Wednesday, July 29Punjabi People

ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਪੀ.ਆਈ.ਐਲ.ਬੀ.ਐਸ. ਮੋਹਾਲੀ ਵੱਲੋਂ ਵਿਸ਼ੇਸ਼ ਲਿਵਰ ਹੈਲਥ ਕੈਂਪ, ਮੁੱਖ ਜਾਂਚਾਂ ਸਿਰਫ਼ ₹1000 ਵਿੱਚ

ਚੰਡੀਗੜ੍ਹ/ਮੁਹਾਲੀ, 27 ਜੁਲਾਈ: ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ ‘ਤੇ ਪੰਜਾਬ ਦੀ ਪ੍ਰਮੁੱਖ ਸੁਪਰ-ਸਪੈਸ਼ਲਿਟੀ ਸਿਹਤ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.), ਮੋਹਾਲੀ ਵੱਲੋਂ ਲੋਕਾਂ ਨੂੰ ਲਿਵਰ ਸਬੰਧੀ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਅਤੇ ਸਮੇਂ ਸਿਰ ਜਾਂਚ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 28 ਜੁਲਾਈ 2026 (ਮੰਗਲਵਾਰ) ਨੂੰ ਇੱਕ ਵਿਸ਼ੇਸ਼ ਲਿਵਰ ਹੈਲਥ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9:00 ਵਜੇ ਤੋਂ ਸੰਸਥਾ ਦੇ ਓ.ਪੀ.ਡੀ. ਕੰਪਲੈਕਸ ਵਿੱਚ ਆਯੋਜਿਤ ਕੀਤਾ ਜਾਵੇਗਾ।

ਇਸ ਸਾਲ ਵਿਸ਼ਵ ਹੈਪੇਟਾਈਟਸ ਦਿਵਸ ਦੀ ਅੰਤਰਰਾਸ਼ਟਰੀ ਥੀਮ “Let’s Break It Down” ਨੂੰ ਧਿਆਨ ਵਿੱਚ ਰੱਖਦਿਆਂ, ਕੈਂਪ ਦਾ ਮੁੱਖ ਮਕਸਦ ਆਮ ਲੋਕਾਂ ਤੱਕ ਲਿਵਰ ਦੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਪਹੁੰਚਾਉਣਾ ਅਤੇ ਆਧੁਨਿਕ ਜਾਂਚ ਸਹੂਲਤਾਂ ਨੂੰ ਕਿਫ਼ਾਇਤੀ ਦਰਾਂ ‘ਤੇ ਉਪਲਬਧ ਕਰਵਾਉਣਾ ਹੈ।

ਮਾਹਿਰ ਡਾਕਟਰਾਂ ਦੀ ਸਲਾਹ ਨਾਲ ਹੋਣਗੀਆਂ ਅਹਿਮ ਜਾਂਚਾਂ

ਪੀ.ਆਈ.ਐਲ.ਬੀ.ਐਸ. ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਦੌਰਾਨ ਮਰੀਜ਼ਾਂ ਨੂੰ ਤਜਰਬੇਕਾਰ ਹੈਪੇਟੋਲੋਜਿਸਟਾਂ ਦੀ ਸਲਾਹ ਦੇ ਨਾਲ-ਨਾਲ ਲਿਵਰ ਨਾਲ ਸਬੰਧਤ ਸਾਰੀਆਂ ਮਹੱਤਵਪੂਰਨ ਜਾਂਚਾਂ ਸਿਰਫ਼ ₹1000 ਵਿੱਚ ਉਪਲਬਧ ਕਰਵਾਈਆਂ ਜਾਣਗੀਆਂ।

ਇਨ੍ਹਾਂ ਜਾਂਚਾਂ ਵਿੱਚ ਸ਼ਾਮਲ ਹਨ:

  • ਫਾਈਬਰੋਸਕੈਨ (FibroScan) ਰਾਹੀਂ ਲਿਵਰ ਦੀ ਸਖ਼ਤੀ ਅਤੇ ਫੈਟੀ ਲਿਵਰ ਦੀ ਜਾਂਚ
  • ਅਲਟਰਾਸਾਊਂਡ
  • ਲਿਵਰ ਫੰਕਸ਼ਨ ਟੈਸਟ (LFT)
  • ਰੀਨਲ ਫੰਕਸ਼ਨ ਟੈਸਟ (RFT)
  • ਯੂਰਿਨ ਰੂਟੀਨ ਅਤੇ ਮਾਈਕਰੋਸਕੋਪੀ
  • ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਸਕ੍ਰੀਨਿੰਗ

ਡਾ. ਵੀਰੇਂਦਰ ਸਿੰਘ ਨੇ ਕਿਹਾ ਕਿ ਆਮ ਤੌਰ ‘ਤੇ ਇਹ ਜਾਂਚਾਂ ਵੱਖ-ਵੱਖ ਕਰਵਾਉਣ ‘ਤੇ ਕਾਫ਼ੀ ਮਹਿੰਗੀਆਂ ਪੈਂਦੀਆਂ ਹਨ, ਪਰ ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ ‘ਤੇ ਲੋਕਾਂ ਦੀ ਸਹੂਲਤ ਲਈ ਇਨ੍ਹਾਂ ਨੂੰ ਇੱਕ ਵਿਸ਼ੇਸ਼ ਪੈਕੇਜ ਦੇ ਰੂਪ ਵਿੱਚ ਬਹੁਤ ਹੀ ਕਿਫ਼ਾਇਤੀ ਦਰ ‘ਤੇ ਉਪਲਬਧ ਕਰਵਾਇਆ ਜਾ ਰਿਹਾ ਹੈ।

ਸਿਰਫ਼ ਮਰੀਜ਼ਾਂ ਲਈ ਨਹੀਂ, ਹਰ ਵਿਅਕਤੀ ਲਈ ਲਾਭਕਾਰੀ

ਡਾਇਰੈਕਟਰ ਨੇ ਕਿਹਾ ਕਿ ਇਹ ਕੈਂਪ ਸਿਰਫ਼ ਲਿਵਰ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਲਈ ਹੀ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਲਾਭਦਾਇਕ ਹੈ ਜੋ ਆਪਣੀ ਲਿਵਰ ਸਿਹਤ ਬਾਰੇ ਜਾਣਨਾ ਜਾਂ ਸਮੇਂ ਸਿਰ ਜਾਂਚ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲਿਵਰ ਨਾਲ ਸਬੰਧਤ ਗੰਭੀਰ ਬਿਮਾਰੀਆਂ ਲੰਬੇ ਸਮੇਂ ਤੱਕ ਬਿਨਾਂ ਕਿਸੇ ਲੱਛਣ ਦੇ ਵਿਕਸਿਤ ਹੁੰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਸਮੇਂ ਸਿਰ ਜਾਂਚ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ, ਫੈਟੀ ਲਿਵਰ ਅਤੇ ਲਿਵਰ ਸਿਰੋਸਿਸ ਵਰਗੀਆਂ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਨਾਲ ਇਲਾਜ ਦੇ ਨਤੀਜੇ ਕਾਫ਼ੀ ਬਿਹਤਰ ਹੋ ਸਕਦੇ ਹਨ ਅਤੇ ਗੰਭੀਰ ਜਟਿਲਤਾਵਾਂ ਤੋਂ ਬਚਿਆ ਜਾ ਸਕਦਾ ਹੈ।

ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ

ਡਾ. ਵੀਰੇਂਦਰ ਸਿੰਘ ਨੇ ਪੰਜਾਬ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇਸ਼ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਕੈਂਪ ਵਿੱਚ ਪਹੁੰਚ ਕੇ ਲਿਵਰ ਦੀ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਸਿਹਤਮੰਦ ਲਿਵਰ, ਸਿਹਤਮੰਦ ਜੀਵਨ ਦੀ ਬੁਨਿਆਦ ਹੈ ਅਤੇ ਨਿਯਮਤ ਜਾਂਚ ਰਾਹੀਂ ਕਈ ਗੰਭੀਰ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ‘ਤੇ ਹੀ ਰੋਕਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੀ.ਆਈ.ਐਲ.ਬੀ.ਐਸ. ਦਾ ਇਹ ਉਪਰਾਲਾ ਲੋਕਾਂ ਵਿੱਚ ਲਿਵਰ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ, ਸਮੇਂ ਸਿਰ ਜਾਂਚ ਨੂੰ ਉਤਸ਼ਾਹਿਤ ਕਰਨ ਅਤੇ ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।

Leave a Reply

Your email address will not be published. Required fields are marked *