
ਚੰਡੀਗੜ੍ਹ/ਹੁਸ਼ਿਆਰਪੁਰ, 27 ਜੁਲਾਈ 2026: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਲੋਕਾਂ ਤੱਕ ਆਸਾਨੀ ਨਾਲ ਪਹੁੰਚਯੋਗ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ। ਪੰਜਾਬ ਦੇ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਇੱਕ ਬੰਦੀ ਤੋਂ ਇਸ ਕਲੀਨਿਕ ਦਾ ਉਦਘਾਟਨ ਕਰਵਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਹਰ ਵਰਗ ਤੱਕ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੇ ਸੂਬੇ ਦੀ ਪ੍ਰਾਇਮਰੀ ਸਿਹਤ ਸੰਭਾਲ ਪ੍ਰਣਾਲੀ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਮੁਫ਼ਤ ਡਾਕਟਰੀ ਸਲਾਹ, ਜਾਂਚਾਂ ਅਤੇ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਹੁਣ ਇਸ ਪਹਿਲ ਦਾ ਲਾਭ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਵੀ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਇਲਾਜ ਲਈ ਵਾਰ-ਵਾਰ ਬਾਹਰ ਲਿਜਾਣ ਦੀ ਲੋੜ ਘੱਟ ਹੋਵੇਗੀ।
ਸੂਬੇ ਵਿੱਚ 1090 ਆਮ ਆਦਮੀ ਕਲੀਨਿਕ, ਹੁਸ਼ਿਆਰਪੁਰ ਵਿੱਚ ਗਿਣਤੀ ਹੋਈ 77
ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 1090 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿੱਥੇ ਮਾਹਿਰ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਟੀਮ ਵੱਲੋਂ ਮੁਫ਼ਤ ਸਿਹਤ ਸੇਵਾਵਾਂ, ਲੈਬ ਟੈਸਟ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਇਸ ਨਵੇਂ ਕਲੀਨਿਕ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 77 ਹੋ ਗਈ ਹੈ। ਹੁਣ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ 45 ਤਰ੍ਹਾਂ ਦੇ ਮੁੱਢਲੇ ਮੈਡੀਕਲ ਟੈਸਟ ਜੇਲ੍ਹ ਅੰਦਰ ਹੀ ਉਪਲਬਧ ਹੋਣਗੇ, ਜਦਕਿ 100 ਤੋਂ ਵੱਧ ਕਿਸਮਾਂ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
ਸੂਬੇ ਦੀਆਂ 8 ਜੇਲ੍ਹਾਂ ਵਿੱਚ ਖੁੱਲ੍ਹੇ ਆਮ ਆਦਮੀ ਕਲੀਨਿਕ
ਜੇਲ੍ਹ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸੂਬੇ ਦੀਆਂ ਅੱਠ ਜੇਲ੍ਹਾਂ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨਿਕ ਅਸਿਸਟੈਂਟ ਅਤੇ ਹੈਲਪਰ ਤਾਇਨਾਤ ਕੀਤੇ ਗਏ ਹਨ, ਤਾਂ ਜੋ ਕੈਦੀਆਂ ਨੂੰ ਸਮੇਂ ਸਿਰ ਅਤੇ ਮਿਆਰੀ ਸਿਹਤ ਸੇਵਾਵਾਂ ਮਿਲ ਸਕਣ।
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਵਿੱਚ 1,400 ਤੋਂ ਵੱਧ ਬੰਦੀਆਂ ਨੂੰ ਹੁਣ ਮੁੱਢਲੇ ਟੈਸਟ ਅਤੇ ਲੋੜੀਂਦੀਆਂ ਦਵਾਈਆਂ ਜੇਲ੍ਹ ਅੰਦਰ ਹੀ ਉਪਲਬਧ ਹੋਣਗੀਆਂ, ਜਿਸ ਨਾਲ ਸਿਹਤ ਸੇਵਾਵਾਂ ਹੋਰ ਪ੍ਰਭਾਵਸ਼ਾਲੀ ਅਤੇ ਸੁਚਾਰੂ ਬਣਨਗੀਆਂ।
5.90 ਕਰੋੜ ਤੋਂ ਵੱਧ ਲੋਕ ਲੈ ਚੁੱਕੇ ਹਨ ਆਮ ਆਦਮੀ ਕਲੀਨਿਕਾਂ ਦਾ ਲਾਭ
ਡਾ. ਰਵਜੋਤ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 5.90 ਕਰੋੜ ਤੋਂ ਵੱਧ ਮਰੀਜ਼ ਇਨ੍ਹਾਂ ਕਲੀਨਿਕਾਂ ਵਿੱਚ ਆਪਣਾ ਇਲਾਜ ਅਤੇ ਚੈੱਕਅਪ ਕਰਵਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਚੱਲ ਰਹੇ 990 ਕਲੀਨਿਕਾਂ ਵਿੱਚ ਰੋਜ਼ਾਨਾ ਕਰੀਬ 83 ਹਜ਼ਾਰ ਲੋਕ ਸਿਹਤ ਸੇਵਾਵਾਂ ਲੈ ਰਹੇ ਸਨ। ਹੁਣ ਕਲੀਨਿਕਾਂ ਦੀ ਗਿਣਤੀ 1090 ਹੋ ਜਾਣ ਨਾਲ ਹੋਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ, ਹੁਣ ਤੱਕ ਇਨ੍ਹਾਂ ਕਲੀਨਿਕਾਂ ਵਿੱਚ ਸਾਢੇ ਤਿੰਨ ਕਰੋੜ ਦੇ ਕਰੀਬ ਲੈਬ ਟੈਸਟ ਵੀ ਕੀਤੇ ਜਾ ਚੁੱਕੇ ਹਨ।
ਗਰਭਵਤੀ ਮਹਿਲਾਵਾਂ ਲਈ ਵੀ ਵਿਸ਼ੇਸ਼ ਸੇਵਾਵਾਂ
ਕੈਬਨਿਟ ਮੰਤਰੀ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਹੁਣ ਗਰਭਵਤੀ ਮਹਿਲਾਵਾਂ ਦੀ ਜਾਂਚ, ਨਿਯਮਤ ਸਕਰੀਨਿੰਗ, ਪੋਸ਼ਣ ਸਬੰਧੀ ਸਲਾਹ ਅਤੇ ਖੁਰਾਕ ਪ੍ਰਬੰਧਨ ਵਰਗੀਆਂ ਵਿਸ਼ੇਸ਼ ਸਿਹਤ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
300 ਹੋਰ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਯੋਜਨਾ
ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ 300 ਹੋਰ ਆਮ ਆਦਮੀ ਕਲੀਨਿਕ ਸਥਾਪਿਤ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਇਸ ਨਾਲ ਸੂਬੇ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਮੁੱਢਲੀਆਂ ਅਤੇ ਮਿਆਰੀ ਸਿਹਤ ਸੇਵਾਵਾਂ ਮੁਫ਼ਤ ਉਪਲਬਧ ਹੋਣਗੀਆਂ।
ਇਸ ਮੌਕੇ ਜੇਲ੍ਹ ਸੁਪਰਡੈਂਟ ਹਰਚਰਨ ਸਿੰਘ ਗਿੱਲ, ਸਿਵਲ ਸਰਜਨ ਡਾ. ਮਨਦੀਪ ਕਮਲ, ਵਧੀਕ ਸੁਪਰਡੈਂਟ ਹਰਬੰਸ ਸਿੰਘ, ਡਿਪਟੀ ਸੁਪਰਡੈਂਟ ਆਸ਼ਾ ਰਾਣੀ, ਸ਼ਹਿਰੀ ਨੋਡਲ ਅਧਿਕਾਰੀ ਡਾ. ਰੋਹਿਤ ਬਬੂਤਾ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ (ਐਨਐਚਐਮ) ਮੁਹੰਮਦ ਆਸਿਫ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਰਹੇ। ਅਧਿਕਾਰੀਆਂ ਨੇ ਕਲੀਨਿਕ ਵਿੱਚ ਉਪਲਬਧ ਸਹੂਲਤਾਂ, ਸਟਾਫ਼ ਅਤੇ ਸਿਹਤ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
