
ਚੰਡੀਗੜ੍ਹ/ਸ਼ਾਰਜਾਹ, 10 ਸਤੰਬਰ 2026: ਪੰਜਾਬ ਦੀ ਯੂਏਈ ਨਿਵੇਸ਼ ਪਹੁੰਚ ਨੂੰ ਹੋਰ ਮਜ਼ਬੂਤ ਕਰਦਿਆਂ ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਸ਼ਾਰਜਾਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ (IBPC) ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਰਣਨੀਤਕ ਵਿਚਾਰ-ਵਟਾਂਦਰਾ ਕੀਤਾ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਪੰਜਾਬ ਅਤੇ ਯੂਏਈ ਵਿਚਕਾਰ ਵਪਾਰ, ਨਿਵੇਸ਼, ਉਦਯੋਗਿਕ ਸਹਿਯੋਗ ਅਤੇ ਬਿਜ਼ਨਸ-ਟੂ-ਬਿਜ਼ਨਸ (B2B) ਭਾਈਵਾਲੀ ਨੂੰ ਨਵੀਂ ਦਿਸ਼ਾ ਦੇਣਾ ਰਿਹਾ।
ਗੱਲਬਾਤ ਦੌਰਾਨ ਪੰਜਾਬ ਅਤੇ ਸ਼ਾਰਜਾਹ ਦੇ ਕਾਰੋਬਾਰੀ ਭਾਈਚਾਰਿਆਂ ਵਿਚਕਾਰ ਸਿੱਧੇ ਸੰਪਰਕ ਵਧਾਉਣ ਲਈ ਇੱਕ ਸੁਚੱਜਾ ਅਤੇ ਪ੍ਰਭਾਵਸ਼ਾਲੀ ਢਾਂਚਾ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਤਹਿਤ ਦੋਵਾਂ ਖੇਤਰਾਂ ਦੇ ਉਦਯੋਗਪਤੀਆਂ ਨੂੰ ਆਪਸੀ ਵਪਾਰਕ ਭਾਈਵਾਲ ਲੱਭਣ, ਸਾਂਝੇ ਉੱਦਮ ਸਥਾਪਤ ਕਰਨ, ਨਿਵੇਸ਼ ਦੇ ਨਵੇਂ ਮੌਕੇ ਤਲਾਸ਼ਣ, ਨਿਰਯਾਤ ਨੂੰ ਹੁਲਾਰਾ ਦੇਣ ਅਤੇ ਲੰਬੇ ਸਮੇਂ ਦੇ ਆਪਸੀ ਲਾਭਕਾਰੀ ਕਾਰੋਬਾਰੀ ਸਬੰਧ ਵਿਕਸਿਤ ਕਰਨ ਲਈ ਮੰਚ ਮੁਹੱਈਆ ਕਰਵਾਉਣ ਬਾਰੇ ਵਿਚਾਰ ਕੀਤਾ ਗਿਆ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਦੌਰਾਨ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ ਅਤੇ ‘ਇਨਵੈਸਟ ਪੰਜਾਬ’ ਵਿਚਕਾਰ ਉਦਯੋਗ-ਤੋਂ-ਉਦਯੋਗ (Industry-to-Industry) ਤਾਲਮੇਲ ਨੂੰ ਤੇਜ਼ ਕਰਨ ਲਈ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ‘ਇਨਵੈਸਟ ਪੰਜਾਬ’ ਸ਼ਾਰਜਾਹ ਦੇ ਨਿਰਮਾਤਾਵਾਂ, ਨਿਰਯਾਤਕਾਂ ਅਤੇ ਸੇਵਾ ਖੇਤਰ ਨਾਲ ਜੁੜੀਆਂ ਕੰਪਨੀਆਂ ਨੂੰ ਪੰਜਾਬ ਦੇ ਸਬੰਧਤ ਉਦਯੋਗਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਦੇ ਨਾਲ ਹੀ ਯੂਏਈ ਵਿੱਚ ਵਪਾਰਕ ਅਤੇ ਨਿਵੇਸ਼ ਦੇ ਮੌਕੇ ਤਲਾਸ਼ਣ ਵਾਲੀਆਂ ਪੰਜਾਬੀ ਕੰਪਨੀਆਂ ਨੂੰ ਵੀ ਲੋੜੀਂਦੀ ਸਹਾਇਤਾ ਅਤੇ ਮਾਰਗਦਰਸ਼ਨ ਦਿੱਤਾ ਜਾਵੇਗਾ।
ਉਦਯੋਗ ਮੰਤਰੀ ਨੇ ਪੰਜਾਬ ਦੀ ਮਜ਼ਬੂਤ ਉਦਯੋਗਿਕ ਬੁਨਿਆਦ, ਉੱਦਮੀ ਈਕੋਸਿਸਟਮ ਅਤੇ ਉੱਤਰੀ ਭਾਰਤ ਵਿੱਚ ਸੂਬੇ ਦੀ ਰਣਨੀਤਕ ਸਥਿਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਪੰਜਾਬ ਨਿਵੇਸ਼ਕਾਂ ਲਈ ਇੱਕ ਆਕਰਸ਼ਕ ਮੰਜ਼ਿਲ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ, ਰੈਗੂਲੇਟਰੀ ਪ੍ਰਬੰਧਾਂ ਵਿੱਚ ਸੁਧਾਰ ਕਰਨ ਅਤੇ ‘ਈਜ਼ ਆਫ਼ ਡੂਇੰਗ ਬਿਜ਼ਨਸ’ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਨਿਵੇਸ਼ ਨੂੰ ਸੱਦਾ ਦੇਣ ਤੱਕ ਸੀਮਿਤ ਨਹੀਂ ਹੈ, ਸਗੋਂ ਪੰਜਾਬ ਅਤੇ ਵਿਦੇਸ਼ੀ ਕਾਰੋਬਾਰੀ ਭਾਈਚਾਰਿਆਂ ਵਿਚਕਾਰ ਲੰਬੇ ਸਮੇਂ ਦੀਆਂ ਮਜ਼ਬੂਤ ਵਪਾਰਕ ਭਾਈਵਾਲੀਆਂ ਸਥਾਪਤ ਕਰਨਾ ਵੀ ਹੈ। ਇਸ ਤਹਿਤ ਪੰਜਾਬ ਦੀਆਂ ਕੰਪਨੀਆਂ ਅਤੇ ਯੂਏਈ ਦੇ ਉਦਯੋਗਾਂ ਨੂੰ ਮੈਨੂਫੈਕਚਰਿੰਗ, ਨਿਰਯਾਤ, ਸੇਵਾਵਾਂ, ਤਕਨਾਲੋਜੀ ਅਤੇ ਹੋਰ ਉੱਭਰ ਰਹੇ ਖੇਤਰਾਂ ਵਿੱਚ ਸਾਂਝੇ ਤੌਰ ’ਤੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਸ੍ਰੀ ਅਮਨ ਅਰੋੜਾ ਨੇ ਸ਼ਾਰਜਾਹ ਦੇ ਕਾਰੋਬਾਰੀ ਭਾਈਚਾਰੇ ਨੂੰ ਪੰਜਾਬ ਦਾ ਦੌਰਾ ਕਰਨ ਅਤੇ ‘ਇਨਵੈਸਟ ਪੰਜਾਬ’ ਨਾਲ ਜੁੜ ਕੇ ਸੂਬੇ ਵਿੱਚ ਮੌਜੂਦ ਵੱਖ-ਵੱਖ ਉਦਯੋਗਿਕ ਅਤੇ ਵਪਾਰਕ ਸੰਭਾਵਨਾਵਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਮੈਨੂਫੈਕਚਰਿੰਗ, ਆਈਟੀ, ਸੇਵਾਵਾਂ, ਟੈਕਸਟਾਈਲ, ਆਟੋ ਕੰਪੋਨੈਂਟਸ ਅਤੇ ਹੋਰ ਖੇਤਰਾਂ ਵਿੱਚ ਨਿਵੇਸ਼ ਅਤੇ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ।
ਮੁਲਾਕਾਤ ਦੌਰਾਨ ਭਾਰਤ-ਯੂਏਈ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) ਅਤੇ ਯੂਏਈ ਵੱਲੋਂ ਵੱਖ-ਵੱਖ ਗਲੋਬਲ ਮਾਰਕੀਟਾਂ ਨਾਲ ਕੀਤੇ ਜਾ ਰਹੇ ਵਪਾਰਕ ਸਮਝੌਤਿਆਂ ਤੋਂ ਪੈਦਾ ਹੋਣ ਵਾਲੇ ਮੌਕਿਆਂ ’ਤੇ ਵੀ ਵਿਸ਼ੇਸ਼ ਚਰਚਾ ਹੋਈ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਯੂਏਈ ਨਾਲ ਮਜ਼ਬੂਤ ਵਪਾਰਕ ਸਬੰਧ ਪੰਜਾਬ ਦੇ ਉਦਯੋਗਾਂ ਲਈ ਸਿਰਫ਼ ਖਾੜੀ ਖੇਤਰ ਹੀ ਨਹੀਂ, ਸਗੋਂ ਮੱਧ ਪੂਰਬ ਅਤੇ ਹੋਰ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਵਿੱਚ ਵੀ ਮਹੱਤਵਪੂਰਨ ਸਾਬਤ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਯੂਏਈ ਨੂੰ ਇੱਕ ਮਹੱਤਵਪੂਰਨ ਗਲੋਬਲ ਵਪਾਰਕ ਗੇਟਵੇਅ ਵਜੋਂ ਵਰਤਦਿਆਂ ਪੰਜਾਬ ਦੇ ਨਿਰਮਾਤਾ ਅਤੇ ਨਿਰਯਾਤਕ ਆਪਣੇ ਉਤਪਾਦਾਂ ਨੂੰ ਵਿਸ਼ਵ ਪੱਧਰੀ ਬਾਜ਼ਾਰਾਂ ਤੱਕ ਪਹੁੰਚਾ ਸਕਦੇ ਹਨ। ਇਸ ਨਾਲ ਪੰਜਾਬ ਦੇ ਉਦਯੋਗਾਂ ਦੀ ਗਲੋਬਲ ਵੈਲਿਊ ਚੇਨ ਵਿੱਚ ਭਾਗੀਦਾਰੀ ਹੋਰ ਵਧਾਉਣ ਵਿੱਚ ਵੀ ਮਦਦ ਮਿਲੇਗੀ।
ਇਸ ਮੌਕੇ ਸ਼ਾਰਜਾਹ ਦੇ ਵਿਸ਼ਾਲ ਉਦਯੋਗਿਕ ਈਕੋਸਿਸਟਮ ਬਾਰੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼ਾਰਜਾਹ ਵਿੱਚ 3,000 ਤੋਂ ਵੱਧ ਮੈਨੂਫੈਕਚਰਿੰਗ ਯੂਨਿਟਾਂ, ਸੱਤ ਫ੍ਰੀ ਜ਼ੋਨ ਅਤੇ 18 ਉਦਯੋਗਿਕ ਜ਼ੋਨ ਮੌਜੂਦ ਹਨ। ਦੋਵਾਂ ਧਿਰਾਂ ਨੇ ਮੰਨਿਆ ਕਿ ਇਹ ਮਜ਼ਬੂਤ ਉਦਯੋਗਿਕ ਢਾਂਚਾ ਪੰਜਾਬ ਅਤੇ ਸ਼ਾਰਜਾਹ ਦੇ ਉਦਯੋਗਾਂ ਵਿਚਕਾਰ ਸਾਂਝੇ ਉੱਦਮ, ਵਪਾਰਕ ਭਾਈਵਾਲੀ ਅਤੇ ਨਿਵੇਸ਼ ਲਈ ਇੱਕ ਮਜ਼ਬੂਤ ਆਧਾਰ ਬਣ ਸਕਦਾ ਹੈ।
ਇਸ ਦੌਰਾਨ ‘ਇਨਵੈਸਟ ਪੰਜਾਬ’ ਦੇ ਸੀਈਓ ਸ੍ਰੀ ਅਮਿਤ ਢਾਕਾ ਨੇ ਪ੍ਰੈਜ਼ੈਂਟੇਸ਼ਨ ਰਾਹੀਂ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ, ਉਦਯੋਗ-ਪੱਖੀ ਨੀਤੀਆਂ ਅਤੇ ‘ਈਜ਼ ਆਫ਼ ਡੂਇੰਗ ਬਿਜ਼ਨਸ’ ਦੇ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ‘ਇਨਵੈਸਟ ਪੰਜਾਬ’ ਦੇ ਨਿਵੇਸ਼ ਸਹੂਲਤ ਮਾਡਲ ਬਾਰੇ ਵੀ ਚਾਨਣਾ ਪਾਇਆ, ਜਿਸ ਤਹਿਤ ਨਿਵੇਸ਼ਕਾਂ ਨੂੰ ਰੈਗੂਲੇਟਰੀ ਮਨਜ਼ੂਰੀਆਂ, ਨਿਵੇਸ਼ ਸਹੂਲਤਾਂ ਅਤੇ ਨਿਵੇਸ਼ ਤੋਂ ਬਾਅਦ ਦੀ ਸਹਾਇਤਾ ਲਈ ‘ਫਾਸਟ-ਟ੍ਰੈਕ ਪੰਜਾਬ’ ਪੋਰਟਲ ਰਾਹੀਂ ਸਿੰਗਲ-ਪੁਆਇੰਟ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਯੂਏਈ ਵਿਚਕਾਰ ਇਸ ਤਰ੍ਹਾਂ ਦੀ ਸੰਸਥਾਗਤ ਭਾਈਵਾਲੀ ਨਾਲ ਵਪਾਰਕ ਮੇਲ-ਜੋਲ ਨੂੰ ਉਤਸ਼ਾਹ ਮਿਲੇਗਾ ਅਤੇ ਦੋਵਾਂ ਖੇਤਰਾਂ ਦੇ ਕਾਰੋਬਾਰੀਆਂ ਨੂੰ ਨਵੇਂ ਭਾਈਵਾਲ, ਨਿਵੇਸ਼ ਦੇ ਮੌਕੇ ਅਤੇ ਵਿਸ਼ਵ ਪੱਧਰੀ ਬਾਜ਼ਾਰਾਂ ਤੱਕ ਪਹੁੰਚ ਦੇ ਰਸਤੇ ਮਿਲਣਗੇ। ਇਸ ਨਾਲ ਪੰਜਾਬ ਦੇ ਉਦਯੋਗਾਂ ਨੂੰ ਗਲੋਬਲ ਵੈਲਿਊ ਚੇਨ ਨਾਲ ਹੋਰ ਡੂੰਘਾਈ ਨਾਲ ਜੋੜਨ ਦੇ ਨਾਲ-ਨਾਲ ਸੂਬੇ ਅਤੇ ਯੂਏਈ ਦਰਮਿਆਨ ਆਰਥਿਕ ਸਬੰਧਾਂ ਨੂੰ ਵੀ ਨਵੀਂ ਮਜ਼ਬੂਤੀ ਮਿਲਣ ਦੀ ਉਮੀਦ ਹੈ।
