
ਲੁਧਿਆਣਾ, 14 ਸਤੰਬਰ 2026: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਡਰੋਨ ਸ਼ੋਆਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਮਾਗਮਾਂ ਦੇ ਪ੍ਰਬੰਧਾਂ, ਸੁਰੱਖਿਆ, ਆਵਾਜਾਈ ਅਤੇ ਹੋਰ ਲੋੜੀਂਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਅਤੇ ਮੋਗਾ ਵੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।
ਲੁਧਿਆਣਾ ’ਚ 16 ਤੋਂ 22 ਸਤੰਬਰ ਤੱਕ 7 ਡਰੋਨ ਸ਼ੋਅ
ਕੈਬਨਿਟ ਮੰਤਰੀਆਂ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁੱਲ 7 ਡਰੋਨ ਸ਼ੋਅ ਕਰਵਾਏ ਜਾਣਗੇ। ਇਨ੍ਹਾਂ ਦਾ ਆਯੋਜਨ 16 ਤੋਂ 22 ਸਤੰਬਰ ਤੱਕ ਵੱਖ-ਵੱਖ ਥਾਵਾਂ ’ਤੇ ਕੀਤਾ ਜਾਵੇਗਾ।
- 16 ਸਤੰਬਰ: ਗਰਾਊਂਡ, ਏਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਖੰਨਾ
- 17 ਸਤੰਬਰ: ਅਨਾਜ ਮੰਡੀ, ਪਾਇਲ
- 18 ਸਤੰਬਰ: ਸਮਾਰਟ ਸਕੂਲ (ਲੜਕੇ) ਗਰਾਊਂਡ, ਸਾਹਨੇਵਾਲ
- 19 ਸਤੰਬਰ: ਐਥਲੈਟਿਕ/ਫੁੱਟਬਾਲ ਗਰਾਊਂਡ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
- 20 ਸਤੰਬਰ: ਦਾਖਾ ਸਕੂਲ ਗਰਾਊਂਡ, ਦਾਖਾ
- 21 ਸਤੰਬਰ: ਅਨਾਜ ਮੰਡੀ, ਰਾਏਕੋਟ
- 22 ਸਤੰਬਰ: ਨਵੀਂ ਅਨਾਜ ਮੰਡੀ, ਜਗਰਾਉਂ
ਫਤਿਹਗੜ੍ਹ ਸਾਹਿਬ ’ਚ ਦੋ ਅਤੇ ਮੋਗਾ ’ਚ ਚਾਰ ਡਰੋਨ ਸ਼ੋਅ
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਵੀ ਦੋ ਡਰੋਨ ਸ਼ੋਅ ਕਰਵਾਏ ਜਾਣਗੇ। 14 ਸਤੰਬਰ ਨੂੰ ਅਨਾਜ ਮੰਡੀ ਸਰਹੰਦ ਅਤੇ 15 ਸਤੰਬਰ ਨੂੰ ਅਨਾਜ ਮੰਡੀ ਅਮਲੋਹ ਵਿਖੇ ਇਹ ਸ਼ੋਅ ਹੋਣਗੇ।
ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਵਿੱਚ ਚਾਰ ਡਰੋਨ ਸ਼ੋਅ ਕਰਵਾਏ ਜਾਣਗੇ। ਇਨ੍ਹਾਂ ਵਿੱਚ 15 ਸਤੰਬਰ ਨੂੰ ਅਨਾਜ ਮੰਡੀ ਨਿਹਾਲ ਸਿੰਘ ਵਾਲਾ, 16 ਸਤੰਬਰ ਨੂੰ ਸੰਤ ਬਾਬਾ ਗੁਰਮੇਲ ਸਿੰਘ ਗਰਾਊਂਡ ਬਾਘਾ ਪੁਰਾਣਾ, 17 ਸਤੰਬਰ ਨੂੰ ਅਨਾਜ ਮੰਡੀ ਮੋਗਾ ਅਤੇ 18 ਸਤੰਬਰ ਨੂੰ ਅਨਾਜ ਮੰਡੀ ਧਰਮਕੋਟ ਵਿਖੇ ਡਰੋਨ ਸ਼ੋਅ ਕਰਵਾਇਆ ਜਾਵੇਗਾ।
ਕੀਰਤਨ ਨਾਲ ਹੋਵੇਗੀ ਸ਼ੁਰੂਆਤ, 500 ਤੋਂ ਵੱਧ ਡਰੋਨ ਪੇਸ਼ ਕਰਨਗੇ ਅਲੌਕਿਕ ਨਜ਼ਾਰਾ
ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ, ਮੋਗਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਹੋਣ ਵਾਲੇ ਸਾਰੇ ਡਰੋਨ ਸ਼ੋਅ ਸ਼ਾਮ 6 ਵਜੇ ਤੋਂ ਸ਼ੁਰੂ ਹੋਣਗੇ। ਸਮਾਗਮ ਦੀ ਸ਼ੁਰੂਆਤ ਕੀਰਤਨ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ 500 ਤੋਂ ਵੱਧ ਆਧੁਨਿਕ ਡਰੋਨਾਂ ਦੀ ਮਦਦ ਨਾਲ ਵਿਸ਼ੇਸ਼ ਡਰੋਨ ਸ਼ੋਅ ਪੇਸ਼ ਕੀਤਾ ਜਾਵੇਗਾ।
ਇਨ੍ਹਾਂ ਡਰੋਨਾਂ ਰਾਹੀਂ ਆਕਾਸ਼ ਵਿੱਚ ਵੱਖ-ਵੱਖ ਰੌਸ਼ਨਮਈ ਆਕਾਰ ਅਤੇ ਦ੍ਰਿਸ਼ ਪੇਸ਼ ਕੀਤੇ ਜਾਣਗੇ, ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ, ਜੀਵਨ ਅਤੇ ਸਮਾਜ ਨੂੰ ਦਿੱਤੇ ਸੰਦੇਸ਼ ਨੂੰ ਸਮਰਪਿਤ ਹੋਣਗੇ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਨੂੰ ਲੋਕਾਂ ਲਈ ਯਾਦਗਾਰ ਬਣਾਉਣ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਕੈਬਨਿਟ ਮੰਤਰੀਆਂ ਨੇ ਸਬੰਧਤ ਅਧਿਕਾਰੀਆਂ ਨੂੰ ਡਰੋਨ ਸ਼ੋਆਂ ਦੌਰਾਨ ਲੋਕਾਂ ਦੀ ਸਹੂਲਤ, ਸੁਰੱਖਿਆ ਅਤੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ।
