Saturday, September 12Punjabi People

ਨੇਪਾਲ ਦੀ ਦਰਦਨਾਕ ਘਟਨਾ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਤਾਇਆ ਡੂੰਘਾ ਦੁੱਖ, ਪੀੜਤ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ

ਚੰਡੀਗੜ੍ਹ, 30 ਅਗਸਤ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਨੇਪਾਲ ਵਿੱਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਦੁਖਦਾਈ ਘਟਨਾ ’ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦਰਦਨਾਕ ਹਾਦਸੇ ਵਿੱਚ ਭਾਰਤ ਅਤੇ ਨੇਪਾਲ ਨਾਲ ਸਬੰਧਤ ਕਈ ਲੋਕਾਂ ਦੀਆਂ ਜਾਨਾਂ ਜਾਣ ਕਾਰਨ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਜਤਾਈ।

ਸਪੀਕਰ ਸੰਧਵਾਂ ਨੇ ਇਸ ਘਟਨਾ ਨੂੰ ਇੱਕ ਭਿਆਨਕ ਅਤੇ ਦਿਲ ਨੂੰ ਝੰਜੋੜ ਦੇਣ ਵਾਲਾ ਦੁਖਾਂਤ ਕਰਾਰ ਦਿੰਦਿਆਂ ਕਿਹਾ ਕਿ ਅਜਿਹੀ ਘਟਨਾ ਨਾਲ ਹਰ ਸੰਵੇਦਨਸ਼ੀਲ ਮਨੁੱਖ ਗਹਿਰੇ ਦੁੱਖ ਵਿੱਚ ਹੈ। ਉਨ੍ਹਾਂ ਕਿਹਾ ਕਿ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਲਈ ਇਹ ਘੜੀ ਬੇਹੱਦ ਮੁਸ਼ਕਲ ਅਤੇ ਨਾ ਪੂਰਾ ਹੋਣ ਵਾਲੇ ਘਾਟੇ ਵਾਲੀ ਹੈ।

ਉਨ੍ਹਾਂ ਨੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰਾਂ ਨੂੰ ਇਹ ਅਸਹਿਣਯੋਗ ਸਦਮਾ ਸਹਿਣ ਲਈ ਹੌਸਲਾ, ਧੀਰਜ ਅਤੇ ਤਾਕਤ ਪ੍ਰਦਾਨ ਕਰਨ।

ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਮਿਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸੰਬੰਧਿਤ ਏਜੰਸੀਆਂ ਅਤੇ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਲੋੜੀਂਦਾ ਕਦਮ ਚੁੱਕਣਗੇ।

ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਭਾਰਤ ਅਤੇ ਨੇਪਾਲ ਦੇ ਲੋਕਾਂ ਨਾਲ ਸਾਂਝ ਅਤੇ ਮਨੁੱਖੀ ਹਮਦਰਦੀ ਦਾ ਪ੍ਰਗਟਾਵਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸ੍ਰੀ ਸੰਧਵਾਂ ਨੇ ਕਿਹਾ ਕਿ ਮਨੁੱਖੀ ਜੀਵਨ ਸਭ ਤੋਂ ਕੀਮਤੀ ਹੈ ਅਤੇ ਕਿਸੇ ਵੀ ਤ੍ਰਾਸਦੀ ਵਿੱਚ ਜਾਨੀ ਨੁਕਸਾਨ ਦਾ ਦਰਦ ਸਿਰਫ਼ ਇੱਕ ਪਰਿਵਾਰ ਜਾਂ ਇੱਕ ਦੇਸ਼ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਪੂਰੀ ਮਨੁੱਖਤਾ ਨੂੰ ਪ੍ਰਭਾਵਿਤ ਕਰਦਾ ਹੈ।

ਸਪੀਕਰ ਨੇ ਪੰਜਾਬ ਦੀ ਗੁਰੂ ਸਾਹਿਬਾਨ ਵੱਲੋਂ ਦਿੱਤੀ ਸਰਬੱਤ ਦੇ ਭਲੇ ਦੀ ਸਿੱਖਿਆ ਨੂੰ ਯਾਦ ਕਰਦਿਆਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾ ਸਮੁੱਚੀ ਮਨੁੱਖਤਾ ਦੀ ਭਲਾਈ, ਸ਼ਾਂਤੀ ਅਤੇ ਸੁੱਖ ਲਈ ਅਰਦਾਸ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦੁਖਦਾਈ ਮੌਕਿਆਂ ’ਤੇ ਸਾਨੂੰ ਜਾਤ, ਧਰਮ, ਦੇਸ਼ ਅਤੇ ਸਰਹੱਦਾਂ ਤੋਂ ਉੱਪਰ ਉੱਠ ਕੇ ਪੀੜਤ ਮਨੁੱਖਤਾ ਦੇ ਨਾਲ ਖੜ੍ਹਨਾ ਚਾਹੀਦਾ ਹੈ।

ਸ੍ਰੀ ਸੰਧਵਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਭਵਿੱਖ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਅਜਿਹੀ ਦਰਦਨਾਕ ਤ੍ਰਾਸਦੀ ਦੁਬਾਰਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਵਿਸ਼ਵ ਭਾਈਚਾਰਾ ਅਜਿਹੇ ਯਤਨ ਕਰੇ ਕਿ ਹਰ ਦੇਸ਼ ਦੇ ਲੋਕ ਸੁਰੱਖਿਅਤ, ਸ਼ਾਂਤਮਈ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ ਅਤੇ ਕਿਸੇ ਵੀ ਪਰਿਵਾਰ ਨੂੰ ਆਪਣੇ ਪਿਆਰਿਆਂ ਦੇ ਵਿਛੋੜੇ ਦਾ ਅਜਿਹਾ ਅਸਹਿਣਯੋਗ ਦੁੱਖ ਨਾ ਸਹਿਣਾ ਪਵੇ।

Leave a Reply

Your email address will not be published. Required fields are marked *