Saturday, May 23Punjabi People

10 ਲੱਖ ਰੁਪਏ ਤੱਕ ਮੁਫ਼ਤ ਕੈਸ਼ਲੈੱਸ ਇਲਾਜ ਦੀ ਸਹੂਲਤ: ਮੁੱਖ ਮੰਤਰੀ ਮਾਨ ਨੇ ਕਿਹਾ—ਇਸ ਯੋਜਨਾ ਦਾ ਲਾਭ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਵੀ ਮਿਲੇਗਾ

ਚੰਡੀਗੜ੍ਹ, 22 ਜਨਵਰੀ 2026:  ਪੰਜਾਬ ਸਰਕਾਰ ਨੇ ਅੱਜ ਸਿਹਤ ਖੇਤਰ ਵਿੱਚ ਇੱਕ ਅਹਿਮ ਅਤੇ ਇਤਿਹਾਸਕ ਕਦਮ ਚੁੱਕਦਿਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਰਸਮੀ ਸ਼ੁਰੂਆਤ ਕੀਤੀ। ਇਸ ਲੋਕ-ਹਿਤੈਸ਼ੀ ਯੋਜਨਾ ਦਾ ਉਦਘਾਟਨ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਸ੍ਰੀ ਅਰਵਿੰਦ ਕੇਜਰੀਵਾਲ ਵੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਹਾਜ਼ਰ ਰਹੇ।

ਇਸ ਯੋਜਨਾ ਤਹਿਤ ਸੂਬੇ ਦੇ ਲਗਭਗ 65 ਲੱਖ ਪਰਿਵਾਰਾਂ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਪੂਰੀ ਤਰ੍ਹਾਂ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਮਹਿੰਗੇ ਇਲਾਜ ਕਾਰਨ ਆਮ ਪਰਿਵਾਰਾਂ ’ਤੇ ਪੈਂਦਾ ਵਿੱਤੀ ਬੋਝ ਦੂਰ ਹੋਵੇਗਾ। ਸੂਬੇ ਭਰ ਵਿੱਚ 800 ਤੋਂ ਵੱਧ ਨਿੱਜੀ ਹਸਪਤਾਲਾਂ ਨੂੰ ਇਸ ਯੋਜਨਾ ਅਧੀਨ ਸੂਚੀਬੱਧ ਕੀਤਾ ਗਿਆ ਹੈ, ਜਦਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਰਹੇਗਾ।

ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕਿ ਯੋਜਨਾ ਦਾ ਲਾਭ ਹਰ ਨਾਗਰਿਕ ਤੱਕ ਪਹੁੰਚਾਉਣ ਲਈ ਯੂਥ ਕਲੱਬਾਂ ਦੇ ਵਲੰਟੀਅਰ ਘਰ-ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਟੋਕਨ ਵੀ ਵੰਡਣਗੇ। ਸਿਹਤ ਬੀਮਾ ਕਾਰਡ ਹਾਸਲ ਕਰਨ ਲਈ ਨਾਗਰਿਕਾਂ ਨੂੰ ਨਿਰਧਾਰਤ ਕੇਂਦਰਾਂ ’ਤੇ ਆਪਣਾ ਆਧਾਰ ਕਾਰਡ ਅਤੇ ਵੋਟਰ ਆਈਡੀ ਪੇਸ਼ ਕਰਨੀ ਲਾਜ਼ਮੀ ਹੋਵੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਗਈਆਂ ਕਈ ਯੋਜਨਾਵਾਂ ਆਮ ਲੋਕਾਂ ਦੀ ਬਜਾਏ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਜਟਿਲ ਸ਼ਰਤਾਂ ਨਾਲ ਭਰੀਆਂ ਹੋਈਆਂ ਸਨ। ਉਨ੍ਹਾਂ ਨੇ ਉਦਾਹਰਣ ਦੇ ਤੌਰ ’ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐਮਏਵਾਈ) ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦਾ ਇੱਕ ਵੀ ਘਰ ਅਜਿਹੀਆਂ ਸ਼ਰਤਾਂ ਕਾਰਨ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਰਤਾਂ ਅਨੁਸਾਰ ਘਰ ਇੱਟਾਂ ਦਾ ਨਹੀਂ ਹੋਣਾ, ਘਰ ਵਿੱਚ ਸਾਈਕਲ, ਪੱਖਾ ਜਾਂ ਗੈਸ ਚੁੱਲ੍ਹਾ ਨਹੀਂ ਹੋਣਾ ਵਰਗੀਆਂ ਅਜੀਬ ਪਾਬੰਦੀਆਂ ਸ਼ਾਮਲ ਸਨ।

ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਇਸ ਨਵੀਂ ਸਿਹਤ ਬੀਮਾ ਯੋਜਨਾ ਦੇ ਤਹਿਤ ਕੈਂਸਰ, ਗੁਰਦੇ, ਦਿਲ ਸਮੇਤ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਕਈ ਅਜਿਹੇ ਪਰਿਵਾਰ ਵੇਖੇ ਹਨ ਜੋ ਪੈਸਿਆਂ ਦੀ ਕਮੀ ਕਾਰਨ ਇਲਾਜ ਕਰਵਾਉਣ ਤੋਂ ਅਸਮਰੱਥ ਰਹਿੰਦੇ ਸਨ ਅਤੇ ਮਰੀਜ਼ ਮੌਤ ਦੀ ਉਡੀਕ ਕਰਦੇ ਰਹਿੰਦੇ ਸਨ। ਉਨ੍ਹਾਂ ਕਿਹਾ “ਪਰ ਹੁਣ ਉਹ ਦੌਰ ਖਤਮ ਹੋ ਗਿਆ ਹੈ, ਹੁਣ ਸਿਰਫ਼ ਇੱਕ ਵਾਰ ਹਸਪਤਾਲ ਪਹੁੰਚਣਾ ਹੈ ਅਤੇ ਮਰੀਜ਼ ਦਾ ਇਲਾਜ ਯਕੀਨੀ ਬਣਾਇਆ ਜਾਵੇਗਾ,”।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਯੋਜਨਾ ਵਿੱਚ ਗੁਰਦੇ, ਦਿਲ ਅਤੇ ਕੈਂਸਰ ਤੋਂ ਇਲਾਵਾ ਹੋਰ ਸਾਰੀਆਂ ਬਿਮਾਰੀਆਂ ਲਈ ਵੀ ਵੱਖ-ਵੱਖ ਪੈਕੇਜ ਸ਼ਾਮਲ ਹਨ। ਬਜ਼ੁਰਗ ਨਾਗਰਿਕਾਂ ਲਈ ਗੋਡਿਆਂ ਦੇ ਆਪ੍ਰੇਸ਼ਨ, ਮਹਿਲਾਵਾਂ ਲਈ ਮਾਂ-ਬੱਚੇ ਦੀ ਸੰਭਾਲ ਅਤੇ ਜਨਮ ਸੰਬੰਧੀ ਸੇਵਾਵਾਂ ਵੀ ਇਸ ਯੋਜਨਾ ਦਾ ਹਿੱਸਾ ਹਨ।

ਮੁੱਖ ਮੰਤਰੀ ਨੇ ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਯੋਜਨਾ ਸਿਰਫ਼ ਗਰੀਬਾਂ ਲਈ ਹੀ ਨਹੀਂ, ਸਗੋਂ 12 ਗੁਣਾ 5 ਆਮਦਨ ਸ਼੍ਰੇਣੀ ਤੱਕ ਦੇ ਲੋਕਾਂ ਲਈ ਵੀ ਦਵਾਈਆਂ ਅਤੇ ਇਲਾਜ ਨੂੰ ਕਵਰ ਕਰਦੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ, “ਅਸੀਂ ਪੰਜਾਬੀ ਹਾਂ ਜੋ ਸਾਰਿਆਂ ਦੀ ਭਲਾਈ ਵਿੱਚ ਵਿਸ਼ਵਾਸ ਰੱਖਦੇ ਹਾਂ। ਇਸ ਯੋਜਨਾ ਤਹਿਤ ਹਰ ਨਾਗਰਿਕ ਦਾ ਇਲਾਜ ਯਕੀਨੀ ਬਣਾਇਆ ਜਾਵੇਗਾ।”

Leave a Reply

Your email address will not be published. Required fields are marked *