
ਨਵੀਂ ਦਿੱਲੀ, 14 ਅਗਸਤ 2026: ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਆਉਣ ਵਾਲੇ BRICS ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਤੰਬਰ ਵਿੱਚ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦਾ ਦੌਰਾ ਕਰਨਗੇ। ਈਰਾਨੀ ਸੂਤਰਾਂ ਮੁਤਾਬਕ ਪੇਜ਼ੇਸ਼ਕੀਅਨ ਦੀ ਇਹ ਯਾਤਰਾ ਨਵੀਂ ਦਿੱਲੀ ਵਿੱਚ ਹੋਣ ਵਾਲੇ 18ਵੇਂ BRICS ਸੰਮੇਲਨ ਦੇ ਮੱਦੇਨਜ਼ਰ ਹੋਵੇਗੀ।
ਭਾਰਤ ਨੇ 2026 ਵਿੱਚ BRICS ਦੀ ਪ੍ਰਧਾਨਗੀ ਸੰਭਾਲੀ ਹੈ ਅਤੇ ਇਸ ਸਾਲ 18ਵੇਂ BRICS ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ ਦੀ ਅਗਵਾਈ ਹੇਠ ਹੋਣ ਵਾਲੇ ਸੰਮੇਲਨ ਦੀ ਥੀਮ “Building for Resilience, Innovation, Cooperation and Sustainability” ਰੱਖੀ ਗਈ ਹੈ, ਜਿਸ ਤਹਿਤ ਮੈਂਬਰ ਦੇਸ਼ਾਂ ਵਿਚਾਲੇ ਸਹਿਯੋਗ, ਨਵੀਨਤਾ, ਆਰਥਿਕ ਵਿਕਾਸ ਅਤੇ ਟਿਕਾਊ ਵਿਕਾਸ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ।
ਭਾਰਤ ਨੇ 2026 ਦੇ ਸ਼ੁਰੂ ਵਿੱਚ ਬ੍ਰਾਜ਼ੀਲ ਤੋਂ BRICS ਦੀ ਪ੍ਰਧਾਨਗੀ ਸੰਭਾਲੀ ਸੀ। ਪੇਜ਼ੇਸ਼ਕੀਅਨ ਦਾ ਭਾਰਤ ਦੌਰਾ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੇ ਨਾਲ-ਨਾਲ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਗੱਲਬਾਤ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
2024 ‘ਚ PM ਮੋਦੀ ਨਾਲ ਹੋਈ ਸੀ ਮੁਲਾਕਾਤ
ਜ਼ਿਕਰਯੋਗ ਹੈ ਕਿ ਅਕਤੂਬਰ 2024 ਵਿੱਚ ਰੂਸ ਦੇ ਕਾਜ਼ਾਨ ਵਿੱਚ ਹੋਏ BRICS ਸੰਮੇਲਨ ਦੌਰਾਨ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਈਰਾਨ ਦੇ ਦੁਵੱਲੇ ਸਬੰਧਾਂ ਤੋਂ ਇਲਾਵਾ ਖੇਤਰੀ ਅਤੇ ਕੌਮਾਂਤਰੀ ਮਹੱਤਤਾ ਵਾਲੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਸੀ।
ਈਰਾਨ 2024 ਵਿੱਚ ਮਿਸਰ, ਇਥੋਪੀਆ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ BRICS ਦਾ ਪੂਰਾ ਮੈਂਬਰ ਬਣਿਆ ਸੀ। ਇਸ ਤੋਂ ਬਾਅਦ 2025 ਵਿੱਚ ਇੰਡੋਨੇਸ਼ੀਆ ਦੇ ਸ਼ਾਮਲ ਹੋਣ ਨਾਲ ਸਮੂਹ ਦੇ ਪੂਰੇ ਮੈਂਬਰਾਂ ਦੀ ਗਿਣਤੀ 11 ਹੋ ਗਈ।
