Monday, September 14Punjabi People

ਕੈਨੇਡਾ ’ਚ ਫਿਰੌਤੀ ਮਾਮਲੇ ’ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਕੈਨੇਡਾ, 14 ਸਤੰਬਰ 2026: ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਇੱਕ ਹਾਈ-ਪ੍ਰੋਫਾਈਲ ਫਿਰੌਤੀ ਮਾਮਲੇ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਔਰਤ ਦੀ ਗ੍ਰਿਫ਼ਤਾਰੀ ਸਾਹਮਣੇ ਆਈ ਹੈ। ਹਾਲਾਂਕਿ, ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਕਨੂਪ੍ਰੀਤ ਕੌਰ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।

ਕੈਲਗਰੀ ਪੁਲਿਸ ਸਰਵਿਸ (CPS) ਦੇ ਅਨੁਸਾਰ, ਕਨੂਪ੍ਰੀਤ ਕੌਰ ’ਤੇ ਦੋਸ਼ ਹੈ ਕਿ ਉਸ ਨੇ ਕਥਿਤ ਤੌਰ ’ਤੇ ਪੀੜਤਾ ਨਾਲ ਸਬੰਧਤ ਨਿੱਜੀ ਜਾਣਕਾਰੀ, ਜਿਸ ਵਿੱਚ ਉਸ ਦਾ ਘਰ ਦਾ ਪਤਾ ਅਤੇ ਪਛਾਣ ਸ਼ਾਮਲ ਸੀ, ਗੋਲੀਬਾਰੀ ਕਰਨ ਵਾਲੇ ਸ਼ੱਕੀ ਵਿਅਕਤੀ ਤੱਕ ਪਹੁੰਚਾਈ। ਪੁਲਿਸ ਦਾ ਕਹਿਣਾ ਹੈ ਕਿ ਇਸ ਜਾਣਕਾਰੀ ਦੀ ਵਰਤੋਂ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਡਰਾਉਣ ਲਈ ਕੀਤੀ ਗਈ।

WhatsApp ’ਤੇ ਧਮਕੀ ਤੋਂ ਬਾਅਦ ਘਰ ’ਤੇ ਗੋਲੀਬਾਰੀ

ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਦੋ ਬਾਲਗਾਂ ਅਤੇ ਇੱਕ ਨਾਬਾਲਗ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਘਟਨਾ ਦੀ ਸ਼ੁਰੂਆਤ 25 ਮਾਰਚ ਨੂੰ ਹੋਈ, ਜਦੋਂ ਪੀੜਤਾ ਨੂੰ ਇੱਕ ਅਣਜਾਣ ਨੰਬਰ ਤੋਂ WhatsApp ਰਾਹੀਂ ਧਮਕੀ ਭਰਿਆ ਸੁਨੇਹਾ ਮਿਲਿਆ।

ਪੁਲਿਸ ਅਨੁਸਾਰ ਸੁਨੇਹੇ ਰਾਹੀਂ ਪੀੜਤਾ ਤੋਂ ਵੱਡੀ ਰਕਮ ਦੀ ਮੰਗ ਕੀਤੀ ਗਈ ਸੀ। ਹਾਲਾਂਕਿ, ਪੁਲਿਸ ਨੇ ਫਿਰੌਤੀ ਵਜੋਂ ਮੰਗੀ ਗਈ ਸਹੀ ਰਕਮ ਦਾ ਖੁਲਾਸਾ ਨਹੀਂ ਕੀਤਾ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸ਼ੱਕੀ ਵਿਅਕਤੀਆਂ ਕੋਲ ਪੀੜਤਾ ਦੇ ਨਾਮ, ਘਰ ਦੇ ਪਤੇ, ਕਾਰੋਬਾਰ ਅਤੇ ਪਰਿਵਾਰ ਨਾਲ ਸਬੰਧਤ ਨਿੱਜੀ ਜਾਣਕਾਰੀ ਮੌਜੂਦ ਸੀ।

ਧਮਕੀ ਮਿਲਣ ਤੋਂ ਕਰੀਬ 12 ਘੰਟਿਆਂ ਬਾਅਦ ਪੀੜਤਾ ਦੇ ਘਰ ’ਤੇ ਗੋਲੀਬਾਰੀ ਕੀਤੀ ਗਈ। ਪੁਲਿਸ ਵੱਲੋਂ ਇਸ ਘਟਨਾ ਨੂੰ ਫਿਰੌਤੀ ਦੀ ਜਾਂਚ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਕੈਲਗਰੀ ’ਚ ਜਬਰਦਸਤੀ ਦੇ ਮਾਮਲੇ ਵਧੇ

ਕੈਲਗਰੀ ਪੁਲਿਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਅਪ੍ਰੈਲ 2025 ਤੋਂ ਸ਼ਹਿਰ ਵਿੱਚ ਜਬਰਦਸਤੀ/ਫਿਰੌਤੀ ਨਾਲ ਸਬੰਧਤ 51 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 19 ਮਾਮਲੇ ਗੋਲੀਬਾਰੀ ਨਾਲ ਸਿੱਧੇ ਤੌਰ ’ਤੇ ਜੁੜੇ ਦੱਸੇ ਗਏ ਹਨ।

ਪੁਲਿਸ ਦੇ ਅਨੁਸਾਰ ਇਨ੍ਹਾਂ ਮਾਮਲਿਆਂ ਵਿੱਚ ਹੁਣ ਤੱਕ 19 ਸ਼ੱਕੀਆਂ ਖ਼ਿਲਾਫ਼ 59 ਵੱਖ-ਵੱਖ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਫਿਰੌਤੀ ਜਾਂ ਜਬਰਦਸਤੀ ਨਾਲ ਸਬੰਧਤ ਕੋਈ ਸ਼ੱਕੀ ਕਾਲ, ਸੁਨੇਹਾ ਜਾਂ ਧਮਕੀ ਮਿਲਦੀ ਹੈ ਤਾਂ ਉਹ ਘਬਰਾਉਣ ਦੀ ਬਜਾਏ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

8 ਸਤੰਬਰ ਨੂੰ ਕਨੂਪ੍ਰੀਤ ਕੌਰ ਦੀ ਹੋਈ ਸੀ ਗ੍ਰਿਫ਼ਤਾਰੀ

ਪੁਲਿਸ ਮੁਤਾਬਕ ਚੈਸਟਰਮੇਰ ਦੀ ਰਹਿਣ ਵਾਲੀ ਕਨੂਪ੍ਰੀਤ ਕੌਰ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਦੋਸ਼ ਹੈ ਕਿ ਉਸ ਨੇ ਪੀੜਤਾ ਬਾਰੇ ਨਿੱਜੀ ਜਾਣਕਾਰੀ ਹੋਰ ਸ਼ੱਕੀਆਂ ਨੂੰ ਮੁਹੱਈਆ ਕਰਵਾਈ, ਜਿਸ ਨਾਲ ਉਨ੍ਹਾਂ ਨੂੰ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਕਥਿਤ ਤੌਰ ’ਤੇ ਧਮਕਾਉਣ ਵਿੱਚ ਮਦਦ ਮਿਲੀ।

ਹਾਲਾਂਕਿ, ਗ੍ਰਿਫ਼ਤਾਰੀ ਤੋਂ ਬਾਅਦ ਕਨੂਪ੍ਰੀਤ ਕੌਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਹੁਣ ਉਸ ਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੋਵੇਗਾ। ਉਸ ’ਤੇ ਲੱਗੇ ਦੋਸ਼ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।

ਤਨਵੀਰ ਸਿੰਘ ਦੀ ਪੁਲਿਸ ਨੂੰ ਭਾਲ

ਇਸ ਮਾਮਲੇ ਵਿੱਚ ਪੁਲਿਸ ਕੈਲਗਰੀ ਦੇ ਰਹਿਣ ਵਾਲੇ ਤਨਵੀਰ ਸਿੰਘ ਦੀ ਵੀ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ ਉਸ ਦੇ ਖ਼ਿਲਾਫ਼ $5,000 ਤੋਂ ਵੱਧ ਕੀਮਤ ਵਾਲੀ ਚੋਰੀ ਦੀ ਗੱਡੀ ਰੱਖਣ ਸਬੰਧੀ ਵਾਰੰਟ ਜਾਰੀ ਹੈ। ਪੁਲਿਸ ਦਾ ਦੋਸ਼ ਹੈ ਕਿ ਇਸੇ ਵਾਹਨ ਦੀ ਵਰਤੋਂ ਗੋਲੀਬਾਰੀ ਦੀ ਘਟਨਾ ਦੌਰਾਨ ਕੀਤੀ ਗਈ ਸੀ।

ਪੁਲਿਸ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਤਨਵੀਰ ਸਿੰਘ ਦੀ ਲੰਬਾਈ ਲਗਭਗ 5 ਫੁੱਟ 8 ਇੰਚ, ਭਾਰ ਕਰੀਬ 130 ਪੌਂਡ ਹੈ ਅਤੇ ਉਸ ਦੇ ਕਾਲੇ ਵਾਲ ਤੇ ਭੂਰੀਆਂ ਅੱਖਾਂ ਹਨ। ਪੁਲਿਸ ਵੱਲੋਂ ਉਸ ਦੀ ਭਾਲ ਜਾਰੀ ਹੈ।

ਕੈਲਗਰੀ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *