
ਚੰਡੀਗੜ੍ਹ, 6 ਸਤੰਬਰ 2026: ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਗਣਨਾ ਕਰਵਾਈ ਜਾਵੇਗੀ। ਪੰਜਾਬ ਵਿੱਚ ਜਨਗਣਨਾ ਦਾ ਮੁੱਖ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ। ਇਸ ਤੋਂ ਪਹਿਲਾਂ ਨਾਗਰਿਕਾਂ ਨੂੰ 16 ਨਵੰਬਰ ਤੋਂ 30 ਨਵੰਬਰ 2026 ਤੱਕ ਸਵੈ-ਗਣਨਾ (Self-Enumeration) ਪੋਰਟਲ ਰਾਹੀਂ ਆਪਣੀ ਜਾਣਕਾਰੀ ਦਰਜ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਇਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਜਾਣਕਾਰੀ ਦੀ ਜਾਂਚ ਅਤੇ ਸੋਧ ਦਾ ਪੜਾਅ ਹੋਵੇਗਾ।
ਜਨਗਣਨਾ ਵਿੱਚ ਪੁੱਛੇ ਜਾਣਗੇ 40 ਸਵਾਲ
ਇਸ ਵਾਰ ਦੀ ਜਨਗਣਨਾ ਵਿੱਚ ਲੋਕਾਂ ਤੋਂ ਕੁੱਲ 40 ਸਵਾਲਾਂ ਰਾਹੀਂ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਨ੍ਹਾਂ ਵਿੱਚ ਪਰਿਵਾਰ ਅਤੇ ਵਿਅਕਤੀ ਨਾਲ ਸਬੰਧਤ ਵੇਰਵਿਆਂ ਤੋਂ ਇਲਾਵਾ ਜਾਤ ਅਤੇ ਧਰਮ ਨਾਲ ਜੁੜੀ ਜਾਣਕਾਰੀ ਵੀ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਕੋਵਿਡ-19 ਵੈਕਸੀਨ ਲਗਵਾਉਣ ਸਬੰਧੀ ਜਾਣਕਾਰੀ ਸਮੇਤ ਹੋਰ ਸਮਾਜਿਕ ਅਤੇ ਜਨਸੰਖਿਆਤਮਕ ਵੇਰਵੇ ਵੀ ਦਰਜ ਕੀਤੇ ਜਾਣਗੇ।
ਕੇਂਦਰ ਸਰਕਾਰ ਦੀ ਸਿਆਸੀ ਮਾਮਲਿਆਂ ਦੀ ਕੈਬਨਿਟ ਕਮੇਟੀ (CCPA) ਵੱਲੋਂ ਲਏ ਗਏ ਫੈਸਲੇ ਤਹਿਤ ਇਸ ਵਾਰ ਜਨਗਣਨਾ ਵਿੱਚ ਜਾਤੀਗਤ ਜਾਣਕਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਵਿੱਚ ਹੋਣ ਵਾਲੀ ਜਨਗਣਨਾ ਦੌਰਾਨ ਵੀ ਲੋਕਾਂ ਤੋਂ ਜਾਤੀ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
16 ਤੋਂ 30 ਨਵੰਬਰ ਤੱਕ ਸਵੈ-ਗਣਨਾ ਦੀ ਸਹੂਲਤ
ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਮ੍ਰਿਤੁੰਜੇ ਕੁਮਾਰ ਨਾਰਾਇਣ ਨੇ ਦੱਸਿਆ ਕਿ ਨਾਗਰਿਕ 16 ਨਵੰਬਰ ਤੋਂ 30 ਨਵੰਬਰ 2026 ਤੱਕ ਸਵੈ-ਗਣਨਾ ਦੀ ਸਹੂਲਤ ਦੀ ਚੋਣ ਕਰ ਸਕਣਗੇ। ਇਸ ਪ੍ਰਕਿਰਿਆ ਰਾਹੀਂ ਲੋਕ ਆਨਲਾਈਨ ਪੋਰਟਲ ’ਤੇ ਆਪਣੀ ਜਾਣਕਾਰੀ ਖੁਦ ਦਰਜ ਕਰ ਸਕਣਗੇ।
ਇਸ ਤੋਂ ਬਾਅਦ ਜਨਗਣਨਾ ਕਰਮਚਾਰੀਆਂ ਵੱਲੋਂ ਮੁੱਖ ਪੜਾਅ ਦੌਰਾਨ ਘਰ-ਘਰ ਜਾ ਕੇ ਲੋੜੀਂਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਪ੍ਰਕਿਰਿਆ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਸੋਧ ਅਤੇ ਮੁੜ-ਜਾਂਚ ਦਾ ਪੜਾਅ ਰੱਖਿਆ ਗਿਆ ਹੈ।
ਪੂਰੀ ਜਨਗਣਨਾ ਨੂੰ ਡਿਜੀਟਲ ਬਣਾਉਣ ਦੀ ਤਿਆਰੀ
ਇਸ ਵਾਰ ਜਨਗਣਨਾ ਦੀ ਪੂਰੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ ਡਿਜੀਟਲ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਮੋਬਾਈਲ ਐਪਲੀਕੇਸ਼ਨਾਂ ਅਤੇ ਡਿਜੀਟਲ ਸਾਧਨ ਤਿਆਰ ਕੀਤੇ ਗਏ ਹਨ, ਤਾਂ ਜੋ ਡਾਟਾ ਇਕੱਠਾ ਕਰਨ ਅਤੇ ਸੰਭਾਲਣ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਬਣਾਇਆ ਜਾ ਸਕੇ।
ਕੇਂਦਰ ਸਰਕਾਰ ਨੇ ਇਸ ਵਿਸ਼ਾਲ ਜਨਗਣਨਾ ਅਭਿਆਨ ਲਈ 11,718.24 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਹੈ। ਪੰਜਾਬ ਵਿੱਚ ਜਨਗਣਨਾ ਦਾ ਕੰਮ ਪੰਜਾਬ ਸਰਕਾਰ ਦੇ ਤਾਲਮੇਲ ਨਾਲ ਪੂਰਾ ਕੀਤਾ ਜਾਵੇਗਾ।
ਪੰਜਾਬ ਤੋਂ ਇਲਾਵਾ ਇਨ੍ਹਾਂ ਖੇਤਰਾਂ ਵਿੱਚ ਵੀ 1 ਦਸੰਬਰ ਤੋਂ ਜਨਗਣਨਾ
ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਗੋਆ ਦੇ ਕੁਝ ਹਿੱਸਿਆਂ ਵਿੱਚ ਵੀ ਜਨਗਣਨਾ ਦਾ ਮੁੱਖ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ।
ਹਾਲਾਂਕਿ ਬਰਫ਼ਬਾਰੀ ਤੋਂ ਪ੍ਰਭਾਵਿਤ ਖੇਤਰਾਂ ਲਈ ਜਨਗਣਨਾ ਦਾ ਸਮਾਂ ਵੱਖਰਾ ਰੱਖਿਆ ਗਿਆ ਹੈ। ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ਼ਬਾਰੀ ਵਾਲੇ ਖੇਤਰਾਂ ਵਿੱਚ ਜਨਗਣਨਾ 1 ਸਤੰਬਰ ਤੋਂ 30 ਸਤੰਬਰ ਤੱਕ ਕਰਵਾਈ ਜਾਵੇਗੀ।
2011 ਦੀ ਜਨਗਣਨਾ ਵਿੱਚ ਪੰਜਾਬ ਦੀ ਆਬਾਦੀ 2.77 ਕਰੋੜ ਸੀ
ਪਿਛਲੀ ਵਾਰ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਲਗਭਗ 2.77 ਕਰੋੜ ਦਰਜ ਕੀਤੀ ਗਈ ਸੀ। ਇਸ ਵਿੱਚ ਕਰੀਬ 1.46 ਕਰੋੜ ਪੁਰਸ਼ ਅਤੇ 1.31 ਕਰੋੜ ਔਰਤਾਂ ਸ਼ਾਮਲ ਸਨ।
2011 ਦੇ ਅੰਕੜਿਆਂ ਮੁਤਾਬਕ ਪੰਜਾਬ ਦੀ ਦਹਾਕੀ ਜਨਸੰਖਿਆ ਵਾਧਾ ਦਰ 13.89 ਫੀਸਦੀ ਰਹੀ ਸੀ। ਰਾਜ ਵਿੱਚ ਜਨਸੰਖਿਆ ਘਣਤਾ 551 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ, ਜਦੋਂਕਿ ਲਿੰਗ ਅਨੁਪਾਤ 895 ਔਰਤਾਂ ਪ੍ਰਤੀ 1,000 ਪੁਰਸ਼ ਦਰਜ ਕੀਤਾ ਗਿਆ ਸੀ।
ਸਾਖਰਤਾ ਦੇ ਮਾਮਲੇ ਵਿੱਚ ਪੰਜਾਬ ਦੀ ਕੁੱਲ ਸਾਖਰਤਾ ਦਰ 75.84 ਫੀਸਦੀ ਸੀ। ਇਸ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ 80.44 ਫੀਸਦੀ ਅਤੇ ਔਰਤਾਂ ਦੀ ਸਾਖਰਤਾ ਦਰ 70.73 ਫੀਸਦੀ ਰਹੀ।
2011 ਦੀ ਜਨਗਣਨਾ ਮੁਤਾਬਕ ਪੰਜਾਬ ਦੀ ਲਗਭਗ 62.52 ਫੀਸਦੀ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਸੀ, ਜਦੋਂਕਿ 37.48 ਫੀਸਦੀ ਆਬਾਦੀ ਸ਼ਹਿਰੀ ਖੇਤਰਾਂ ਵਿੱਚ ਵਸਦੀ ਸੀ।
ਇਸ ਵਾਰ ਹੋਣ ਵਾਲੀ ਜਨਗਣਨਾ ਤੋਂ ਬਾਅਦ ਪੰਜਾਬ ਦੀ ਮੌਜੂਦਾ ਆਬਾਦੀ, ਸਮਾਜਿਕ ਬਣਤਰ, ਜਾਤੀਗਤ ਅੰਕੜਿਆਂ ਅਤੇ ਹੋਰ ਜਨਸੰਖਿਆਤਮਕ ਪੱਖਾਂ ਬਾਰੇ ਨਵੇਂ ਅੰਕੜੇ ਸਾਹਮਣੇ ਆਉਣਗੇ।
