Saturday, September 12Punjabi People

GMADA ਦੀ ਜਾਇਦਾਦ ਨਿਲਾਮੀ ’ਚ ਰਿਕਾਰਡ ਪ੍ਰਦਰਸ਼ਨ, 27 ਜਾਇਦਾਦਾਂ ਤੋਂ 5,391 ਕਰੋੜ ਰੁਪਏ ਦਾ ਮਾਲੀਆ

ਚੰਡੀਗੜ੍ਹ, 22 ਅਗਸਤ 2026: ਜਾਇਦਾਦਾਂ ਦੀ ਨਿਲਾਮੀ ਦੇ ਮਾਮਲੇ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨੇ ਹੁਣ ਤੱਕ ਦਾ ਆਪਣਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 27 ਜਾਇਦਾਦਾਂ ਦੀ ਸਫਲਤਾਪੂਰਵਕ ਨਿਲਾਮੀ ਕੀਤੀ ਹੈ। ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਤੋਂ ਅਥਾਰਟੀ ਨੂੰ ਕੁੱਲ 5,391 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜੋ ਨਿਲਾਮੀ ਲਈ ਰੱਖੀ ਗਈ ਰਿਜ਼ਰਵ ਕੀਮਤ ਨਾਲੋਂ ਕਾਫ਼ੀ ਵੱਧ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 20 ਜੁਲਾਈ 2026 ਨੂੰ ਸ਼ੁਰੂ ਕੀਤੀ ਗਈ ਇਸ ਨਿਲਾਮੀ ਵਿੱਚ ਕੁੱਲ 36 ਜਾਇਦਾਦਾਂ ਬੋਲੀ ਲਈ ਰੱਖੀਆਂ ਗਈਆਂ ਸਨ। ਨਿਲਾਮੀ ਦੀ ਸਮਾਪਤੀ ਦੀ ਨਿਰਧਾਰਤ ਮਿਤੀ 20 ਅਗਸਤ ਸੀ, ਪਰ ਬੋਲੀਕਾਰਾਂ ਵਿਚਕਾਰ ਰਹੀ ਜ਼ਬਰਦਸਤ ਮੁਕਾਬਲੇਬਾਜ਼ੀ ਕਾਰਨ ਪ੍ਰਕਿਰਿਆ 21 ਅਗਸਤ ਦੀ ਸਵੇਰ ਤੱਕ ਜਾਰੀ ਰਹੀ।

ਮੰਤਰੀ ਨੇ ਦੱਸਿਆ ਕਿ ਨਿਲਾਮੀ ਲਈ ਰੱਖੀਆਂ ਗਈਆਂ ਜਾਇਦਾਦਾਂ ਦੀ ਕੁੱਲ ਰਿਜ਼ਰਵ ਕੀਮਤ 3,872 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ। ਇਸ ਦੇ ਮੁਕਾਬਲੇ ਅਥਾਰਟੀ ਨੂੰ ਸਫਲਤਾਪੂਰਵਕ ਨਿਲਾਮ ਕੀਤੀਆਂ 27 ਜਾਇਦਾਦਾਂ ਤੋਂ 5,391 ਕਰੋੜ ਰੁਪਏ ਦੀ ਆਮਦਨ ਹੋਈ। ਇਸ ਤਰ੍ਹਾਂ ਨਿਲਾਮੀ ਵਿੱਚ ਨਿਵੇਸ਼ਕਾਂ ਵੱਲੋਂ ਜਾਇਦਾਦਾਂ ਪ੍ਰਤੀ ਦਿਖਾਈ ਗਈ ਮਜ਼ਬੂਤ ਦਿਲਚਸਪੀ ਅਤੇ ਭਰੋਸਾ ਸਾਹਮਣੇ ਆਇਆ ਹੈ।

ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੋਹਾਲੀ ਨੂੰ ਆਧੁਨਿਕ ਅਤੇ ਨਿਵੇਸ਼ ਪੱਖੋਂ ਆਕਰਸ਼ਕ ਸ਼ਹਿਰ ਵਜੋਂ ਵਿਕਸਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ GMADA ਦੀਆਂ ਸਮੇਂ-ਸਮੇਂ ’ਤੇ ਹੋਣ ਵਾਲੀਆਂ ਨਿਲਾਮੀਆਂ ਨੂੰ ਨਿਵੇਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ ਇਸ ਗੱਲ ਦਾ ਸੰਕੇਤ ਹੈ ਕਿ ਮੋਹਾਲੀ ਵਿੱਚ ਵਪਾਰਕ ਅਤੇ ਹੋਰ ਵੱਡੇ ਪ੍ਰੋਜੈਕਟ ਸਥਾਪਤ ਕਰਨ ਲਈ ਨਿਵੇਸ਼ਕਾਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਹਾਲੀ ਵਿੱਚ ਵੱਡੇ ਨਿਵੇਸ਼ਕ ਪ੍ਰੋਜੈਕਟ ਸਥਾਪਤ ਹੋਣ ਨਾਲ ਸ਼ਹਿਰ ਨੂੰ ਕੌਮੀ ਪੱਧਰ ’ਤੇ ਹੋਰ ਮਜ਼ਬੂਤ ਪਛਾਣ ਮਿਲੇਗੀ। ਇਸ ਦੇ ਨਾਲ ਹੀ ਨਵੇਂ ਉਦਯੋਗਿਕ ਅਤੇ ਵਪਾਰਕ ਪ੍ਰੋਜੈਕਟਾਂ ਰਾਹੀਂ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।

ਨਿਲਾਮੀ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ ਜਾਇਦਾਦਾਂ ਸ਼ਾਮਲ ਸਨ। ਇਨ੍ਹਾਂ ਵਿੱਚ ਮਿਕਸਡ ਲੈਂਡ ਯੂਜ਼, ਹੋਟਲ, ਹਸਪਤਾਲ ਅਤੇ ਵਪਾਰਕ ਸਥਾਨ ਪ੍ਰਮੁੱਖ ਹਨ। ਇਹ ਜਾਇਦਾਦਾਂ ਮੋਹਾਲੀ ਦੇ ਵੱਖ-ਵੱਖ ਸੈਕਟਰਾਂ ਅਤੇ ਵਿਕਾਸ ਅਧੀਨ ਪ੍ਰੋਜੈਕਟਾਂ ਵਿੱਚ ਸਥਿਤ ਹਨ, ਜਿਸ ਨਾਲ ਇਨ੍ਹਾਂ ਦੀ ਵਪਾਰਕ ਮਹੱਤਤਾ ਹੋਰ ਵਧ ਜਾਂਦੀ ਹੈ।

ਮੰਤਰੀ ਨੇ ਦੱਸਿਆ ਕਿ ਨਿਲਾਮੀ ਰਾਹੀਂ ਪ੍ਰਾਪਤ ਹੋਣ ਵਾਲੀ ਆਮਦਨ ਨੂੰ GMADA ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕਿਆਂ ਵਿੱਚ ਨਵੀਆਂ ਸ਼ਹਿਰੀ ਜਾਇਦਾਦਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਰਤਿਆ ਜਾਵੇਗਾ। ਇਸ ਨਾਲ ਮੋਹਾਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਭਵਿੱਖੀ ਸ਼ਹਿਰੀ ਵਿਕਾਸ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ।

Leave a Reply

Your email address will not be published. Required fields are marked *