Saturday, September 12Punjabi People

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਨਾਲ 65 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਿੱਧੀ ਵਿੱਤੀ ਸਹਾਇਤਾ, ਮਹਿਲਾ ਸਸ਼ਕਤੀਕਰਨ ਨੂੰ ਮਿਲੀ ਨਵੀਂ ਉਡਾਣ: ਡਾ. ਬਲਜੀਤ ਕੌਰ

ਚੰਡੀਗੜ੍ਹ, 10 ਅਗਸਤ 2026: ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪੇਸ਼ ਕੀਤੇ ਮਹਿਲਾ ਸਸ਼ਕਤੀਕਰਨ ਸਬੰਧੀ ਮਤੇ ਦਾ ਸਮਰਥਨ ਕਰਦਿਆਂ ਕਿਹਾ ਕਿ ਮਤਾ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਜਾਣਾ ਮਹਿਲਾਵਾਂ ਦੇ ਸਨਮਾਨ, ਅਧਿਕਾਰਾਂ ਅਤੇ ਬਰਾਬਰੀ ਪ੍ਰਤੀ ਸਮੁੱਚੇ ਸਦਨ ਦੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 65 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਿਰਫ਼ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਣਾ ਨਹੀਂ, ਸਗੋਂ ਉਨ੍ਹਾਂ ਦੇ ਆਤਮ-ਸਨਮਾਨ, ਆਤਮ-ਵਿਸ਼ਵਾਸ, ਆਰਥਿਕ ਸਵੈ-ਨਿਰਭਰਤਾ ਅਤੇ ਸਮਾਜਿਕ ਪਛਾਣ ਨੂੰ ਮਜ਼ਬੂਤ ਕਰਨਾ ਹੈ।

ਮਹਿਲਾ ਸਸ਼ਕਤੀਕਰਨ ਨੂੰ ਭਲਾਈ ਯੋਜਨਾਵਾਂ ਤੱਕ ਸੀਮਤ ਨਹੀਂ ਰੱਖਿਆ: ਡਾ. ਬਲਜੀਤ ਕੌਰ:

ਮਤੇ ਦਾ ਸਮਰਥਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਹਿਲਾ ਸਸ਼ਕਤੀਕਰਨ ਨੂੰ ਸਿਰਫ਼ ਭਲਾਈ ਸਕੀਮਾਂ ਤੱਕ ਸੀਮਤ ਨਹੀਂ ਰੱਖਿਆ, ਬਲਕਿ ਅਜਿਹਾ ਮਾਹੌਲ ਸਿਰਜਣ ਲਈ ਕੰਮ ਕੀਤਾ ਹੈ, ਜਿਸ ਵਿੱਚ ਮਹਿਲਾਵਾਂ ਸਿੱਖਿਆ, ਰੁਜ਼ਗਾਰ, ਮੌਕਿਆਂ ਅਤੇ ਆਤਮ-ਵਿਸ਼ਵਾਸ ਦੇ ਸਹਾਰੇ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧ ਸਕਣ।

ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦਾ ਅਸਲ ਆਧਾਰ ਸਿੱਖਿਆ, ਬਰਾਬਰ ਦੇ ਮੌਕੇ, ਐਕਸਪੋਜ਼ਰ ਅਤੇ ਆਤਮ-ਵਿਸ਼ਵਾਸ ਹੈ। ਜਦੋਂ ਮਹਿਲਾਵਾਂ ਨੂੰ ਘਰ ਦੀਆਂ ਚਾਰਦੀਵਾਰੀਆਂ ਤੋਂ ਬਾਹਰ ਨਿਕਲ ਕੇ ਸਮਾਜ ਨੂੰ ਸਮਝਣ, ਆਪਣੀ ਪ੍ਰਤਿਭਾ ਨਿਖਾਰਨ ਅਤੇ ਨਵੇਂ ਤਜਰਬੇ ਹਾਸਲ ਕਰਨ ਦੇ ਮੌਕੇ ਮਿਲਦੇ ਹਨ ਤਾਂ ਉਹ ਹੋਰ ਆਤਮ-ਨਿਰਭਰ ਅਤੇ ਸਮਰੱਥ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਸੋਚ ਤਹਿਤ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਨਵੇਂ ਮੌਕੇ ਪੈਦਾ ਕਰਨ ਅਤੇ ਸਮਾਜਿਕ ਰੁਕਾਵਟਾਂ ਨੂੰ ਦੂਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਮਹਿਲਾਵਾਂ ਨੂੰ ਲਾਭਪਾਤਰੀ ਨਹੀਂ, ਵਿਕਾਸ ਦੀ ਬਰਾਬਰ ਦੀ ਭਾਈਵਾਲ ਬਣਾਇਆ:

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਸਿਰਫ਼ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਸੂਬੇ ਦੀ ਵਿਕਾਸ ਯਾਤਰਾ ਦੀ ਬਰਾਬਰ ਦੀ ਭਾਈਵਾਲ ਬਣਾਉਣ ਵੱਲ ਕਦਮ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਰੁਜ਼ਗਾਰ ਦੇ ਬਰਾਬਰ ਮੌਕੇ ਯਕੀਨੀ ਬਣਾਉਣ, ਆਂਗਣਵਾੜੀ ਵਰਕਰਾਂ ਦੀ ਭਰਤੀ ਨੂੰ ਗਤੀ ਦੇਣ ਅਤੇ ਵੱਖ-ਵੱਖ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਮੁਫ਼ਤ ਬੱਸ ਸਫ਼ਰ ਨੇ ਮਹਿਲਾਵਾਂ ਦੀ ਭਾਗੀਦਾਰੀ ਨੂੰ ਦਿੱਤਾ ਹੁਲਾਰਾ:

ਕੈਬਨਿਟ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਾ ਉਦੇਸ਼ ਕੇਵਲ ਆਵਾਜਾਈ ਨੂੰ ਸੁਖਾਲਾ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਜੀਵਨ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ ਵੀ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗ ਮਹਿਲਾਵਾਂ ਦੀ ਸ਼ਮੂਲੀਅਤ ਵੀ ਦਰਸਾਉਂਦੀ ਹੈ ਕਿ ਜਦੋਂ ਮਹਿਲਾਵਾਂ ਨੂੰ ਮੌਕੇ ਅਤੇ ਸਹੂਲਤਾਂ ਮਿਲਦੀਆਂ ਹਨ ਤਾਂ ਉਹ ਹਰ ਖੇਤਰ ਵਿੱਚ ਅੱਗੇ ਵਧਣ ਦੀ ਸਮਰੱਥਾ ਰੱਖਦੀਆਂ ਹਨ।

ਮਾਵਾਂ-ਧੀਆਂ ਸਤਿਕਾਰ ਯੋਜਨਾ’ ਆਤਮ-ਸਨਮਾਨ ਅਤੇ ਸਵੈ-ਨਿਰਭਰਤਾ ਵੱਲ ਇਤਿਹਾਸਕ ਕਦਮ:

ਡਾ. ਬਲਜੀਤ ਕੌਰ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦਾ ਅਰਥ ਸਿਰਫ਼ ਵਿੱਤੀ ਸਹਾਇਤਾ ਦੇਣਾ ਨਹੀਂ ਹੈ। ਇਸ ਦਾ ਅਸਲ ਮਕਸਦ ਅਜਿਹਾ ਸਮਾਜ ਸਿਰਜਣਾ ਹੈ ਜਿੱਥੇ ਹਰ ਧੀ ਅਤੇ ਮਹਿਲਾ ਨੂੰ ਸੁਰੱਖਿਆ, ਸਨਮਾਨ, ਬਰਾਬਰ ਦੇ ਮੌਕੇ ਅਤੇ ਆਪਣੀ ਸਮਰੱਥਾ ਨੂੰ ਨਿਖਾਰਨ ਲਈ ਅਨੁਕੂਲ ਮਾਹੌਲ ਮਿਲੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਹੁਣ ਤੱਕ 65 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਜਦਕਿ ਬਾਕੀ ਯੋਗ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਵੀ ਲਗਾਤਾਰ ਜਾਰੀ ਹੈ।

ਉਨ੍ਹਾਂ ਕਿਹਾ ਕਿ ਇਹ ਯੋਜਨਾ ਕੇਵਲ ₹1,000 ਅਤੇ ₹1,500 ਦੀ ਵਿੱਤੀ ਸਹਾਇਤਾ ਤੱਕ ਸੀਮਤ ਨਹੀਂ, ਸਗੋਂ ਮਹਿਲਾਵਾਂ ਦੇ ਆਤਮ-ਸਨਮਾਨ, ਆਰਥਿਕ ਸਵੈ-ਨਿਰਭਰਤਾ ਅਤੇ ਸਮਾਜਿਕ ਪਛਾਣ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲ ਹੈ।

ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਮਹਿਲਾਵਾਂ ਨੇ ਆਪਣੀ ਪੂਰੀ ਜ਼ਿੰਦਗੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਪਹਿਲ ਦਿੰਦਿਆਂ ਗੁਜ਼ਾਰੀ ਅਤੇ ਆਪਣੀਆਂ ਲੋੜਾਂ ਨੂੰ ਪਿੱਛੇ ਰੱਖਿਆ। ਅਜਿਹੀਆਂ ਮਹਿਲਾਵਾਂ ਨੂੰ ਆਪਣੀ ਵੱਖਰੀ ਪਛਾਣ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਇਹ ਯੋਜਨਾ ਸਹਾਰਾ ਪ੍ਰਦਾਨ ਕਰ ਰਹੀ ਹੈ।

ਬੱਚਿਆਂ ਦੀ ਸੁਰੱਖਿਆ ਲਈ ਵੀ ਸਰਕਾਰ ਵਚਨਬੱਧ:

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਚਿਲਡਰਨ ਹੋਮਾਂ ਵਿੱਚ ਇਸ ਵੇਲੇ 215 ਬੱਚੇ ਰਹਿ ਰਹੇ ਹਨ, ਜਿਨ੍ਹਾਂ ਵਿੱਚ 157 ਲੜਕੀਆਂ ਅਤੇ 58 ਲੜਕੇ ਹਨ। ਇਸੇ ਤਰ੍ਹਾਂ ਆਬਜ਼ਰਵੇਸ਼ਨ ਹੋਮਾਂ ਵਿੱਚ 495 ਲੜਕੇ ਅਤੇ 5 ਲੜਕੀਆਂ ਹਨ।

ਉਨ੍ਹਾਂ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਧੀਆਂ ਨੂੰ ਸੁਰੱਖਿਅਤ ਮਾਹੌਲ, ਸਨਮਾਨ ਅਤੇ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਇਸ ਦਿਸ਼ਾ ਵਿੱਚ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।

ਕੇਂਦਰ ਸਰਕਾਰ ‘ਤੇ ਵੀ ਸਾਧਿਆ ਨਿਸ਼ਾਨਾ:

ਡਾ. ਬਲਜੀਤ ਕੌਰ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੀ ਵਿੱਤ ਮੰਤਰੀ ਇੱਕ ਮਹਿਲਾ ਹੋਣ ਦੇ ਬਾਵਜੂਦ ਕੇਂਦਰ ਵੱਲੋਂ ਅਜਿਹੀ ਵਿਆਪਕ ਯੋਜਨਾ ਨਹੀਂ ਲਿਆਂਦੀ ਗਈ, ਜਿਸ ਰਾਹੀਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਸਿੱਧੀ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਦੇ ਆਤਮ-ਸਨਮਾਨ, ਆਰਥਿਕ ਸਵੈ-ਨਿਰਭਰਤਾ ਅਤੇ ਸਮਾਜਿਕ ਪਛਾਣ ਨੂੰ ਮਜ਼ਬੂਤ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਪੱਖੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਪੂਰੇ ਦੇਸ਼ ਲਈ ਇੱਕ ਨਿਵੇਕਲੀ ਮਿਸਾਲ ਵਜੋਂ ਸਾਹਮਣੇ ਆਈ ਹੈ।

ਤਰੁਨਪ੍ਰੀਤ ਸਿੰਘ ਸੌਂਦ ਸਮੇਤ ਵਿਧਾਇਕਾਂ ਨੇ ਵੀ ਰੱਖੇ ਵਿਚਾਰ:

ਵਿਧਾਨ ਸਭਾ ਵਿੱਚ ਚਰਚਾ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮਹਿਲਾ ਸਸ਼ਕਤੀਕਰਨ, ਸਵੈ-ਸਹਾਇਤਾ ਸਮੂਹਾਂ ਦੀ ਆਰਥਿਕ ਮਜ਼ਬੂਤੀ ਅਤੇ ਮਹਿਲਾਵਾਂ ਲਈ ਪੈਦਾ ਕੀਤੇ ਜਾ ਰਹੇ ਨਵੇਂ ਮੌਕਿਆਂ ਸਬੰਧੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਸਦਨ ਨੂੰ ਜਾਣੂ ਕਰਵਾਇਆ।

ਇਸ ਮੌਕੇ ਵਿਧਾਇਕ ਇੰਦਰਜੀਤ ਕੌਰ ਮਾਨ, ਜੀਵਨਜੋਤ ਕੌਰ, ਨਰਿੰਦਰ ਕੌਰ ਭਰਾਜ ਅਤੇ ਸਰਵਜੀਤ ਕੌਰ ਮਾਨੂੰਕੇ ਨੇ ਵੀ ਮਹਿਲਾਵਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਸ਼ਕਤੀਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਸਰਬਸੰਮਤੀ ਨਾਲ ਮਤਾ ਪਾਸ ਹੋਣਾ ਸਾਂਝੀ ਵਚਨਬੱਧਤਾ ਦਾ ਪ੍ਰਤੀਕ:

ਡਾ. ਬਲਜੀਤ ਕੌਰਕੈਬਨਿਟ ਮੰਤਰੀ ਨੇ ਮਹਿਲਾ ਸਸ਼ਕਤੀਕਰਨ ਸਬੰਧੀ ਮਤਾ ਸਦਨ ਵਿੱਚ ਪੇਸ਼ ਕਰਨ ਲਈ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਤੇ ਦਾ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਹੋਣਾ ਮਹਿਲਾਵਾਂ ਦੇ ਸਨਮਾਨ, ਅਧਿਕਾਰਾਂ, ਆਰਥਿਕ ਸਵੈ-ਨਿਰਭਰਤਾ ਅਤੇ ਸਮਾਜਿਕ ਬਰਾਬਰੀ ਪ੍ਰਤੀ ਸਮੁੱਚੇ ਸਦਨ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਸਾਰਥਕ ਚਰਚਾਵਾਂ ਅਤੇ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਮਹਿਲਾ ਸਸ਼ਕਤੀਕਰਨ ਨੂੰ ਹੋਰ ਗਤੀ ਦੇਣ ਅਤੇ ਸਮਾਜ ਵਿੱਚ ਲਿੰਗ ਸਮਾਨਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਅੰਤ ਵਿੱਚ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਦੇ ਹੱਕਾਂ ਦੀ ਰਾਖੀ, ਆਰਥਿਕ ਸਸ਼ਕਤੀਕਰਨ ਅਤੇ ਸਮਾਜਿਕ ਬਰਾਬਰੀ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਸ਼ਕਤ ਮਹਿਲਾ ਹੀ ਸਸ਼ਕਤ ਪਰਿਵਾਰ, ਸਸ਼ਕਤ ਸਮਾਜ ਅਤੇ ਖੁਸ਼ਹਾਲ ਪੰਜਾਬ ਦੀ ਸਭ ਤੋਂ ਮਜ਼ਬੂਤ ਨੀਂਹ ਹੈ।

Leave a Reply

Your email address will not be published. Required fields are marked *