Saturday, September 12Punjabi People

ਲੀਗਲ ਮੈਟਰੋਲੋਜੀ ਵਿੰਗ ਦੀ ਕਾਰਗੁਜ਼ਾਰੀ ’ਚ ਤੇਜ਼ੀ, ਜਨਵਰੀ ਤੋਂ ਜੁਲਾਈ ਤੱਕ 53.26 ਲੱਖ ਰੁਪਏ ਦੀ ਕੰਪਾਊਂਡਿੰਗ ਫੀਸ ਵਸੂਲੀ

ਚੰਡੀਗੜ੍ਹ, 22 ਅਗਸਤ 2026: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਲੀਗਲ ਮੈਟਰੋਲੋਜੀ ਵਿੰਗ ਨੇ ਸਾਲ 2026 ਦੌਰਾਨ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਆਪਣੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਹੈ। ਵਿੰਗ ਵੱਲੋਂ ਜਨਵਰੀ ਤੋਂ ਜੁਲਾਈ 2026 ਤੱਕ ਕੀਤੇ ਗਏ ਨਿਰੀਖਣਾਂ ਅਤੇ ਕੀਤੀ ਗਈ ਕਾਰਵਾਈ ਦੌਰਾਨ 53.26 ਲੱਖ ਰੁਪਏ ਦੀ ਕੰਪਾਊਂਡਿੰਗ ਫੀਸ ਇਕੱਠੀ ਕੀਤੀ ਗਈ ਹੈ।

ਵਿਭਾਗ ਵੱਲੋਂ ਜਾਰੀ ਕੀਤੇ ਵੇਰਵਿਆਂ ਅਨੁਸਾਰ, ਇਸ ਸੱਤ ਮਹੀਨਿਆਂ ਦੀ ਮਿਆਦ ਦੌਰਾਨ ਲੀਗਲ ਮੈਟਰੋਲੋਜੀ ਵਿੰਗ ਦੀਆਂ ਟੀਮਾਂ ਨੇ 14,412 ਨਿਰੀਖਣ ਕੀਤੇ। ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ 1,062 ਚਲਾਨ ਵੀ ਜਾਰੀ ਕੀਤੇ ਗਏ। ਇਹ ਕਾਰਵਾਈ ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਕਿ ਬਾਜ਼ਾਰ ਵਿੱਚ ਵਿਕਣ ਵਾਲੇ ਸਾਮਾਨ ਦੀ ਮਾਤਰਾ, ਤੋਲ, ਮਾਪ ਅਤੇ ਹੋਰ ਸਬੰਧਤ ਮਾਪਦੰਡ ਨਿਰਧਾਰਤ ਨਿਯਮਾਂ ਅਨੁਸਾਰ ਹੋਣ।

ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਖਪਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਸਰਕਾਰ ਦੀ ਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਂਦਿਆਂ ਭਵਿੱਖ ਵਿੱਚ ਵੀ ਪੂਰੀ ਤਨਦੇਹੀ, ਸਰਗਰਮੀ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਵਿਭਾਗ ਅਨੁਸਾਰ, ਪੰਜਾਬ ਵਿੱਚ ਲੀਗਲ ਮੈਟਰੋਲੋਜੀ ਵਿੰਗ ਦੀਆਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਆਪਣੀਆਂ ਮਿਆਰੀ ਲੈਬਾਰਟਰੀਆਂ ਮੌਜੂਦ ਹਨ। ਇਨ੍ਹਾਂ ਲੈਬਾਰਟਰੀਆਂ ਰਾਹੀਂ ਤੋਲ ਅਤੇ ਮਾਪ ਨਾਲ ਸਬੰਧਤ ਉਪਕਰਨਾਂ ਦੀ ਜਾਂਚ ਅਤੇ ਮਿਆਰੀਕਰਨ ਦਾ ਕੰਮ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਹਿੰਦ ਅਤੇ ਖੰਨਾ ਵਿਖੇ ਵੀ ਨਵੀਆਂ ਮਿਆਰੀ ਲੈਬਾਰਟਰੀਆਂ ਸਥਾਪਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਬਣਨ ਦੀ ਉਮੀਦ ਹੈ।

ਲੀਗਲ ਮੈਟਰੋਲੋਜੀ ਵਿੰਗ ਦੀ ਭੂਮਿਕਾ ਸਿਰਫ਼ ਨਿਰੀਖਣ ਅਤੇ ਚਲਾਨ ਤੱਕ ਸੀਮਤ ਨਹੀਂ ਹੈ। ਇਸ ਦਾ ਮੁੱਖ ਉਦੇਸ਼ ਖਪਤਕਾਰਾਂ ਨੂੰ ਤੋਲ ਅਤੇ ਮਾਪ ਵਿੱਚ ਹੋਣ ਵਾਲੀ ਧੋਖਾਧੜੀ ਤੋਂ ਬਚਾਉਣਾ ਅਤੇ ਬਾਜ਼ਾਰ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਹੈ। ਵਿੰਗ ਵੱਲੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਖਪਤਕਾਰਾਂ ਨੂੰ ਵੇਚੇ ਜਾਣ ਵਾਲੇ ਸਾਮਾਨ ਦੀ ਮਾਤਰਾ ਅਤੇ ਮਾਪ ਨਿਰਧਾਰਤ ਮਾਪਦੰਡਾਂ ਮੁਤਾਬਕ ਸਹੀ ਹੋਵੇ ਅਤੇ ਵਪਾਰਕ ਅਦਾਰੇ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨ।

ਵਿਭਾਗ ਦਾ ਕਹਿਣਾ ਹੈ ਕਿ ਨਿਯਮਤ ਨਿਰੀਖਣਾਂ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਰਾਹੀਂ ਖਪਤਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਬਾਜ਼ਾਰ ਵਿੱਚ ਸਹੀ ਤੋਲ ਅਤੇ ਮਾਪ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *