Saturday, September 12Punjabi People

ਭਗਵੰਤ ਮਾਨ ਸਰਕਾਰ ਦੇ ਡਿਜੀਟਲ ਸੁਧਾਰਾਂ ਨਾਲ ‘ਆਲ ਇੰਡੀਆ ਟੂਰਿਸਟ ਪਰਮਿਟ’ ਹੁਣ ਇੱਕ ਕਲਿੱਕ ’ਤੇ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 20 ਅਗਸਤ 2026: ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ ਨੂੰ ਹੋਰ ਪਾਰਦਰਸ਼ੀ, ਤੇਜ਼ ਅਤੇ ਸੁਖਾਲਾ ਬਣਾਉਣ ਲਈ ਕੀਤੇ ਜਾ ਰਹੇ ਡਿਜੀਟਲ ਸੁਧਾਰਾਂ ਤਹਿਤ ਹੁਣ ‘ਆਲ ਇੰਡੀਆ ਟੂਰਿਸਟ ਪਰਮਿਟ’ (ਏ.ਆਈ.ਟੀ.ਪੀ.) ਬਿਨੈਕਾਰਾਂ ਨੂੰ ਸਿੱਧੇ ਆਨਲਾਈਨ ਜਾਰੀ ਕੀਤਾ ਜਾਵੇਗਾ। ਇਹ ਪਰਮਿਟ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰਤ ‘ਪਰਿਵਹਨ’ ਪੋਰਟਲ ਰਾਹੀਂ ਪ੍ਰਾਪਤ ਕੀਤੇ ਜਾ ਸਕਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਟੂਰਿਸਟ ਵਾਹਨ ਆਪਰੇਟਰਾਂ ਨੂੰ ਆਪਣੇ ਪ੍ਰਿੰਟ ਕੀਤੇ ਪਰਮਿਟ ਲੈਣ ਲਈ ਸਟੇਟ ਟਰਾਂਸਪੋਰਟ ਅਥਾਰਟੀ, ਮੋਹਾਲੀ (PB01) ਦੇ ਦਫ਼ਤਰ ਵਿੱਚ ਖੁਦ ਜਾਣਾ ਪੈਂਦਾ ਸੀ। ਹੁਣ ਆਨਲਾਈਨ ਸਹੂਲਤ ਸ਼ੁਰੂ ਹੋਣ ਨਾਲ ਉਹ ਘਰ ਜਾਂ ਦਫ਼ਤਰ ਤੋਂ ਹੀ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਇਸ ਡਿਜੀਟਲ ਪਹਿਲ ਨਾਲ ਸਰਕਾਰੀ ਦਫ਼ਤਰਾਂ ਵਿੱਚ ਨਿੱਜੀ ਤੌਰ ’ਤੇ ਜਾਣ ਦੀ ਲੋੜ ਖ਼ਤਮ ਹੋ ਗਈ ਹੈ ਅਤੇ ਟੂਰਿਸਟ ਵਾਹਨ ਆਪਰੇਟਰਾਂ ਨੂੰ ਵੱਡੀ ਸਹੂਲਤ ਮਿਲੇਗੀ।

ਚੀਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨਾਗਰਿਕਾਂ ਨੂੰ ਸੁਚਾਰੂ, ਪਾਰਦਰਸ਼ੀ ਅਤੇ ਪਰੇਸ਼ਾਨੀ-ਮੁਕਤ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਏ.ਆਈ.ਟੀ.ਪੀ. ਜਾਰੀ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਕਰਨ ਨਾਲ ਦਫ਼ਤਰੀ ਲਾਲ ਫੀਤਾਸ਼ਾਹੀ ਘਟੇਗੀ ਅਤੇ ਸਰਕਾਰ ਤੇ ਨਾਗਰਿਕਾਂ ਵਿਚਕਾਰ ਸੇਵਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਹੋਰ ਸੁਚਾਰੂ ਹੋਵੇਗੀ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਹੁਣ ਬਿਨੈਕਾਰਾਂ ਨੂੰ ਮੋਹਾਲੀ ਸਥਿਤ ਟਰਾਂਸਪੋਰਟ ਅਥਾਰਟੀ ਦੇ ਦਫ਼ਤਰ ਦੇ ਵਾਰ-ਵਾਰ ਚੱਕਰ ਲਗਾਉਣ ਜਾਂ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਰਹੇਗੀ। ਉਹ ਆਪਣੀ ਸਹੂਲਤ ਅਨੁਸਾਰ ਆਨਲਾਈਨ ਹੀ ਪਰਮਿਟ ਸਬੰਧੀ ਕਾਰਵਾਈ ਪੂਰੀ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਇਹ ਕਦਮ ਸੂਬੇ ਦੀਆਂ ਟਰਾਂਸਪੋਰਟ ਸੇਵਾਵਾਂ ਦੇ ਡਿਜੀਟਲੀਕਰਨ ਵੱਲ ਇੱਕ ਮਹੱਤਵਪੂਰਨ ਉਪਰਾਲਾ ਹੈ। ਇਸ ਨਾਲ ਨਾ ਸਿਰਫ਼ ਵਾਹਨ ਆਪਰੇਟਰਾਂ ਦੇ ਸਮੇਂ ਦੀ ਬੱਚਤ ਹੋਵੇਗੀ, ਸਗੋਂ ਬੇਲੋੜੀਆਂ ਪ੍ਰਸ਼ਾਸਨਿਕ ਦੇਰੀਆਂ ਨੂੰ ਵੀ ਘਟਾਇਆ ਜਾ ਸਕੇਗਾ।

ਚੀਮਾ ਨੇ ਕਿਹਾ ਕਿ ਟਰਾਂਸਪੋਰਟ ਆਪਰੇਟਰਾਂ ਲਈ ਸਮਾਂ ਬਹੁਤ ਮਹੱਤਵਪੂਰਨ ਹੈ ਅਤੇ ਡਿਜੀਟਲ ਸੇਵਾਵਾਂ ਰਾਹੀਂ ਉਨ੍ਹਾਂ ਨੂੰ ਤੇਜ਼ ਅਤੇ ਕੁਸ਼ਲ ਢੰਗ ਨਾਲ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਪ੍ਰਕਿਰਿਆ ਨੂੰ ਸ਼ੁਰੂ ਤੋਂ ਅੰਤ ਤੱਕ ਸਰਲ ਬਣਾਉਣ ਨਾਲ ਸੂਬੇ ਵਿੱਚ ‘ਈਜ਼ ਆਫ਼ ਡੂਇੰਗ ਬਿਜ਼ਨਸ’ ਨੂੰ ਵੀ ਹੋਰ ਹੁਲਾਰਾ ਮਿਲੇਗਾ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਵਾਹਨ ਮਾਲਕ ਅਤੇ ਕਮਰਸ਼ੀਅਲ ਆਪਰੇਟਰ ਨੈਸ਼ਨਲ ਟਰਾਂਸਪੋਰਟ ਪੋਰਟਲ ਰਾਹੀਂ ਆਪਣੇ ਮਨਜ਼ੂਰਸ਼ੁਦਾ ਏ.ਆਈ.ਟੀ.ਪੀ. ਦਸਤਾਵੇਜ਼ਾਂ ਨੂੰ ਆਨਲਾਈਨ ਦੇਖਣ, ਅਪਲਾਈ ਕਰਨ ਅਤੇ ਡਾਊਨਲੋਡ ਕਰਨ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ 24 ਘੰਟੇ ਸੁਵਿਧਾ ਮਿਲੇਗੀ ਅਤੇ ਕਾਰੋਬਾਰੀ ਗਤੀਵਿਧੀਆਂ ਨੂੰ ਬਿਨਾਂ ਬੇਲੋੜੀ ਰੁਕਾਵਟ ਦੇ ਜਾਰੀ ਰੱਖਣ ਵਿੱਚ ਮਦਦ ਮਿਲੇਗੀ।

Leave a Reply

Your email address will not be published. Required fields are marked *