
ਲੁਧਿਆਣਾ ਦੇ ਕਿਲ੍ਹਾ ਰਾਏਪੁਰ ਵਿੱਚ ਹੋਣ ਵਾਲੀਆਂ ਪ੍ਰਸਿੱਧ ਪਿੰਡ ਖੇਡਾਂ 30 ਜਨਵਰੀ ਤੋਂ ਸ਼ੁਰੂ ਹੋ ਕੇ 1 ਫਰਵਰੀ ਤੱਕ ਚੱਲਣਗੀਆਂ। ਇਸ ਵਾਰ ਖੇਡਾਂ ਵਿੱਚ ਖ਼ਾਸ ਆਕਰਸ਼ਣ ਵਜੋਂ ਬੈਲ ਗੱਡੀ ਦੌੜਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਦਾ ਆਯੋਜਨ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਲਗਾਤਾਰ ਕੀਤਾ ਜਾਵੇਗਾ। ਆਯੋਜਕਾਂ ਦੇ ਅਨੁਸਾਰ, ਬੈਲ ਗੱਡੀ ਦੌੜਾਂ ਵਿੱਚ ਕਰੀਬ 100 ਟੀਮਾਂ ਦੇ ਹਿੱਸਾ ਲੈਣ ਦੀ ਉਮੀਦ ਹੈ, ਜਿਸ ਨਾਲ ਦਰਸ਼ਕਾਂ ਵਿੱਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਬੈਲ ਗੱਡੀ ਦੌੜਾਂ ਦੇ ਨਾਲ ਨਾਲ ਸਮੇਂ ਦੀ ਪਾਬੰਦੀ ਨੂੰ ਧਿਆਨ ਵਿੱਚ ਰੱਖਦਿਆਂ ਮੁਕਾਬਲਿਆਂ ਦੀ ਸ਼ਾਟ ਲਿਸਟ ਵੀ ਤਿਆਰ ਕੀਤੀ ਜਾਵੇਗੀ, ਤਾਂ ਜੋ ਖੇਡਾਂ ਨੂੰ ਸੁਚੱਜੇ ਢੰਗ ਨਾਲ ਕਰਵਾਇਆ ਜਾ ਸਕੇ। ਇਨ੍ਹਾਂ ਦੌੜਾਂ ਲਈ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਰੱਖੀ ਗਈ ਹੈ, ਜੋ ਜੇਤੂ ਟੀਮਾਂ ਨੂੰ ਪ੍ਰਦਾਨ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਖੇਡਾਂ ਦੌਰਾਨ ਸਾਰੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਾਨਵਰਾਂ ਦੀ ਸੁਰੱਖਿਆ ਨੂੰ ਸਭ ਤੋਂ ਉੱਚੀ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਸ ਲਈ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਮੌਕੇ ‘ਤੇ ਤੈਨਾਤ ਰਹਿਣਗੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਜਾਨਵਰ ਨਾਲ ਬਦਸਲੂਕੀ ਜਾਂ ਧੱਕਾ ਸਹਿਣਯੋਗ ਨਹੀਂ ਹੋਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਸਬੰਧਤ ਅਧਿਕਾਰੀਆਂ ਅਤੇ ਖੇਡਾਂ ਦੇ ਆਯੋਜਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਖੇਡਾਂ ਦੇ ਪ੍ਰਬੰਧਕਾਂ ਨੇ ਵੀ ਭਰੋਸਾ ਦਿਵਾਇਆ ਕਿ ਬੈਲ ਗੱਡੀ ਦੌੜਾਂ ਤੋਂ ਇਲਾਵਾ ਹੋਰ ਕਈ ਪਰੰਪਰਾਗਤ ਅਤੇ ਮਨੋਰੰਜਕ ਖੇਡਾਂ ਵੀ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੈਲ ਗੱਡੀ ਦੌੜਾਂ ‘ਤੇ ਪਹਿਲਾਂ ਲੱਗੀ ਰੋਕ ਨੂੰ ਲੋੜੀਂਦੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਹੁਣ ਇਹ ਮੁਕਾਬਲੇ ਨਿਰਧਾਰਤ ਨਿਯਮਾਂ ਦੇ ਅਧੀਨ ਕਰਵਾਏ ਜਾਣਗੇ।
ਪ੍ਰਬੰਧਕਾਂ ਅਨੁਸਾਰ, ਨਿਯਮਾਂ ਵਿੱਚ ਖ਼ਾਸ ਤੌਰ ‘ਤੇ ਇਹ ਸ਼ਰਤਾਂ ਸ਼ਾਮਿਲ ਹਨ ਕਿ ਤਿੰਨ ਸਾਲ ਤੋਂ ਘੱਟ ਉਮਰ ਦੇ ਬੈਲ ਦੌੜਾਂ ਵਿੱਚ ਸ਼ਾਮਿਲ ਨਹੀਂ ਕੀਤੇ ਜਾਣਗੇ, ਕਿਸੇ ਵੀ ਤਰ੍ਹਾਂ ਦੇ ਡੰਡੇ ਜਾਂ ਸਖ਼ਤ ਸਾਧਨਾਂ ਦੀ ਵਰਤੋਂ ਮਨਾਹੀ ਹੋਵੇਗੀ ਅਤੇ ਜਾਨਵਰਾਂ ਨੂੰ ਕਿਸੇ ਕਿਸਮ ਦਾ ਨਸ਼ਾ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ, ਤਾਂ ਜੋ ਖੇਡਾਂ ਸੁਰੱਖਿਅਤ, ਨਿਆਯਸੰਗਤ ਅਤੇ ਪਰੰਪਰਾਵਾਂ ਦੇ ਅਨੁਸਾਰ ਕਰਵਾਈਆਂ ਜਾ ਸਕਣ।
