
ਚੰਡੀਗੜ੍ਹ, 8 ਅਗਸਤ 2026: ਚੰਡੀਗੜ੍ਹ ਅਤੇ ਪੰਜਾਬ ਵਿੱਚ ਮੌਨਸੂਨ ਸਰਗਰਮ ਹੋਣ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਪਿਛਲੇ 24 ਘੰਟਿਆਂ ਤੋਂ ਕਈ ਇਲਾਕਿਆਂ ਵਿੱਚ ਹੋ ਰਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਨੇ ਲੋਕਾਂ ਨੂੰ ਹੁੰਮਸ, ਨਮੀ ਅਤੇ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ ਹੈ। ਮੀਂਹ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ 8 ਤੋਂ 12 ਅਗਸਤ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਗਰਜ-ਚਮਕ ਅਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਚੰਡੀਗੜ੍ਹ ਵਿੱਚ ਅਸਮਾਨ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਮੀਂਹ ਨਾਲ ਚੰਡੀਗੜ੍ਹ ਦੇ ਤਾਪਮਾਨ ਵਿੱਚ ਗਿਰਾਵਟ
ਮੀਂਹ ਦਾ ਸਿੱਧਾ ਅਸਰ ਚੰਡੀਗੜ੍ਹ ਦੇ ਤਾਪਮਾਨ ’ਤੇ ਵੀ ਦੇਖਣ ਨੂੰ ਮਿਲਿਆ ਹੈ। ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਲਗਭਗ 1 ਡਿਗਰੀ ਘੱਟ ਹੈ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ 24.1 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 2.6 ਡਿਗਰੀ ਘੱਟ ਹੈ।
ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਮੌਸਮ ਕੇਂਦਰ ਵਿੱਚ 12.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਹਵਾਈ ਅੱਡਾ ਖੇਤਰ ਵਿੱਚ 38.8 ਮਿਲੀਮੀਟਰ ਬਾਰਿਸ਼ ਹੋਈ। 1 ਜੂਨ ਤੋਂ ਹੁਣ ਤੱਕ ਚੰਡੀਗੜ੍ਹ ਵਿੱਚ ਕੁੱਲ 412.6 ਮਿਲੀਮੀਟਰ ਮੌਸਮੀ ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ।
ਬਠਿੰਡਾ ਸਭ ਤੋਂ ਗਰਮ, ਲੁਧਿਆਣਾ ਰਿਹਾ ਸਭ ਤੋਂ ਠੰਡਾ
ਪੰਜਾਬ ਵਿੱਚ ਵੀ ਮੌਨਸੂਨ ਦੀ ਸਰਗਰਮੀ ਕਾਰਨ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਹਾਲਾਂਕਿ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਲਗਭਗ ਸਥਿਰ ਰਿਹਾ, ਪਰ ਇਹ ਆਮ ਨਾਲੋਂ 1.9 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ।
ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਹਵਾਈ ਅੱਡੇ ’ਤੇ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ, ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਲੁਧਿਆਣਾ ਵਿੱਚ 23.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਕਰੀਬ 3 ਡਿਗਰੀ ਘੱਟ ਹੈ।
ਇਨ੍ਹਾਂ ਇਲਾਕਿਆਂ ਵਿੱਚ ਵੀ ਪਿਆ ਮੀਂਹ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋਈ। ਐਸਬੀਐਸ ਨਗਰ ਦੇ ਬੱਲੋਵਾਲ ਸੋਖਰੀ ਵਿੱਚ ਸਭ ਤੋਂ ਵੱਧ 18.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ 18 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 12 ਮਿਲੀਮੀਟਰ ਅਤੇ ਲੁਧਿਆਣਾ ਵਿੱਚ 11.5 ਮਿਲੀਮੀਟਰ ਬਾਰਿਸ਼ ਹੋਈ।
ਇਸੇ ਤਰ੍ਹਾਂ ਰੂਪਨਗਰ ਦੇ ਭਾਖੜਾ ਡੈਮ ਖੇਤਰ ਵਿੱਚ 6.5 ਮਿਲੀਮੀਟਰ, ਜਦਕਿ ਬਰਨਾਲਾ ਵਿੱਚ 3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਵੀ ਮੌਨਸੂਨ ਦੀ ਸਰਗਰਮੀ ਬਣੀ ਰਹਿਣ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।
