਤੀ ਗਈ।
ਦੂਜੇ ਪਾਸੇ, ਡੇਰਾ ਬਾਬਾ ਨਾਨਕ ਥਾਣੇ ਦੇ ਐਸਐਚਓ ਅਸ਼ੋਕ ਕੁਮਾਰ ਨੇ ਮਾਮਲੇ ਨੂੰ ਫਿਲਹਾਲ ਗੈਂਗਵਾਰ ਦੱਸਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਇਸੇ ਰੰਜਿਸ਼ ਕਾਰਨ ਹੱਤਿਆ ਹੋਣ ਦਾ ਸ਼ੱਕ ਹੈ।
ਐਸਐਚਓ ਨੇ ਦੱਸਿਆ ਕਿ ਦੋਵਾਂ ਧਿਰਾਂ ਖ਼ਿਲਾਫ਼ ਪਹਿਲਾਂ ਤੋਂ ਹੀ ਐਨਡੀਪੀਐਸ ਐਕਟ ਸਮੇਤ ਹੋਰ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਮੁਤਾਬਕ ਮ੍ਰਿਤਕ ਸੁਖਰਾਜ ਸਿੰਘ ਖ਼ਿਲਾਫ਼ ਵੀ ਕਰੀਬ 27 ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਪੁਲਸ ਵੱਲੋਂ ਜਾਂਚ ਤੇ ਮੁਲਜ਼ਮਾਂ ਦੀ ਭਾਲ ਜਾਰੀ
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾਸਥਲ ਦੀ ਜਾਂਚ ਕੀਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ। ਘਟਨਾ ਨਾਲ ਜੁੜੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਹਮਲਾਵਰਾਂ ਦੀ ਪਛਾਣ ਕੀਤੇ ਜਾਣ ਦਾ ਪੁਲਸ ਵੱਲੋਂ ਦਾਅਵਾ ਕੀਤਾ ਗਿਆ ਹੈ।
ਐਸਐਚਓ ਅਸ਼ੋਕ ਕੁਮਾਰ ਮੁਤਾਬਕ ਪੁਲਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਹੱਤਿਆ ਦੇ ਪਿੱਛੇ ਪੁਰਾਣੀ ਰੰਜਿਸ਼ ਨੂੰ ਮੁੱਖ ਐਂਗਲ ਵਜੋਂ ਦੇਖਦਿਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
