
ਚੰਡੀਗੜ੍ਹ/ਹਰਿਆਣਾ, 6 ਅਗਸਤ 2026: ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR)-2026 ਤਹਿਤ ਵੋਟਰ ਸੂਚੀਆਂ ਨੂੰ ਗਲਤੀ-ਰਹਿਤ, ਅੱਪਡੇਟ ਅਤੇ ਪਾਰਦਰਸ਼ੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ ਹੈ। ਇਸ ਮੁਹਿੰਮ ਦੇ ਤਹਿਤ ਰਾਜ ਭਰ ਵਿੱਚ ਮੈਪ ਨਾ ਹੋਏ ਵੋਟਰਾਂ, ਵੇਰਵਿਆਂ ਵਿੱਚ ਅੰਤਰ ਅਤੇ ਹੋਰ ਤਕਨੀਕੀ ਗਲਤੀਆਂ ਨੂੰ ਦੂਰ ਕਰਨ ਲਈ ਵੱਡੇ ਪੱਧਰ ‘ਤੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਏ. ਸ਼੍ਰੀਨਿਵਾਸ ਨੇ ਦੱਸਿਆ ਕਿ ਚੋਣ ਕਮਿਸ਼ਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਸਹੀ ਅਤੇ ਅਪਡੇਟ ਰੂਪ ਵਿੱਚ ਦਰਜ ਹੋਵੇ, ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਮਤ ਅਧਿਕਾਰ ਤੋਂ ਵਾਂਝਾ ਨਾ ਰਹੇ।
42.69 ਲੱਖ ਤੋਂ ਵੱਧ ਨੋਟਿਸ ਤਿਆਰ, ਬਾਕੀ ਕੰਮ ਵੀ ਤੇਜ਼ੀ ਨਾਲ ਜਾਰੀ
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 31 ਜੁਲਾਈ 2026 ਤੱਕ ਕੁੱਲ 44,86,035 ਨੋਟਿਸ ਤਿਆਰ ਕੀਤੇ ਜਾਣੇ ਸਨ। ਇਨ੍ਹਾਂ ਵਿੱਚੋਂ ਹੁਣ ਤੱਕ 42,69,239 ਨੋਟਿਸ ਤਿਆਰ ਕਰਕੇ ਬੂਥ ਲੈਵਲ ਅਫ਼ਸਰਾਂ (BLOs) ਰਾਹੀਂ ਸਬੰਧਤ ਵੋਟਰਾਂ ਤੱਕ ਭੇਜੇ ਜਾ ਚੁੱਕੇ ਹਨ।
ਬਾਕੀ ਰਹਿੰਦੇ ਮਾਮਲਿਆਂ ਵਿੱਚ ਵੀ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਜਾਰੀ ਹੈ, ਤਾਂ ਜੋ ਮੁਹਿੰਮ ਨਿਰਧਾਰਤ ਸਮੇਂ ਅੰਦਰ ਪੂਰੀ ਕੀਤੀ ਜਾ ਸਕੇ।
ਹਜ਼ਾਰਾਂ ਅਰਜ਼ੀਆਂ ਹੋਈਆਂ ਪ੍ਰਾਪਤ
ਉਨ੍ਹਾਂ ਦੱਸਿਆ ਕਿ 5 ਅਗਸਤ 2026 ਤੱਕ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ, ਨਾਮ ਹਟਾਉਣ ਅਤੇ ਵੇਰਵਿਆਂ ਵਿੱਚ ਸੋਧ ਲਈ ਹੇਠ ਲਿਖੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ:
- ਫਾਰਮ-6 (ਨਵਾਂ ਨਾਮ ਸ਼ਾਮਲ ਕਰਨ ਲਈ): 8,942 ਅਰਜ਼ੀਆਂ
- ਫਾਰਮ-7 (ਨਾਮ ਹਟਾਉਣ ਲਈ): 194 ਅਰਜ਼ੀਆਂ
- ਫਾਰਮ-8 (ਵੇਰਵਿਆਂ ਵਿੱਚ ਸੋਧ ਲਈ): 8,294 ਅਰਜ਼ੀਆਂ
ਚੋਣ ਵਿਭਾਗ ਵੱਲੋਂ ਇਨ੍ਹਾਂ ਅਰਜ਼ੀਆਂ ਦੀ ਜਾਂਚ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਘਰ-ਘਰ ਜਾ ਕੇ ਤਸਦੀਕ ਕਰ ਰਹੇ ਹਨ BLO
ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੁਹਿੰਮ ਤਹਿਤ ਬੂਥ ਲੈਵਲ ਅਫ਼ਸਰ (BLO) ਸਰਗਰਮ ਭੂਮਿਕਾ ਨਿਭਾ ਰਹੇ ਹਨ।
ਉਹ ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰ ਰਹੇ ਹਨ, ਲੋੜੀਂਦੇ ਫਾਰਮ ਵੰਡ ਅਤੇ ਇਕੱਠੇ ਕਰ ਰਹੇ ਹਨ, ਦਾਅਵਿਆਂ ਅਤੇ ਇਤਰਾਜ਼ਾਂ ਦੀ ਜਾਂਚ ਕਰ ਰਹੇ ਹਨ ਅਤੇ ਇਹ ਯਕੀਨੀ ਬਣਾ ਰਹੇ ਹਨ ਕਿ ਵੋਟਰ ਸੂਚੀ ਵਿੱਚ ਦਰਜ ਜਾਣਕਾਰੀ ਪੂਰੀ ਤਰ੍ਹਾਂ ਸਹੀ ਹੋਵੇ।
BLO ਅਤੇ ਸੁਪਰਵਾਈਜ਼ਰਾਂ ਨੂੰ ਮਿਲੇਗਾ ਵਿਸ਼ੇਸ਼ ਮਾਣਭੱਤਾ
ਮੁਹਿੰਮ ਦੌਰਾਨ ਕੰਮ ਦੇ ਵਧੇ ਹੋਏ ਬੋਝ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਕਮਿਸ਼ਨ ਨੇ ਇੱਕ ਅਹਿਮ ਫ਼ੈਸਲਾ ਵੀ ਲਿਆ ਹੈ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਹਰ ਬੂਥ ਲੈਵਲ ਅਫ਼ਸਰ (BLO) ਅਤੇ BLO ਸੁਪਰਵਾਈਜ਼ਰ ਨੂੰ ਉਨ੍ਹਾਂ ਦੇ ਸਾਲਾਨਾ ਮਾਣਭੱਤੇ ਤੋਂ ਇਲਾਵਾ 6,000 ਰੁਪਏ ਦਾ ਇੱਕਮੁਸ਼ਤ ਵਿਸ਼ੇਸ਼ ਮਾਣਭੱਤਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਰਕਮ ਮੁਹਿੰਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਮਾਨਤਾ ਵਜੋਂ ਦਿੱਤੀ ਜਾ ਰਹੀ ਹੈ।
ਯੋਗ ਵੋਟਰਾਂ ਨੂੰ ਕੀਤੀ ਅਪੀਲ
ਏ. ਸ਼੍ਰੀਨਿਵਾਸ ਨੇ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਮੁੱਢਲੀ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵੇ ਜਾਂਚ ਲੈਣ।
ਉਨ੍ਹਾਂ ਕਿਹਾ ਕਿ:
- ਜੇਕਰ ਕਿਸੇ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਨਹੀਂ ਹੈ, ਤਾਂ ਉਹ ਫਾਰਮ-6 ਭਰ ਕੇ ਨਵੀਂ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ।
- ਜੇਕਰ ਨਾਮ, ਪਤਾ, ਉਮਰ ਜਾਂ ਹੋਰ ਵੇਰਵਿਆਂ ਵਿੱਚ ਕੋਈ ਗਲਤੀ ਹੈ, ਤਾਂ ਫਾਰਮ-8 ਭਰ ਕੇ ਸੋਧ ਲਈ ਅਰਜ਼ੀ ਜਮ੍ਹਾਂ ਕਰਵਾਈ ਜਾਵੇ।
- ਲੋੜ ਪੈਣ ‘ਤੇ ਹੋਰ ਦਾਅਵੇ ਜਾਂ ਇਤਰਾਜ਼ ਵੀ ਨਿਯਮਾਂ ਅਨੁਸਾਰ ਦਰਜ ਕਰਵਾਏ ਜਾ ਸਕਦੇ ਹਨ।
30 ਅਗਸਤ ਤੱਕ ਜਮ੍ਹਾਂ ਕਰਵਾਏ ਜਾ ਸਕਣਗੇ ਫਾਰਮ
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸਾਰੇ ਸੰਬੰਧਤ ਫਾਰਮ 30 ਅਗਸਤ 2026 ਤੱਕ ਆਪਣੇ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ (ERO) ਜਾਂ ਸਬੰਧਤ ਬੂਥ ਲੈਵਲ ਅਫ਼ਸਰ (BLO) ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਉਦੇਸ਼ ਇੱਕ ਸਹੀ, ਪਾਰਦਰਸ਼ੀ ਅਤੇ ਗਲਤੀ-ਰਹਿਤ ਵੋਟਰ ਸੂਚੀ ਤਿਆਰ ਕਰਨਾ ਹੈ, ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਹਰ ਯੋਗ ਨਾਗਰਿਕ ਆਪਣੇ ਮਤ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਰੁਕਾਵਟ ਦੇ ਕਰ ਸਕੇ।
