
ਚੰਡੀਗੜ੍ਹ, 21 ਅਗਸਤ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਕੂਲ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਪੂਰੇ ਅਕਾਦਮਿਕ ਸਾਲ ਦੌਰਾਨ ਵੱਖ-ਵੱਖ ਜਾਗਰੂਕਤਾ ਅਤੇ ਰੋਕਥਾਮ ਗਤੀਵਿਧੀਆਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤਮੰਦ ਅਤੇ ਨਸ਼ਾ-ਮੁਕਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਸਟੇਟ ਕਾਊਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (SCERT) ਵੱਲੋਂ ਜਾਰੀ ਗਤੀਵਿਧੀ ਕੈਲੰਡਰ ਅਨੁਸਾਰ ਸਕੂਲਾਂ ਵਿੱਚ ਸਾਲ ਭਰ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਥਾਨਕ ਭਾਈਚਾਰੇ ਨੂੰ ਜੋੜ ਕੇ ਨਸ਼ਾ ਵਿਰੋਧੀ ਪ੍ਰੋਗਰਾਮ ਕਰਵਾਏ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ ਸਿਰਫ਼ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਕਾਫ਼ੀ ਨਹੀਂ, ਸਗੋਂ ਸਕੂਲ, ਪਰਿਵਾਰ ਅਤੇ ਸਮਾਜ ਨੂੰ ਸਾਂਝੇ ਤੌਰ ’ਤੇ ਇਸ ਮੁਹਿੰਮ ਦਾ ਹਿੱਸਾ ਬਣਾਉਣਾ ਵੀ ਜ਼ਰੂਰੀ ਹੈ।
ਅਗਸਤ ਵਿੱਚ ਪੋਸਟਰਾਂ ਰਾਹੀਂ ਨਸ਼ਾ ਵਿਰੋਧੀ ਸੁਨੇਹਾ
ਗਤੀਵਿਧੀ ਕੈਲੰਡਰ ਤਹਿਤ ਅਗਸਤ ਮਹੀਨੇ ਦੌਰਾਨ ਵਿਦਿਆਰਥੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਵਾਲੇ ਪੋਸਟਰ ਤਿਆਰ ਕਰਵਾਏ ਜਾਣਗੇ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਰਚਨਾਤਮਕ ਢੰਗ ਨਾਲ ਨਸ਼ਿਆਂ ਦੇ ਨੁਕਸਾਨ ਅਤੇ ਨਸ਼ਾ-ਮੁਕਤ ਜੀਵਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲੇਗਾ।
ਸਤੰਬਰ ਵਿੱਚ ਮਾਪਿਆਂ ਨੂੰ ਮੁਹਿੰਮ ਨਾਲ ਜੋੜਿਆ ਜਾਵੇਗਾ
ਸਤੰਬਰ ਮਹੀਨੇ ਨੂੰ ਮਾਪਿਆਂ ਦੀ ਭਾਗੀਦਾਰੀ ਲਈ ਸਮਰਪਿਤ ਕੀਤਾ ਗਿਆ ਹੈ। ਇਸ ਦੌਰਾਨ ਸਕੂਲਾਂ ਵਿੱਚ ਮਾਪੇ-ਅਧਿਆਪਕ ਮੀਟਿੰਗਾਂ (PTM) ਕਰਵਾਈਆਂ ਜਾਣਗੀਆਂ। ਇਨ੍ਹਾਂ ਮੀਟਿੰਗਾਂ ਰਾਹੀਂ ਮਾਪਿਆਂ ਨੂੰ ਨਸ਼ਿਆਂ ਨਾਲ ਜੁੜੇ ਖ਼ਤਰਿਆਂ, ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਲਤ ਦੇ ਸ਼ੁਰੂਆਤੀ ਸੰਕੇਤਾਂ ਅਤੇ ਸਮੇਂ ਸਿਰ ਦਖ਼ਲਅੰਦਾਜ਼ੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਸਕੂਲ ਪ੍ਰਬੰਧਕਾਂ ਨੂੰ ਵੀ ਇਸ ਗੱਲ ਲਈ ਜਾਗਰੂਕ ਕੀਤਾ ਜਾਵੇਗਾ ਕਿ ਜੇਕਰ ਕਿਸੇ ਵਿਦਿਆਰਥੀ ਦੇ ਵਿਹਾਰ ਜਾਂ ਸਿਹਤ ਵਿੱਚ ਨਸ਼ਿਆਂ ਨਾਲ ਸਬੰਧਤ ਕੋਈ ਸ਼ੱਕੀ ਤਬਦੀਲੀ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਅਣਡਿੱਠਾ ਨਾ ਕੀਤਾ ਜਾਵੇ ਅਤੇ ਲੋੜ ਅਨੁਸਾਰ ਸਹਾਇਤਾ ਤੇ ਮਾਰਗਦਰਸ਼ਨ ਮੁਹੱਈਆ ਕਰਵਾਇਆ ਜਾਵੇ।
ਕਵਿਤਾ, ਕੁਇਜ਼ ਅਤੇ ਵਰਕਸ਼ਾਪਾਂ ਰਾਹੀਂ ਜਾਗਰੂਕਤਾ
ਅਕਤੂਬਰ ਮਹੀਨੇ ਦੌਰਾਨ ਸਕੂਲਾਂ ਵਿੱਚ ਕਵਿਤਾ ਲਿਖਣ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਬਾਅਦ ਨਵੰਬਰ ਤੋਂ ਫਰਵਰੀ ਤੱਕ ਨਸ਼ਾ ਵਿਰੋਧੀ ਜਾਗਰੂਕਤਾ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਵਰਕਸ਼ਾਪਾਂ ਵਿੱਚ ਸਥਾਨਕ ਭਾਈਚਾਰੇ ਦੇ ਲੋਕਾਂ ਨੂੰ ਵੀ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਵੇਗਾ।
ਸਵੇਰ ਦੀਆਂ ਸਭਾਵਾਂ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਅਪਣਾਉਣ ਦਾ ਅਹਿਦ ਦਿਵਾਇਆ ਜਾਵੇਗਾ। ਇਸ ਦੇ ਨਾਲ ਹੀ ਇੰਟਰਐਕਟਿਵ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਸਮਝਾਇਆ ਜਾਵੇਗਾ।
ਸਕੂਲਾਂ ਵਿੱਚ ਬਣਨਗੇ ਨਸ਼ਾ-ਮੁਕਤ ਕਲੱਬ
ਸਕੂਲਾਂ ਨੂੰ ਨਸ਼ਾ-ਮੁਕਤ ਕਲੱਬ ਸਥਾਪਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਨ੍ਹਾਂ ਕਲੱਬਾਂ ਵਿੱਚ ਮੁੱਖ ਅਧਿਆਪਕ, ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇਗਾ। ਕਲੱਬਾਂ ਰਾਹੀਂ ਸਕੂਲਾਂ ਵਿੱਚ ਨਸ਼ਿਆਂ ਖ਼ਿਲਾਫ਼ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਨ ’ਤੇ ਜ਼ੋਰ ਦਿੱਤਾ ਜਾਵੇਗਾ।
ਸਕੂਲਾਂ ਨੂੰ ਰਵਾਇਤੀ ਲੈਕਚਰਾਂ ਤੱਕ ਸੀਮਿਤ ਰਹਿਣ ਦੀ ਬਜਾਏ ਰਚਨਾਤਮਕ ਅਤੇ ਇੰਟਰਐਕਟਿਵ ਤਰੀਕਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਖੇਡਾਂ, ਵਿਚਾਰ-ਵਟਾਂਦਰੇ, ਕੁਇਜ਼, ਪੋਸਟਰ, ਵੀਡੀਓ ਅਤੇ ਹੋਰ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿੱਚ ਸਿਹਤਮੰਦ ਜੀਵਨ ਸ਼ੈਲੀ, ਸਹੀ ਫ਼ੈਸਲੇ ਲੈਣ ਦੀ ਸਮਰੱਥਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸੋਚ ਵਿਕਸਤ ਕਰਨ ਦਾ ਉਦੇਸ਼ ਹੈ।
21 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਸਿਖਲਾਈ
ਪ੍ਰੋਗਰਾਮ ਤਹਿਤ ਅਧਿਆਪਕਾਂ ਦੀ ਸਮਰੱਥਾ ਵਧਾਉਣ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। 21,000 ਤੋਂ ਵੱਧ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਨਾਲ ਜੁੜੀਆਂ ਚਿੰਤਾਵਾਂ ਅਤੇ ਨਸ਼ਿਆਂ ਦੀ ਲਤ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਲਈ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਦਾ ਉਦੇਸ਼ ਅਧਿਆਪਕਾਂ ਨੂੰ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਸੰਵੇਦਨਸ਼ੀਲ ਢੰਗ ਨਾਲ ਨਜਿੱਠਣ ਲਈ ਵਿਹਾਰਕ ਹੁਨਰ ਪ੍ਰਦਾਨ ਕਰਨਾ ਹੈ, ਜਿਨ੍ਹਾਂ ਨੂੰ ਨਸ਼ਿਆਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਹੋ ਸਕਦਾ ਹੈ। ਸਮੇਂ ਸਿਰ ਪਛਾਣ ਅਤੇ ਸਹੀ ਮਾਰਗਦਰਸ਼ਨ ਰਾਹੀਂ ਵਿਦਿਆਰਥੀਆਂ ਨੂੰ ਮਦਦ ਉਪਲਬਧ ਕਰਵਾਉਣ ’ਤੇ ਜ਼ੋਰ ਦਿੱਤਾ ਜਾਵੇਗਾ।
ਵੀਡੀਓ ਪਾਠਕ੍ਰਮ ਅਤੇ ਟਿਪ-ਆਫ ਬਾਕਸ ਦੀ ਵੀ ਵਿਵਸਥਾ
ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਅਤੇ ਇਸ ਨਾਲ ਜੁੜੇ ਗੰਭੀਰ ਨਤੀਜਿਆਂ ਬਾਰੇ ਜਾਣਕਾਰੀ ਦੇਣ ਲਈ ਵੀਡੀਓ-ਆਧਾਰਿਤ ਨਸ਼ਾ ਵਿਰੋਧੀ ਪਾਠਕ੍ਰਮ ਦੀ ਵਰਤੋਂ ਕੀਤੀ ਜਾਵੇਗੀ। ਆਡੀਓ-ਵਿਜ਼ੂਅਲ ਸਮੱਗਰੀ ਰਾਹੀਂ ਵਿਦਿਆਰਥੀਆਂ ਤੱਕ ਨਸ਼ਿਆਂ ਦੇ ਨੁਕਸਾਨਾਂ ਦਾ ਸੁਨੇਹਾ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸਕੂਲਾਂ ਵਿੱਚ ਟਿਪ-ਆਫ ਬਾਕਸ ਲਗਾਉਣ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ। ਇਸ ਰਾਹੀਂ ਵਿਦਿਆਰਥੀ ਨਸ਼ਿਆਂ ਦੀ ਸ਼ੱਕੀ ਵਰਤੋਂ ਜਾਂ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਣਗੇ।
‘ਨਸ਼ਿਆਂ ਵਿਰੁੱਧ ਲੜਾਈ ਕਲਾਸਰੂਮ ਤੋਂ ਸ਼ੁਰੂ ਹੋਣੀ ਚਾਹੀਦੀ ਹੈ’: ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਦੀ ਸ਼ੁਰੂਆਤ ਸਕੂਲਾਂ ਅਤੇ ਕਲਾਸਰੂਮਾਂ ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਨਸ਼ਿਆਂ ਦੀ ਰੋਕਥਾਮ ਇਸ ਲੜਾਈ ਦੇ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜਾਗਰੂਕਤਾ, ਚੰਗੀਆਂ ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ਰਾਹੀਂ ਸਹੀ ਦਿਸ਼ਾ ਦੇਣਾ ਪੰਜਾਬ ਵਿੱਚ ਨਸ਼ਿਆਂ ਦੇ ਖ਼ਤਰੇ ਨਾਲ ਨਜਿੱਠਣ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਕੂਲਾਂ, ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਸਕੂਲਾਂ ਦੇ ਆਲੇ-ਦੁਆਲੇ 500 ਮੀਟਰ ਦਾ ਨਸ਼ਾ-ਮੁਕਤ ਜ਼ੋਨ
ਸਕੂਲਾਂ ਦੇ ਆਲੇ-ਦੁਆਲੇ 500 ਮੀਟਰ ਖੇਤਰ ਨੂੰ ਨਸ਼ਾ-ਮੁਕਤ ਜ਼ੋਨ ਵਜੋਂ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੀ ਸਮੇਂ-ਸਮੇਂ ’ਤੇ ਨਿਗਰਾਨੀ ਕਰਕੇ ਪਾਲਣਾ ਸਬੰਧੀ ਰਿਪੋਰਟ ਵੀ ਪੇਸ਼ ਕਰਨ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਸਕੂਲਾਂ ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਵਿਵਸਥਿਤ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਸਕੂਲ ਮੁਖੀ ਅਤੇ ਸਲਾਹਕਾਰ ਗਤੀਵਿਧੀਆਂ ਦੀ ਸਮੀਖਿਆ ਕਰਨਗੇ ਅਤੇ ਪ੍ਰੋਗਰਾਮ ਨਾਲ ਸਬੰਧਤ ਰਿਕਾਰਡ, ਜਿਸ ਵਿੱਚ ਫੋਟੋਆਂ ਅਤੇ ਹੋਰ ਵੇਰਵੇ ਸ਼ਾਮਲ ਹਨ, ਸੰਭਾਲ ਕੇ ਰੱਖਣਗੇ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਲ ਭਰ ਚੱਲਣ ਵਾਲੀਆਂ ਇਹ ਗਤੀਵਿਧੀਆਂ ਵਿਆਪਕ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਅਹਿਮ ਹਿੱਸਾ ਹਨ। ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ, ਅਧਿਆਪਕਾਂ ਦੀ ਸਮਰੱਥਾ-ਨਿਰਮਾਣ, ਨਸ਼ਾ ਵਿਰੋਧੀ ਵਿਦਿਅਕ ਸਮੱਗਰੀ, ਮਾਪਿਆਂ ਦੀ ਸ਼ਮੂਲੀਅਤ ਅਤੇ ਸਥਾਨਕ ਭਾਈਚਾਰੇ ਦੇ ਸਹਿਯੋਗ ਰਾਹੀਂ ਸਕੂਲਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਲਗਾਤਾਰ ਅਤੇ ਸਕਾਰਾਤਮਕ ਮਾਹੌਲ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ।
