
ਚੰਡੀਗੜ੍ਹ, 5 ਅਗਸਤ 2026: ਪੰਜਾਬ ਸਰਕਾਰ ਰੁਜ਼ਗਾਰ, ਗੁਣਵੱਤਾ ਭਰਪੂਰ ਸਿੱਖਿਆ ਅਤੇ ਸਮਾਜਿਕ ਬਰਾਬਰੀ ਨੂੰ ਵਿਕਾਸ ਦੀ ਮਜ਼ਬੂਤ ਨੀਂਹ ਬਣਾਉਂਦਿਆਂ ਸੂਬੇ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਵਿਧਾਨ ਸਭਾ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦਾ ਮੁੱਖ ਟੀਚਾ ਅਜਿਹਾ ਆਤਮ-ਨਿਰਭਰ, ਬਰਾਬਰੀ ਵਾਲਾ ਅਤੇ ਖੁਸ਼ਹਾਲ ਪੰਜਾਬ ਸਿਰਜਣਾ ਹੈ, ਜਿੱਥੇ ਹਰ ਨੌਜਵਾਨ ਨੂੰ ਆਪਣੇ ਹੀ ਸੂਬੇ ਵਿੱਚ ਸਨਮਾਨਜਨਕ ਰੁਜ਼ਗਾਰ ਅਤੇ ਹਰ ਬੱਚੇ ਨੂੰ ਉੱਚ ਮਿਆਰੀ ਸਿੱਖਿਆ ਪ੍ਰਾਪਤ ਹੋਵੇ।
ਮਿਹਨਤ ਅਤੇ ਬਰਾਬਰੀ ਦੀ ਸੋਚ ਨਾਲ ਬਣੇਗਾ ਨਵਾਂ ਪੰਜਾਬ
ਡਾ. ਬਲਜੀਤ ਕੌਰ ਨੇ ਪ੍ਰਸਿੱਧ ਸ਼ਾਇਰ ਡਾ. ਨਵਤੇਜ ਭਾਰਤੀ ਦੀਆਂ ਸਤਰਾਂ ਦਾ ਹਵਾਲਾ ਦਿੰਦਿਆਂ ਕਿਹਾ, “ਕੰਮ ਕਰਦੇ ਹੱਥ ਜਦੋਂ ਇੱਕ-ਦੂਜੇ ਨਾਲ ਮਿਲਦੇ ਹਨ ਤਾਂ ਇਹ ਦੁਨੀਆ ਜਿਉਣ ਜੋਗੀ ਹੋ ਜਾਂਦੀ ਹੈ। ਸਾਡੀ ਧਰਤੀ ਸੂਰਜ ਦੁਆਲੇ ਨਹੀਂ, ਸਗੋਂ ਮਿਹਨਤੀ ਹੱਥਾਂ ਦੁਆਲੇ ਘੁੰਮਦੀ ਹੈ।” ਉਨ੍ਹਾਂ ਕਿਹਾ ਕਿ ਇਹੀ ਵਿਚਾਰਧਾਰਾ ਮਾਨ ਸਰਕਾਰ ਦੀਆਂ ਲੋਕ-ਕੇਂਦਰਿਤ ਨੀਤੀਆਂ ਅਤੇ ਭਲਾਈ ਯੋਜਨਾਵਾਂ ਦੀ ਪ੍ਰੇਰਣਾ ਹੈ, ਜਿਨ੍ਹਾਂ ਦਾ ਮਕਸਦ ਹਰ ਵਰਗ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਹੈ।
ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਘਟਾਉਣ ਲਈ ਰੁਜ਼ਗਾਰ ‘ਤੇ ਜ਼ੋਰ
ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਜਾਣਾ ਲੰਬੇ ਸਮੇਂ ਤੋਂ ਇੱਕ ਗੰਭੀਰ ਸਮਾਜਿਕ ਅਤੇ ਆਰਥਿਕ ਚੁਣੌਤੀ ਰਿਹਾ ਹੈ। ਪਿਛਲੇ ਚਾਰ ਸਾਲਾਂ ਦੌਰਾਨ ਸੂਬਾ ਸਰਕਾਰ ਨੇ ਵੱਡੇ ਪੱਧਰ ‘ਤੇ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਇਸ ਰੁਝਾਨ ਨੂੰ ਬਦਲਣ ਵੱਲ ਠੋਸ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਕੇਂਦਰ ਹਰ ਵਰਗ ਨੂੰ ਵਿਕਾਸ ਅਤੇ ਖੁਸ਼ਹਾਲੀ ਵਿੱਚ ਬਰਾਬਰ ਦਾ ਭਾਗੀਦਾਰ ਬਣਾਉਣਾ ਹੈ।
ਪਿੰਡ ਫਕਰਸਰ ਦੀ ਮਿਸਾਲ ਨਾਲ ਗਿਣਵਾਈਆਂ ਉਪਲਬਧੀਆਂ
ਆਪਣੇ ਵਿਧਾਨ ਸਭਾ ਹਲਕੇ ਦੀ ਉਦਾਹਰਨ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪਿੰਡ ਫਕਰਸਰ ਦੇ 25 ਨੌਜਵਾਨਾਂ ਨੂੰ ਪਿਛਲੇ ਚਾਰ ਸਾਲਾਂ ਵਿੱਚ ਰੁਜ਼ਗਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਵਿੱਚੋਂ 20 ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਸਿੱਧਾ ਲੋੜਵੰਦ ਅਤੇ ਪਛੜੇ ਵਰਗਾਂ ਤੱਕ ਪਹੁੰਚ ਰਿਹਾ ਹੈ।
ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਯੋਜਨਾ ਨੂੰ ਦਿੱਤੀ ਨਵੀਂ ਰਫ਼ਤਾਰ
ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਤਿੰਨ ਸਾਲਾਂ ਤੱਕ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀਆਂ ਸਕਾਲਰਸ਼ਿਪਾਂ ਰੋਕ ਦਿੱਤੀਆਂ ਗਈਆਂ ਸਨ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸੱਤਾ ਸੰਭਾਲਦੇ ਹੀ ਇਸ ਯੋਜਨਾ ਨੂੰ ਮੁੜ ਚਾਲੂ ਕੀਤਾ ਅਤੇ ਲਾਭਪਾਤਰੀਆਂ ਦੀ ਗਿਣਤੀ ਵਿੱਚ 35 ਫੀਸਦੀ ਦਾ ਵਾਧਾ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ 10 ਲੱਖ ਤੋਂ ਵੱਧ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਾ ਲਾਭ ਮਿਲਿਆ ਹੈ, ਜਿਸ ਨਾਲ ਉੱਚ ਸਿੱਖਿਆ ਦੇ ਨਵੇਂ ਮੌਕੇ ਖੁੱਲ੍ਹੇ ਹਨ।
10 ਹਜ਼ਾਰ ਆਂਗਣਵਾੜੀ ਭਰਤੀਆਂ ਨਾਲ ਮਹਿਲਾਵਾਂ ਹੋਈਆਂ ਆਰਥਿਕ ਤੌਰ ‘ਤੇ ਮਜ਼ਬੂਤ
ਡਾ. ਬਲਜੀਤ ਕੌਰ ਨੇ ਕਿਹਾ ਕਿ 10 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਸਿਰਫ਼ ਸਰਕਾਰੀ ਨੌਕਰੀਆਂ ਦੇਣ ਦਾ ਫ਼ੈਸਲਾ ਨਹੀਂ ਸੀ, ਸਗੋਂ ਪੇਂਡੂ ਖੇਤਰਾਂ ਦੀਆਂ ਧੀਆਂ ਅਤੇ ਭੈਣਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਸੀ। ਇਸ ਨਾਲ ਹਜ਼ਾਰਾਂ ਪਰਿਵਾਰਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਈ ਹੈ ਅਤੇ ਮਹਿਲਾਵਾਂ ਦਾ ਆਤਮ-ਵਿਸ਼ਵਾਸ ਤੇ ਸਵੈ-ਨਿਰਭਰਤਾ ਹੋਰ ਵਧੀ ਹੈ।
ਗੁਣਵੱਤਾ ਭਰਪੂਰ ਸਿੱਖਿਆ ਹੀ ਟਿਕਾਊ ਰੁਜ਼ਗਾਰ ਦੀ ਬੁਨਿਆਦ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੀਤੇ ਗਏ ਸੁਧਾਰਾਂ ਦੀ ਸ਼ਲਾਘਾ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਸਿੱਖਿਆ ਅਤੇ ਰੁਜ਼ਗਾਰ ਦਾ ਰਿਸ਼ਤਾ ਬਹੁਤ ਡੂੰਘਾ ਹੈ। ਉਨ੍ਹਾਂ ਪ੍ਰਸਿੱਧ ਕਵੀ ਡਾ. ਸੁਰਜੀਤ ਪਾਤਰ ਦੀਆਂ ਸਤਰਾਂ “ਕਿੰਨਾ ਗੂੜ੍ਹਾ ਸਾਕ ਹੈ ਅੱਖਰਾਂ ਅਤੇ ਰਿਜ਼ਕ ਦਾ” ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਣਵੱਤਾ ਭਰਪੂਰ ਸਿੱਖਿਆ ਹੀ ਨੌਜਵਾਨਾਂ ਨੂੰ ਟਿਕਾਊ ਰੁਜ਼ਗਾਰ, ਹੁਨਰ ਅਤੇ ਬਿਹਤਰ ਭਵਿੱਖ ਪ੍ਰਦਾਨ ਕਰ ਸਕਦੀ ਹੈ।
ਸਰਕਾਰੀ ਸਕੂਲਾਂ ਦਾ ਵਧਿਆ ਮਿਆਰ
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਇੰਨਾ ਉੱਚਾ ਹੋ ਗਿਆ ਹੈ ਕਿ ਅਮੀਰ ਅਤੇ ਗਰੀਬ ਹਰ ਵਰਗ ਦੇ ਬੱਚੇ ਇੱਕੋ ਜਿਹੀ ਗੁਣਵੱਤਾ ਵਾਲੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਡਿਜ਼ੀਟਲ ਸਹੂਲਤਾਂ ਅਤੇ ਬਿਹਤਰ ਸਿੱਖਣ ਦੇ ਮਾਹੌਲ ਨੇ ਲੋਕਾਂ ਦਾ ਭਰੋਸਾ ਵਧਾਇਆ ਹੈ।
ਰੁਜ਼ਗਾਰ, ਸਿੱਖਿਆ ਅਤੇ ਸਮਾਜਿਕ ਨਿਆਂ ਨੂੰ ਜੋੜ ਕੇ ਵਿਕਸਤ ਹੋਵੇਗਾ ਪੰਜਾਬ
ਡਾ. ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਰੁਜ਼ਗਾਰ, ਸਿੱਖਿਆ ਅਤੇ ਸਮਾਜਿਕ ਨਿਆਂ ਨੂੰ ਆਪਸ ਵਿੱਚ ਜੋੜ ਕੇ ਇੱਕ ਅਜਿਹਾ ਵਿਕਾਸ ਮਾਡਲ ਤਿਆਰ ਕਰ ਰਹੀ ਹੈ, ਜਿਸ ਨਾਲ ਹਰ ਨਾਗਰਿਕ ਨੂੰ ਬਰਾਬਰ ਦੇ ਮੌਕੇ ਮਿਲਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਨੌਕਰੀਆਂ ਮੁਹੱਈਆ ਕਰਵਾਉਣਾ ਨਹੀਂ, ਸਗੋਂ ਅਜਿਹਾ ਸਮਾਜ ਬਣਾਉਣਾ ਹੈ ਜਿੱਥੇ ਹਰ ਵਿਅਕਤੀ ਨੂੰ ਸਨਮਾਨ ਨਾਲ ਅੱਗੇ ਵਧਣ ਦਾ ਮੌਕਾ ਮਿਲੇ।
ਉਨ੍ਹਾਂ ਵਿਸ਼ਵਾਸ ਜਤਾਇਆ ਕਿ ਰੁਜ਼ਗਾਰ ਸਿਰਜਣ, ਮਹਿਲਾ ਸਸ਼ਕਤੀਕਰਨ, ਸਮਾਜਿਕ ਬਰਾਬਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਇਹ ਯਤਨ ਪੰਜਾਬ ਨੂੰ ਮੁੜ ਖੁਸ਼ਹਾਲ, ਆਤਮ-ਨਿਰਭਰ ਅਤੇ ਰੰਗਲਾ ਪੰਜਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
