
ਬਟਾਲਾ, 10 ਸਤੰਬਰ 2026: ਭਗਵਾਨ ਰਾਮ ਦੇ ਜੀਵਨ, ਆਦਰਸ਼ਾਂ ਅਤੇ ਦਰਸ਼ਨ ਨੂੰ ਨਾਟਕੀ ਰੂਪ ਵਿੱਚ ਦਰਸ਼ਕਾਂ ਤੱਕ ਪਹੁੰਚਾਉਣ ਵਾਲਾ ਪ੍ਰਸਿੱਧ ਨਾਟਕ ‘ਹਮਾਰੇ ਰਾਮ’ 11 ਸਤੰਬਰ ਨੂੰ ਬਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿੱਚ ਮੁੜ ਪੇਸ਼ ਕੀਤਾ ਜਾਵੇਗਾ। ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਆਪਣੀ ਟੀਮ ਸਮੇਤ ਇਸ ਵਿਸ਼ੇਸ਼ ਨਾਟਕ ਦੀ ਪੇਸ਼ਕਾਰੀ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਕਮਿਸ਼ਨਰ, ਨਗਰ ਨਿਗਮ ਬਟਾਲਾ, ਗੁਰਸਿਮਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਤੰਬਰ ਨੂੰ ਨਾਟਕ ਦੇ ਦੋ ਸ਼ੋਅ ਕਰਵਾਏ ਜਾਣਗੇ। ਪਹਿਲਾ ਸ਼ੋਅ ਦੁਪਹਿਰ 2 ਵਜੇ ਅਤੇ ਦੂਜਾ ਸ਼ੋਅ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸੱਭਿਆਚਾਰਕ ਸਮਾਗਮ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਮੁਫ਼ਤ ਕਰਵਾਇਆ ਜਾ ਰਿਹਾ ਹੈ।
6 ਸਤੰਬਰ ਨੂੰ ਵੀ ਹੋਈ ਸੀ ਵਿਸ਼ੇਸ਼ ਪੇਸ਼ਕਾਰੀ
ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ‘ਹਮਾਰੇ ਰਾਮ’ ਨਾਟਕ ਦੀ ਇੱਕ ਪੇਸ਼ਕਾਰੀ ਪਹਿਲਾਂ 6 ਸਤੰਬਰ ਨੂੰ ਵੀ ਕਰਵਾਈ ਗਈ ਸੀ, ਜਿਸ ਨੂੰ ਬਟਾਲਾ, ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਦੇਖਿਆ। ਦਰਸ਼ਕਾਂ ਨੇ ਨਾਟਕ ਰਾਹੀਂ ਭਗਵਾਨ ਰਾਮ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਮਨੁੱਖੀ ਜੀਵਨ ਨਾਲ ਜੁੜੇ ਮੁੱਲਾਂ ਨੂੰ ਸਮਝਣ ਦਾ ਮੌਕਾ ਪ੍ਰਾਪਤ ਕੀਤਾ।
ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਸਿਰਫ਼ ਇੱਕ ਨਾਟਕ ਨਹੀਂ, ਸਗੋਂ ਭਗਵਾਨ ਰਾਮ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੁੜੇ ਸੰਦੇਸ਼ਾਂ ਨੂੰ ਕਲਾ ਅਤੇ ਰੰਗਮੰਚ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਵਿਲੱਖਣ ਉਪਰਾਲਾ ਹੈ। ਨਾਟਕ ਰਾਹੀਂ ਦਰਸ਼ਕਾਂ ਨੂੰ ਜੀਵਨ ਵਿੱਚ ਆਦਰਸ਼ਾਂ, ਮਰਿਆਦਾ, ਸੱਚਾਈ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਵੀ ਸੰਦੇਸ਼ ਮਿਲਦਾ ਹੈ।
ਲੋਕਾਂ ਨੂੰ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ
ਵਧੀਕ ਡਿਪਟੀ ਕਮਿਸ਼ਨਰ ਨੇ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ 11 ਸਤੰਬਰ ਨੂੰ ਹੋਣ ਵਾਲੇ ਦੋਵੇਂ ਸ਼ੋਅ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਸ਼ੂਤੋਸ਼ ਰਾਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੇਸ਼ ਕੀਤਾ ਜਾਣ ਵਾਲਾ ਇਹ ਨਾਟਕ ਦਰਸ਼ਕਾਂ ਲਈ ਇੱਕ ਯਾਦਗਾਰ ਸੱਭਿਆਚਾਰਕ ਅਨੁਭਵ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਸੱਭਿਆਚਾਰਕ ਸਮਾਗਮ ਕਰਵਾਉਣ ਦਾ ਉਦੇਸ਼ ਲੋਕਾਂ ਨੂੰ ਆਪਣੀ ਅਮੀਰ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਪਰਿਵਾਰਾਂ ਨੂੰ ਸਿਹਤਮੰਦ ਅਤੇ ਸਾਰਥਕ ਮਨੋਰੰਜਨ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ‘ਹਮਾਰੇ ਰਾਮ’ ਦੀ ਇਸ ਵਿਸ਼ੇਸ਼ ਪੇਸ਼ਕਾਰੀ ਦਾ ਆਨੰਦ ਮਾਣਨ ਅਤੇ ਭਗਵਾਨ ਰਾਮ ਦੇ ਜੀਵਨ ਤੇ ਦਰਸ਼ਨ ਨਾਲ ਜੁੜੇ ਪ੍ਰੇਰਣਾਦਾਇਕ ਸੰਦੇਸ਼ਾਂ ਨੂੰ ਆਪਣੇ ਜੀਵਨ ਨਾਲ ਜੋੜਨ ਦਾ ਯਤਨ ਕਰਨ।
