Thursday, August 6Punjabi People

ਅੰਮ੍ਰਿਤਸਰ ਨੂੰ ਮਿਲੇਗਾ 60 MLD ਦਾ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ, AMRUT 2.0 ਤਹਿਤ ਸਰਕਾਰ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ, 5 ਅਗਸਤ 2026: ਪੰਜਾਬ ਸਰਕਾਰ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀਵਰੇਜ ਸਮੱਸਿਆ ਦੇ ਸਥਾਈ ਹੱਲ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅਮਰੁਤ (AMRUT) 2.0 ਯੋਜਨਾ ਤਹਿਤ 60 ਐਮਐਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਸਮਰੱਥਾ ਵਾਲੇ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਅਤੇ ਲੋੜੀਂਦੇ ਪੰਪਿੰਗ ਸਟੇਸ਼ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਅਗਸਤ 2026 ਵਿੱਚ ਟੈਂਡਰ ਪ੍ਰਕਿਰਿਆ ਪੂਰੀ ਹੋਣ ਉਪਰੰਤ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ।

ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਨੈੱਟਵਰਕ ਵਧਦੀ ਆਬਾਦੀ ਅਤੇ ਸ਼ਹਿਰੀਕਰਨ ਕਾਰਨ ਭਾਰੀ ਦਬਾਅ ਹੇਠ ਸੀ। ਕਈ ਇਲਾਕਿਆਂ ਵਿੱਚ ਨਾਲੀਆਂ ਅਤੇ ਡਰੇਨਾਂ ਵਿੱਚ ਅਣਸੋਧਿਆ ਗੰਦਾ ਪਾਣੀ ਵਗਣ ਕਾਰਨ ਵਾਤਾਵਰਨ ਅਤੇ ਲੋਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਨਵਾਂ ਪ੍ਰਾਜੈਕਟ ਨਾ ਸਿਰਫ਼ ਇਸ ਦਬਾਅ ਨੂੰ ਘਟਾਏਗਾ, ਸਗੋਂ ਸ਼ਹਿਰ ਵਿੱਚ ਗੰਦੇ ਪਾਣੀ ਦੇ ਵਿਗਿਆਨਕ ਅਤੇ ਆਧੁਨਿਕ ਢੰਗ ਨਾਲ ਨਿਪਟਾਰੇ ਨੂੰ ਵੀ ਯਕੀਨੀ ਬਣਾਏਗਾ।

ਪ੍ਰਾਜੈਕਟ ਦੇ ਮੁਕੰਮਲ ਹੋਣ ਉਪਰੰਤ ਅੰਮ੍ਰਿਤਸਰ ਦੀ ਕੁੱਲ ਸੀਵਰੇਜ ਟ੍ਰੀਟਮੈਂਟ ਸਮਰੱਥਾ ਵਿੱਚ ਵੱਡਾ ਵਾਧਾ ਹੋਵੇਗਾ। ਇਸ ਨਾਲ ਮੌਜੂਦਾ ਪੁਰਾਣੇ ਅਤੇ ਓਵਰਲੋਡ ਸੀਵਰੇਜ ਸਿਸਟਮ ਉੱਤੇ ਦਬਾਅ ਘਟੇਗਾ, ਅਣਸੋਧੇ ਪਾਣੀ ਦੇ ਨਿਕਾਸ ਵਿੱਚ ਕਮੀ ਆਵੇਗੀ ਅਤੇ ਸ਼ਹਿਰ ਦੀ ਸਫ਼ਾਈ ਅਤੇ ਵਾਤਾਵਰਨ ਸੁਰੱਖਿਆ ਨੂੰ ਵੱਡਾ ਲਾਭ ਮਿਲੇਗਾ। ਇਸ ਤੋਂ ਇਲਾਵਾ, ਇਸ ਪਲਾਂਟ ਵਿੱਚ ਪੈਦਾ ਹੋਣ ਵਾਲੇ ਸੀਵਰੇਜ ਸਲੱਜ ਨੂੰ ਪ੍ਰੋਸੈਸ ਕਰਕੇ ਬਾਇਓ-ਸੀਐਨਜੀ ਤਿਆਰ ਕੀਤੀ ਜਾਵੇਗੀ, ਜੋ ਸਾਫ਼ ਅਤੇ ਹਰਿਤ ਊਰਜਾ ਦਾ ਮਹੱਤਵਪੂਰਨ ਸਰੋਤ ਬਣੇਗੀ। ਇਸ ਨਾਲ ਪ੍ਰਦੂਸ਼ਣ ਘਟਾਉਣ ਦੇ ਨਾਲ-ਨਾਲ ਊਰਜਾ ਉਤਪਾਦਨ ਨੂੰ ਵੀ ਉਤਸ਼ਾਹ ਮਿਲੇਗਾ।

ਇਹ ਪ੍ਰਾਜੈਕਟ ਪੰਜਾਬ ਸਰਕਾਰ ਵੱਲੋਂ ਰਾਜ ਦੇ ਸ਼ਹਿਰਾਂ ਵਿੱਚ ਆਧੁਨਿਕ ਸ਼ਹਿਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਚਲਾਈ ਜਾ ਰਹੀ ਅਮਰੁਤ 2.0 ਮੁਹਿੰਮ ਦਾ ਅਹਿਮ ਹਿੱਸਾ ਹੈ। ਇਸ ਯੋਜਨਾ ਤਹਿਤ ਰਾਜ ਭਰ ਵਿੱਚ ਪਾਣੀ ਦੀ ਸਪਲਾਈ, ਸੀਵਰੇਜ ਪ੍ਰਬੰਧਨ, ਡਰੇਨੇਜ ਅਤੇ ਹੋਰ ਸ਼ਹਿਰੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਦੇ ਅਨੁਸਾਰ, AMRUT 2.0 ਅਧੀਨ ਹੁਣ ਤੱਕ 64 ਤੋਂ ਵੱਧ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ, ਜਦਕਿ ਕਰੀਬ 50 ਤੋਂ 60 ਹੋਰ ਪ੍ਰਾਜੈਕਟ ਮਾਰਚ 2027 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।

ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਵਿਸ਼ਵ ਦੀ ਆਸਥਾ ਦਾ ਕੇਂਦਰ ਹੈ ਅਤੇ ਇਸ ਸ਼ਹਿਰ ਨੂੰ ਆਧੁਨਿਕ ਅਤੇ ਸਾਫ਼-ਸੁਥਰਾ ਬਣਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ, ਠੋਸ ਕੂੜਾ ਪ੍ਰਬੰਧਨ ਅਤੇ ਹੋਰ ਸ਼ਹਿਰੀ ਸਮੱਸਿਆਵਾਂ ਦਾ ਪੜਾਅਵਾਰ ਅਤੇ ਸਥਾਈ ਹੱਲ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮਿਲ ਸਕਣ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਰਫ਼ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਤੱਕ ਹੀ ਸੀਮਤ ਨਹੀਂ, ਸਗੋਂ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਤਿਆਰ ਹੋਣ ਵਾਲਾ ਬੁਨਿਆਦੀ ਢਾਂਚਾ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਅਤੇ ਟਿਕਾਊ ਢੰਗ ਨਾਲ ਕੰਮ ਕਰੇ। ਸਰਕਾਰ ਦਾ ਉਦੇਸ਼ ਅੰਮ੍ਰਿਤਸਰ ਸਮੇਤ ਸੂਬੇ ਦੇ ਸਾਰੇ ਸ਼ਹਿਰਾਂ ਨੂੰ ਆਧੁਨਿਕ, ਸਾਫ਼-ਸੁਥਰਾ, ਵਾਤਾਵਰਨ ਪੱਖੋਂ ਸੁਰੱਖਿਅਤ ਅਤੇ ਨਾਗਰਿਕ-ਅਨੁਕੂਲ ਬਣਾਉਣਾ ਹੈ।

Leave a Reply

Your email address will not be published. Required fields are marked *