Saturday, September 12Punjabi People

ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਵੱਲੋਂ ਸਮਾਰੋਹ ਵਾਲੇ ਸਥਾਨਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਨਿਰਦੇਸ਼

ਚੰਡੀਗੜ੍ਹ/ਐਸਏਐਸ ਨਗਰ/ਪਟਿਆਲਾ, 11 ਅਗਸਤ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਆਗਾਮੀ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਲਗਾਤਾਰ ਦੂਜੇ ਦਿਨ ਐਸਏਐਸ ਨਗਰ ਅਤੇ ਪਟਿਆਲਾ ਦਾ ਦੌਰਾ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਦੋਵਾਂ ਰੇਂਜਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਫੀਲਡ ਅਫਸਰਾਂ ਨਾਲ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਸਬੰਧੀ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ।ਡੀਜੀਪੀ ਨੇ ਸੂਬੇ ਵਿੱਚ ਸੰਭਾਵਿਤ ਖਤਰਿਆਂ ਦੀ ਪਛਾਣ, ਅੱਤਵਾਦ ਵਿਰੋਧੀ ਤਿਆਰੀਆਂ, ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਾਲੇ ਪ੍ਰਮੁੱਖ ਸਥਾਨਾਂ ਦੀ ਸੁਰੱਖਿਆ ਅਤੇ ਸੂਬੇ ਵਿੱਚ ਸ਼ਾਂਤੀ ਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਲਈ ਅਧਿਕਾਰੀਆਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਐਸਏਐਸ ਨਗਰ ਵਿਖੇ ਦੌਰੇ ਦੀ ਸ਼ੁਰੂਆਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਰੂਪਨਗਰ ਰੇਂਜ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਸਮੀਖਿਆ ਮੀਟਿੰਗ ਕੀਤੀ। ਰੂਪਨਗਰ ਰੇਂਜ ਅਧੀਨ ਐਸਏਐਸ ਨਗਰ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਆਉਂਦੇ ਹਨ। ਮੀਟਿੰਗ ਦੌਰਾਨ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਹੋਰ ਮਜ਼ਬੂਤ ਕਰਨ, ਪੁਲਿਸ ਦੀ ਪ੍ਰਭਾਵਸ਼ਾਲੀ ਮੌਜੂਦਗੀ ਯਕੀਨੀ ਬਣਾਉਣ ਅਤੇ ਕਿਸੇ ਵੀ ਉੱਭਰ ਰਹੀ ਚੁਣੌਤੀ ਦਾ ਤੁਰੰਤ ਤੇ ਦ੍ਰਿੜਤਾ ਨਾਲ ਮੁਕਾਬਲਾ ਕਰਨ ਲਈ ਕਿਹਾ।

ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਡੀਜੀਪੀ ਨੇ ਉਨ੍ਹਾਂ ਦੇ ਸੁਝਾਅ ਵੀ ਸੁਣੇ। ਉਨ੍ਹਾਂ ਨੇ ਪੁਲਿਸ ਬਲ ਨੂੰ ਹਰ ਸਮੇਂ ਸੁਚੇਤ ਰਹਿਣ ਅਤੇ ਆਪਣੀਆਂ ਡਿਊਟੀਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਰਹਿਣ ਲਈ ਪ੍ਰੇਰਿਤ ਕੀਤਾ।

ਐਸਏਐਸ ਨਗਰ ਦੌਰੇ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਪਟਿਆਲਾ ਵਿਖੇ ਪਟਿਆਲਾ ਰੇਂਜ ਦੇ ਅਧਿਕਾਰੀਆਂ ਨਾਲ ਵੀ ਵਿਸਥਾਰਪੂਰਵਕ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ। ਇਸ ਰੇਂਜ ਵਿੱਚ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹੇ ਸ਼ਾਮਲ ਹਨ।

ਮੀਟਿੰਗਾਂ ਦੌਰਾਨ ਆਜ਼ਾਦੀ ਦਿਹਾੜੇ ਦੇ ਪ੍ਰਮੁੱਖ ਸਮਾਗਮ ਸਥਾਨਾਂ ’ਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ, ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਵਧਾਉਣ ਅਤੇ ਲੋਕਾਂ ਨਾਲ ਸਰਗਰਮ ਤਾਲਮੇਲ ਕਾਇਮ ਰੱਖਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਐਸਐਚਓਜ਼ ਅਤੇ ਫੀਲਡ ਅਫਸਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਨੇ ਉਨ੍ਹਾਂ ਨੂੰ ਹਰ ਪੱਧਰ ’ਤੇ ਚੌਕਸੀ ਬਣਾਈ ਰੱਖਣ, ਭਾਈਚਾਰਕ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਅਤੇ ਮੈਦਾਨੀ ਪੱਧਰ ’ਤੇ ਪ੍ਰਭਾਵਸ਼ਾਲੀ ਅਗਵਾਈ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ।

ਸਮੀਖਿਆ ਮੀਟਿੰਗਾਂ ਵਿੱਚ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਚਾਹਲ, ਡੀਆਈਜੀ ਰੂਪਨਗਰ ਰੇਂਜ ਨਾਨਕ ਸਿੰਘ, ਐਸਐਸਪੀ ਪਟਿਆਲਾ ਵਰੁਣ ਸ਼ਰਮਾ, ਐਸਐਸਪੀ ਸੰਗਰੂਰ ਡਾ. ਰਵਜੋਤ ਗਰੇਵਾਲ, ਐਸਐਸਪੀ ਐਸਏਐਸ ਨਗਰ ਹਰਮਨਦੀਪ ਹੰਸ, ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ, ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ, ਐਸਐਸਪੀ ਰੂਪਨਗਰ ਮਨਿੰਦਰ ਸਿੰਘ ਅਤੇ ਐਸਐਸਪੀ ਮਾਲੇਰਕੋਟਲਾ ਗੁਰਮੀਤ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *