
ਅੰਮ੍ਰਿਤਸਰ, 4 ਅਗਸਤ 2026: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ (ISI) ਦੇ ਸਮਰਥਨ ਨਾਲ ਕੰਮ ਕਰ ਰਹੇ ਕਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਚਾਰ ਨਾਬਾਲਗਾਂ ਸਮੇਤ ਕੁੱਲ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਤਿੰਨ ਗੈਰ-ਕਾਨੂੰਨੀ ਪਿਸਤੌਲ, ਨੌਂ ਜ਼ਿੰਦਾ ਕਾਰਤੂਸ ਅਤੇ ਪੈਟਰੋਲ ਨਾਲ ਭਰੀਆਂ ਚਾਰ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਮੁੱਢਲੀ ਜਾਂਚ ਅਨੁਸਾਰ ਅੱਗਜ਼ਨੀ ਜਾਂ ਹੋਰ ਹਿੰਸਕ ਕਾਰਵਾਈਆਂ ਲਈ ਵਰਤਿਆ ਜਾਣਾ ਸੀ।
ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਵਿਦੇਸ਼ਾਂ ਵਿੱਚ ਬੈਠੇ ਆਈਐਸਆਈ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਜਾਂਚ ਏਜੰਸੀਆਂ ਦੇ ਅਨੁਸਾਰ, ਇਨ੍ਹਾਂ ਨੂੰ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਜਾ ਰਿਹਾ ਸੀ। ਇਨ੍ਹਾਂ ਨੂੰ ਸੁਰੱਖਿਆ ਸਥਾਪਨਾਵਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਰੇਕੀ ਕਰਨ, ਗੈਰ-ਕਾਨੂੰਨੀ ਹਥਿਆਰ ਇਕੱਠੇ ਕਰਨ ਅਤੇ ਸੂਬੇ ਵਿੱਚ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਵਰਗੇ ਕੰਮ ਸੌਂਪੇ ਗਏ ਸਨ।
ਰੇਲਵੇ ਟਰੈਕ ਨੇੜੇ ਲਗਾਏ ਗਏ ਸਨ ਸੀਸੀਟੀਵੀ ਕੈਮਰੇ
ਜਾਂਚ ਦੌਰਾਨ ਇੱਕ ਹੋਰ ਚਿੰਤਾਜਨਕ ਖੁਲਾਸਾ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਰੇਲਵੇ ਪਟੜੀਆਂ ਦੇ ਨੇੜੇ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ। ਇਨ੍ਹਾਂ ਕੈਮਰਿਆਂ ਰਾਹੀਂ ਰੇਲਵੇ ਲਾਈਨ ਅਤੇ ਆਸ-ਪਾਸ ਦੀਆਂ ਸੰਵੇਦਨਸ਼ੀਲ ਗਤੀਵਿਧੀਆਂ ਦੀ ਰਿਕਾਰਡਿੰਗ ਕੀਤੀ ਜਾਂਦੀ ਸੀ। ਮੁੱਢਲੀ ਜਾਂਚ ਅਨੁਸਾਰ ਇਹ ਫੁਟੇਜ ਵਿਦੇਸ਼ਾਂ ਵਿੱਚ ਬੈਠੇ ਆਈਐਸਆਈ ਹੈਂਡਲਰਾਂ ਨੂੰ ਭੇਜੀ ਜਾ ਰਹੀ ਸੀ, ਤਾਂ ਜੋ ਉਹ ਸੁਰੱਖਿਆ ਪ੍ਰਬੰਧਾਂ ਅਤੇ ਆਵਾਜਾਈ ‘ਤੇ ਨਜ਼ਰ ਰੱਖ ਸਕਣ।
ਇੱਕ ਮਹੀਨਾ ਪਹਿਲਾਂ ਮਿਲੇ ਸੀਸੀਟੀਵੀ ਨਾਲ ਜੁੜੇ ਤਾਰ
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲਗਭਗ ਇੱਕ ਮਹੀਨਾ ਪਹਿਲਾਂ ਅੰਮ੍ਰਿਤਸਰ-ਦਿੱਲੀ ਰੇਲਵੇ ਟਰੈਕ ‘ਤੇ ਇੱਕ ਓਵਰਹੈੱਡ ਇਲੈਕਟ੍ਰੀਫਿਕੇਸ਼ਨ (OHE) ਖੰਭੇ ‘ਤੇ ਸ਼ੱਕੀ ਸੀਸੀਟੀਵੀ ਕੈਮਰਾ ਲਗਾਇਆ ਗਿਆ ਸੀ। ਕੈਮਰੇ ਨੂੰ ਚਲਾਉਣ ਲਈ ਸੋਲਰ ਪੈਨਲ ਵੀ ਲਗਾਇਆ ਗਿਆ ਸੀ। ਜਦੋਂ ਪੁਲਿਸ ਨੇ ਕੈਮਰੇ ਦੀ ਜਾਂਚ ਕੀਤੀ ਤਾਂ ਉਸ ਵਿੱਚ ਲੱਗੇ ਸਿਮ ਕਾਰਡ ਦੀ ਜਾਣਕਾਰੀ ਤੋਂ ਪਤਾ ਲੱਗਾ ਕਿ ਉਹ ਗੁਰਦੇਵ ਨਾਮ ਦੇ ਵਿਅਕਤੀ ਦੇ ਨਾਮ ‘ਤੇ ਰਜਿਸਟਰਡ ਸੀ। ਇਸ ਸੁਰਾਗ ਦੇ ਆਧਾਰ ‘ਤੇ ਪੁਲਿਸ ਨੇ ਗੁਰਦੇਵ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ ਪੁੱਛਗਿੱਛ ਦੌਰਾਨ ਪੂਰੇ ਮਾਡਿਊਲ ਬਾਰੇ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ।
ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ
ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੇ ਮੋਹਕਮਪੁਰਾ, ਹਵਾਈ ਅੱਡਾ ਅਤੇ ਸੀ-ਡਿਵੀਜ਼ਨ ਪੁਲਿਸ ਥਾਣਿਆਂ ਵਿੱਚ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਜਾਂਚ ਏਜੰਸੀਆਂ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਮੁਲਜ਼ਮਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਕਿਵੇਂ ਪ੍ਰਾਪਤ ਹੋ ਰਹੀ ਸੀ, ਉਨ੍ਹਾਂ ਦੇ ਅੱਗੇ-ਪਿੱਛੇ ਦੇ ਸੰਪਰਕ ਕੌਣ ਹਨ ਅਤੇ ਇਸ ਮਾਡਿਊਲ ਦਾ ਜਾਲ ਕਿੰਨਾ ਵੱਡਾ ਹੈ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਗ੍ਰਿਫ਼ਤਾਰ ਮੁਲਜ਼ਮ ਪਹਿਲਾਂ ਕਿਸੇ ਹੋਰ ਅੱਤਵਾਦੀ ਸਾਜ਼ਿਸ਼ ਜਾਂ ਘਟਨਾ ਵਿੱਚ ਵੀ ਸ਼ਾਮਲ ਰਹੇ ਹਨ।
ਪੁਲਿਸ ਦਾ ਸਖ਼ਤ ਸੰਦੇਸ਼
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਿਹਾ ਹੈ ਕਿ ਰਾਜ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਤੱਤ ਨੂੰ ਬਖਸ਼ਿਆ ਨਹੀਂ ਜਾਵੇਗਾ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਾਂਚ ਤੇਜ਼ੀ ਨਾਲ ਜਾਰੀ ਹੈ ਅਤੇ ਜਲਦ ਹੀ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
