
ਚੰਡੀਗੜ੍ਹ/ਮੋਹਾਲੀ, 20 ਅਗਸਤ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਯੂਐਨ ਵੂਮੈਨ ਵੱਲੋਂ ਕਰਵਾਈ ਗਈ ‘ਸ਼ੀਲੀਡਜ਼ (SheLeads) ਸਟੇਟ ਵਰਕਸ਼ਾਪ’ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਮਹਿਲਾ ਆਗੂਆਂ ਨੂੰ ਜਨਤਕ ਅਤੇ ਰਾਜਨੀਤਿਕ ਜੀਵਨ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਹਿਲਾ ਆਗੂ ਆਪਣੇ ਭਾਈਚਾਰਿਆਂ ਵਿੱਚ ਬਦਲਾਅ ਦੀਆਂ ਮਜ਼ਬੂਤ ਵਾਹਕ ਹਨ। ਉਹ ਅਜਿਹੀਆਂ ਨੀਤੀਆਂ ਅਤੇ ਸ਼ਾਸਨ ਪ੍ਰਣਾਲੀਆਂ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਜੋ ਸਮਾਜ ਦੇ ਹਰ ਵਰਗ ਦੀਆਂ ਲੋੜਾਂ, ਆਸਾਂ ਅਤੇ ਉਮੀਦਾਂ ਨੂੰ ਦਰਸਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਰਾਜਨੀਤੀ ਅਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਦੀ ਹੈ। ਇਸ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਆਵਾਜ਼ਾਂ ਨੂੰ ਨੀਤੀ-ਨਿਰਧਾਰਨ ਵਿੱਚ ਢੁਕਵੀਂ ਥਾਂ ਮਿਲਦੀ ਹੈ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਮਿਲਦਾ ਹੈ।
ਮੁੱਖ ਭਾਸ਼ਣ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਸਮਾਜ ਵਿੱਚ ਅਜੇ ਵੀ ਕਈ ਅਜਿਹੀਆਂ ਰਵਾਇਤੀ ਧਾਰਨਾਵਾਂ ਮੌਜੂਦ ਹਨ, ਜੋ ਮਹਿਲਾਵਾਂ ਅਤੇ ਪੁਰਸ਼ਾਂ ਦੋਵਾਂ ਲਈ ਹਮੇਸ਼ਾ ਬਰਾਬਰ ਅਤੇ ਨਿਆਂਸੰਗਤ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀ ਲੋੜ ਹੈ ਕਿ ਸਮਾਜ ਨੂੰ ਨਵੇਂ ਅਤੇ ਵਧੇਰੇ ਬਰਾਬਰੀ ਵਾਲੇ ਨਜ਼ਰੀਏ ਨਾਲ ਦੇਖਿਆ ਜਾਵੇ ਅਤੇ ਮਹਿਲਾਵਾਂ ਨੂੰ ਬਦਲਾਅ ਦੀ ਅਗਵਾਈ ਲਈ ਅੱਗੇ ਆਉਣ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਦੇ ਸਸ਼ਕਤੀਕਰਨ, ਉਨ੍ਹਾਂ ਦੀ ਸਮਾਜਿਕ ਤੇ ਆਰਥਿਕ ਤਰੱਕੀ ਅਤੇ ਹਰ ਖੇਤਰ ਵਿੱਚ ਉਨ੍ਹਾਂ ਦੀ ਬਰਾਬਰ ਭਾਗੀਦਾਰੀ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।‘ਸ਼ੀਲੀਡਜ਼’ ਯੂਐਨ ਵੂਮੈਨ ਦਾ ਇੱਕ ਅਹਿਮ ਪ੍ਰੋਗਰਾਮ ਹੈ, ਜਿਸ ਦਾ ਮਕਸਦ ਮਹਿਲਾਵਾਂ ਵਿੱਚ ਜਨਤਕ ਅਤੇ ਰਾਜਨੀਤਿਕ ਜੀਵਨ ਨਾਲ ਸਬੰਧਤ ਲੀਡਰਸ਼ਿਪ ਸਮਰੱਥਾਵਾਂ ਨੂੰ ਵਿਕਸਤ ਕਰਨਾ, ਉਨ੍ਹਾਂ ਦੇ ਆਪਸੀ ਨੈੱਟਵਰਕ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਅਗਵਾਈ ਲਈ ਤਿਆਰ ਕਰਨਾ ਹੈ।
ਪੰਜਾਬ ਵਿੱਚ ਕਰਵਾਈ ਗਈ ਇਸ ਦੋ ਰੋਜ਼ਾ ਰਿਹਾਇਸ਼ੀ ਵਰਕਸ਼ਾਪ ਵਿੱਚ ਸੂਬੇ ਦੇ ਵੱਖ-ਵੱਖ ਖੇਤਰਾਂ ਤੋਂ 47 ਮਹਿਲਾ ਆਗੂਆਂ ਨੇ ਭਾਗ ਲਿਆ। ਇਨ੍ਹਾਂ ਵਿੱਚ ਜ਼ਮੀਨੀ ਪੱਧਰ ’ਤੇ ਸਮਾਜਿਕ ਤਬਦੀਲੀ ਲਈ ਕੰਮ ਕਰਨ ਵਾਲੀਆਂ ਕਾਰਕੁਨ, ਚੁਣੀਆਂ ਹੋਈਆਂ ਮਹਿਲਾ ਨੁਮਾਇੰਦੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਭਾਗੀਦਾਰਾਂ ਦੀ ਚੋਣ ਕੁੱਲ 117 ਪ੍ਰਾਪਤ ਅਰਜ਼ੀਆਂ ਵਿੱਚੋਂ ਕੀਤੀ ਗਈ।
ਪੰਜਾਬ ਵਿੱਚ ‘ਸ਼ੀਲੀਡਜ਼’ ਦਾ ਇਹ ਰਾਜ ਪੱਧਰੀ ਆਯੋਜਨ ਇਸ ਪਹਿਲ ਨੂੰ ਸੂਬਾਈ ਪੱਧਰ ’ਤੇ ਹੋਰ ਵਿਸਥਾਰ ਦੇਣ ਵੱਲ ਮਹੱਤਵਪੂਰਨ ਕਦਮ ਹੈ। ਇਸ ਤੋਂ ਪਹਿਲਾਂ ਤਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਰਾਜ ਪੱਧਰੀ ਵਰਕਸ਼ਾਪਾਂ ਕਰਵਾਈਆਂ ਜਾ ਚੁੱਕੀਆਂ ਹਨ।‘ਸ਼ੀਲੀਡਜ਼’ ਦੀਆਂ ਰਾਸ਼ਟਰੀ ਪੱਧਰ ਦੀਆਂ ਵਰਕਸ਼ਾਪਾਂ ਦੀ ਸ਼ੁਰੂਆਤ ਫ਼ਰਵਰੀ 2025 ਵਿੱਚ ਕੀਤੀ ਗਈ ਸੀ। ਸ਼ੀਲੀਡਜ਼-I ਵਿੱਚ 19 ਰਾਜਾਂ ਦੀਆਂ 29 ਮਹਿਲਾ ਆਗੂਆਂ, ਸ਼ੀਲੀਡਜ਼-II ਵਿੱਚ 22 ਰਾਜਾਂ ਦੀਆਂ 36 ਮਹਿਲਾ ਆਗੂਆਂ ਅਤੇ ਸ਼ੀਲੀਡਜ਼-III ਵਿੱਚ 700 ਤੋਂ ਵੱਧ ਅਰਜ਼ੀਆਂ ਵਿੱਚੋਂ ਚੁਣੀਆਂ ਗਈਆਂ 29 ਮਹਿਲਾ ਭਾਗੀਦਾਰਾਂ ਨੇ ਹਿੱਸਾ ਲਿਆ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਆਕਸਫੋਰਡ ਯੂਨੀਵਰਸਿਟੀ ਦੇ ਚੇਵਨਿੰਗ ਫੈਲੋ ਅਤੇ ਹੁਨਰ ਵਿਕਾਸ ਖੇਤਰ ਦੇ ਮਾਹਿਰ ਡਾ. ਸੰਦੀਪ ਸਿੰਘ ਕੌੜਾ ਨੇ ਕਿਹਾ ਕਿ ਮਹਿਲਾਵਾਂ ਦੀ ਰਾਜਨੀਤਿਕ ਅਗਵਾਈ ਨੂੰ ਸਿਰਫ਼ ਨੁਮਾਇੰਦਗੀ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਅਗਵਾਈ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਵੱਖ-ਵੱਖ ਤਜਰਬਿਆਂ, ਵਿਚਾਰਾਂ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣਾਂ ਨੂੰ ਸ਼ਾਮਲ ਕਰਨ ਦਾ ਮਹੱਤਵਪੂਰਨ ਸਾਧਨ ਹੈ।
ਯੂਐਨ ਵੂਮੈਨ ਇੰਡੀਆ ਕੰਟਰੀ ਆਫਿਸ ਦੀ ਡਿਪਟੀ ਰਿਪ੍ਰਜ਼ੈਂਟੇਟਿਵ ਸ੍ਰੀਮਤੀ ਕਾਂਤਾ ਸਿੰਘ ਨੇ ਕਿਹਾ ਕਿ ਹਰ ਮਹਿਲਾ ਵਿੱਚ ਆਗੂ ਬਣਨ ਦੀ ਸਮਰੱਥਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਲੋੜ ਸਿਰਫ਼ ਅਜਿਹਾ ਮਾਹੌਲ ਸਿਰਜਣ ਦੀ ਹੈ, ਜਿੱਥੇ ਮਹਿਲਾਵਾਂ ਆਪਣੀ ਅਗਵਾਈ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਵਰਤ ਸਕਣ।
ਯੂਐਨ ਵੂਮੈਨ ਅਨੁਸਾਰ, ਵਿਸ਼ਵ ਪੱਧਰ ’ਤੇ ਫ਼ੈਸਲਾ ਲੈਣ ਵਾਲੇ ਅਹੁਦਿਆਂ ’ਤੇ ਮਹਿਲਾਵਾਂ ਦੀ ਨੁਮਾਇੰਦਗੀ ਹਾਲੇ ਵੀ ਘੱਟ ਹੈ। ਇਸ ਲਈ ਮਹਿਲਾਵਾਂ ਦੀ ਰਾਜਨੀਤਿਕ ਭਾਗੀਦਾਰੀ ਅਤੇ ਅਗਵਾਈ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪੱਧਰਾਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ।
ਭਾਰਤ ਵਿੱਚ ਮਹਿਲਾ ਰਾਖਵਾਂ ਕਾਨੂੰਨ, 2023 (ਨਾਰੀ ਸ਼ਕਤੀ ਵੰਦਨ ਅਧਿਨਿਯਮ) ਦਾ ਪਾਸ ਹੋਣਾ ਮਹਿਲਾਵਾਂ ਦੀ ਰਾਜਨੀਤਿਕ ਭਾਗੀਦਾਰੀ ਵਧਾਉਣ ਵੱਲ ਇੱਕ ਅਹਿਮ ਕਦਮ ਮੰਨਿਆ ਜਾਂਦਾ ਹੈ। ਇਸ ਕਾਨੂੰਨ ਤਹਿਤ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਘੱਟੋ-ਘੱਟ 33 ਫ਼ੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਕਰਨ ਦੀ ਵਿਵਸਥਾ ਕੀਤੀ ਗਈ ਹੈ।‘ਸ਼ੀਲੀਡਜ਼’ ਵਰਗੇ ਪ੍ਰੋਗਰਾਮ ਮਹਿਲਾ ਆਗੂਆਂ ਨੂੰ ਆਪਸੀ ਸੰਵਾਦ, ਤਜਰਬੇ ਸਾਂਝੇ ਕਰਨ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਰਾਹੀਂ ਆਪਣੀ ਲੀਡਰਸ਼ਿਪ ਸਮਰੱਥਾ ਨਿਖਾਰਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਦੇ ਹਨ।
ਯੂਐਨ ਵੂਮੈਨ ਸੰਯੁਕਤ ਰਾਸ਼ਟਰ ਦੀ ਉਹ ਪ੍ਰਮੁੱਖ ਸੰਸਥਾ ਹੈ, ਜੋ ਮਹਿਲਾਵਾਂ ਦੇ ਅਧਿਕਾਰਾਂ, ਲਿੰਗ ਸਮਾਨਤਾ ਅਤੇ ਮਹਿਲਾਵਾਂ ਤੇ ਲੜਕੀਆਂ ਦੇ ਸਸ਼ਕਤੀਕਰਨ ਲਈ ਕੰਮ ਕਰਦੀ ਹੈ। ਸੰਸਥਾ ਕਾਨੂੰਨਾਂ, ਸੰਸਥਾਗਤ ਢਾਂਚਿਆਂ ਅਤੇ ਸਮਾਜਿਕ ਵਿਹਾਰ ਵਿੱਚ ਸਕਾਰਾਤਮਕ ਤਬਦੀਲੀ ਰਾਹੀਂ ਇੱਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੈ।
